ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਰਾਮ ਰਹੀਮ ਆ ਰਿਹੈ ਬਾਹਰ? ਪੰਜਾਬ ਪੁਲਿਸ ਨੂੰ ਪਈਆਂ ਭਾਜੜਾਂ, ਚੱਪੇ-ਚੱਪੇ ‘ਤੇ ਪੁਲਿਸ ਤਾਇਨਾਤ, ਦੇਖੋ ਵੀਡੀਓ

TeamGlobalPunjab
5 Min Read

ਰੋਹਤਕ : ਸਾਧਵੀਆਂ ਨਾਲ ਬਲਾਤਕਾਰ ਅਤੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਕਤਲ ਕਾਂਡ ਦੇ ਦੋਸ਼ੀ ਰਾਮ ਰਹੀਮ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆ ਸਕਦੇ ਹਨ। 25 ਅਗਸਤ 2017 ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਹੋਏ ਰਾਮ ਰਹੀਮ ਨੇ ਆਪਣੀ ਸਜ਼ਾ ਦੇ ਇੱਕ ਸਾਲ 10 ਮਹੀਨੇ ਪੂਰੇ ਕਰ ਲਏ ਹਨ ਤੇ ਕਨੂੰਨ ਅਨੁਸਾਰ ਰਾਮ ਰਹੀਮ ਨੇ ਸਜ਼ਾ ਦੇ ਇੱਕ ਸਾਲ ਪੂਰਾ ਹੋਣ ਤੋਂ ਬਾਅਦ ਜੇਲ੍ਹ ‘ਚੋਂ ਚੰਗੇ ਕਿਰਦਾਰ ਦਾ ਹਵਾਲਾ ਦੇ ਕੇ ਪੈਰੋਲ ‘ਤੇ ਰਿਹਾਅ ਕੀਤੇ ਜਾਣ ਦੀ ਸ਼ਰਤ ਪੂਰੀ ਕਰ ਲਈ ਹੈ। ਇਹੋ ਕਾਰਨ ਹੈ ਕਿ ਡੇਰਾ ਮੁਖੀ ਨੇ ਹੁਣ ਸਿਰਸਾ ਸਥਿਤ ਆਪਣੇ ਖੇਤਾਂ ਵਿੱਚ ਖੇਤੀ ਕਰਨ ਦਾ ਹਵਾਲਾ ਦੇ ਕੇ ਰੋਹਤਕ ਦੀ ਸੁਨਾਰੀਆ ਜੇਲ੍ਹ ਪ੍ਰਸ਼ਾਸਨ ਕੋਲ ਅਰਜੀ ਪਾ ਕੇ 42 ਦਿਨਾਂ ਲਈ ਪੈਰੋਲ ਦੀ ਮੰਗ ਕੀਤੀ ਹੈ। ਜਿਸ ‘ਤੇ ਜੇਲ੍ਹ ਸੁਪਰਡੈਂਟ ਨੇ ਸਿਰਸਾ ਜਿਲ੍ਹੇ ਦੇ ਅਧਿਕਾਰੀਆਂ ਤੋਂ ਇਸ ਸਬੰਧੀ ਰਿਪੋਰਟ ਵੀ ਮੰਗ ਲਈ ਹੈ ਤੇ ਜੇ ਸਭ ਕੁਝ ਠੀਕ ਠਾਕ ਰਿਹਾ ਅਤੇ ਸਿਰਸਾ ਦੇ ਐਸਪੀ ਅਤੇ ਡੀਸੀ ਨੇ ਰਾਮ ਰਹੀਮ ਨੂੰ ਪੈਰੋਲ ‘ਤੇ ਰਿਹਾਅ ਕੀਤੇ ਜਾਣ ਬਾਰੇ ਕੋਈ ਇਤਰਾਜ਼ ਨਾ ਕੀਤਾ ਤਾਂ ਡੇਰਾ ਮੁਖੀ ਨੂੰ ਪੈਰੋਲ ਦਿੱਤੇ ਜਾਣ ਸਬੰਧੀ ਰਿਪੋਰਟ ਅੱਜ ਜੇਲ੍ਹ ਪਹੁੰਚ ਜਾਵੇਗੀ ਜਿਸ ਤੋਂ ਬਾਅਦ ਰਾਮ ਰਹੀਮ ਨੂੰ ਕਿਸੇ ਵੇਲੇ ਵੀ ਰਿਹਾਅ ਕੀਤਾ ਜਾ ਸਕਦਾ ਹੈ। ਮਹਿੰਦਰਪਾਲ ਬਿੱਟੂ ਦੇ ਕਤਲ ਤੋਂ ਬਾਅਦ ਪਹਿਲਾਂ ਹੀ ਤਣਾਅ ‘ਚ ਬੈਠੀ ਪੰਜਾਬ ਪੁਲਿਸ ਅਤੇ ਸੂਬਾ ਸਰਕਾਰ ਲਈ ਰਾਮ ਰਹੀਮ ਦੇ ਜੇਲ੍ਹ ‘ਚੋਂ ਬਾਹਰ ਆਉਣ ਵਾਲੀ ਇਹ ਖ਼ਬਰ ਹੱਦੋਂ ਵੱਧ ਪ੍ਰੇਸ਼ਾਨ ਕਰ ਦੇਣ ਵਾਲੀ ਹੈ। ਲਿਹਾਜਾ ਕਿਸੇ ਵੀ ਸਥਿਤੀ  ਨਾਲ ਨਿੱਬੜਣ ਲਈ ਸੁਰੱਖਿਆ ਦਸਤਿਆਂ ਨੂੰ ਹਾਈ ਅਲਰਟ ‘ਤੇ ਕਰ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਗੁਰਮੀਤ ਰਾਮ ਰਹੀਮ ਨੇ ਖੇਤੀਬਾੜੀ ਦਾ ਹਵਾਲਾ ਦੇ ਕੇ ਪੈਰੋਲ ਮੰਗੀ ਸੀ, ਜਿਸ ਤੇ ਜੇਲ੍ਹ ਸੁਪਰਡੈਂਟ ਨੇ ਜਿਲ੍ਹਾ ਪ੍ਰਸ਼ਾਸਨ ਅਤੇ ਹਰਿਆਣਾ ਸਰਕਾਰ ਨੂੰ ਆਪਣਾ ਪੱਖ ਰੱਖਣ ਲਈ ਚਿੱਠੀ ਲਿਖਣ ਨੂੰ ਕਿਹਾ ਸੀ। ਇਸ ਸਬੰਧ ਵਿੱਚ ਜਦੋਂ ਸਾਡੇ ਐਸੋਸੀਏਟ ਐਡੀਟਰ ਕੁਲਵੰਤ ਸਿੰਘ ਨੇ ਸਾਬਕਾ ਜੇਲ੍ਹ ਸੁਪਰਡੈਂਟ ਐੱਸ.ਪੀ. ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ ਕਿ ਜੇਲ੍ਹ ਮੈਨੂਅਲ ਅਨੁਸਾਰ ਕਿਸ ਸਥਿਤੀ ਚ ਡੇਰਾ ਮੁਖੀ ਨੂੰ ਪੈਰੋਲ ਦਿੱਤੀ ਜਾਂ ਰੋਕੀ ਸਕਦੀ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਪੈਰੋਲ ਕੈਦੀ ਨੂੰ ਸਾਲ ਵਿੱਚ 2 ਵਾਰੀ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਪਣੀ ਖੇਤੀ ਦੀ ਬਿਜਾਈ ਕਟਾਈ ਕਰ ਸਕੇ। ਅਜਿਹੀ ਪੈਰੋਲ ਲੈਣ ਵਾਸਤੇ ਉਹ ਆਪਣਾ ਸਰਟੀਫਿਕੇਟ ਵੀ ਦਿਖਾਉਂਦਾ ਹੈ ਕਿ ਹਾਂ ਉਸ ਕੋਲ ਜ਼ਮੀਨ ਹੈ। ਉਨ੍ਹਾਂ ਰਾਮ ਰਹੀਮ ਦੇ ਕੇਸ ‘ਚ ਕਿਹਾ ਕਿ ਇਹ ਬਿਲਕੁਲ ਹੀ ਧੋਖਾ ਯਾਨੀ ਗਲਤ ਹੈ ਕਿਉਂਕਿ ਡੇਰਾ ਮੁਖੀ ਖੇਤੀਬਾੜੀ ਦਾ ਕਿੱਤਾ ਨਹੀਂ ਕਰਦਾ ਸੀ। ਉਨ੍ਹਾਂ ਕਿਹਾ ਕਿ ਇਹ ਹੋ ਸਕਦਾ ਹੈ ਕਿ ਇਸ ਕੋਲ ਜ਼ਮੀਨ ਹੋ ਸਕਦੀ ਹੈ ਪਰ ਇਹ ਨਹੀਂ ਹੈ ਕਿ ਇਸ ਦੀ ਗੈਰ ਮੌਜੂਦਗੀ ‘ਚ ਖੇਤੀ ਨਹੀਂ ਹੋ ਰਹੀ।

ਉਨ੍ਹਾਂ ਮਹਿੰਦਰਪਾਲ ਬਿੱਟੂ ਦੇ ਕੇਸ ਨੂੰ ਧਿਆਨ ‘ਚ ਰੱਖਦਿਆਂ ਕਿਹਾ ਕਿ ਜਦੋਂ ਕਿਸੇ ਕੈਦੀ ਨੂੰ ਪੈਰੋਲ ਦਿੱਤੀ ਜਾਂਦੀ ਹੈ ਤਾਂ ਜਿੱਥੇ ਉਸ ਕੈਦੀ ਨੇ ਪੈਰੋਲ ਕੱਟਣੀ ਹੁੰਦੀ ਹੈ ਉੱਥੋਂ ਦਾ ਪੁਲਿਸ ਮੁਖੀ ਇਹ ਲਿਖ ਕੇ ਦਿੰਦਾ ਹੈ ਕਿ ਇਸ ਦੇ ਪੈਰੋਲ ਕੱਟਣ ਸਮੇਂ ਅਮਨ ਅਮਾਨ ਨੂੰ ਕੋਈ ਖਤਰਾ ਨਹੀਂ। ਉਨ੍ਹਾਂ ਸ਼ੱਕ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਰਾਮ ਰਹੀਮ ਬਾਹਰ ਆਉਂਦਾ ਹੈ ਤਾਂ ਇਹ ਬਾਹਰ ਆ ਕੇ ਆਪਣੇ ਸਮਰਥਕਾਂ ਨੂੰ ਭੜਕਾਅ ਸਕਦਾ ਹੈ ਤੇ ਜਿਸ ਨਾਲ ਦੰਗੇ ਫਸਾਦ ਹੋਣ ਦਾ ਡਰ ਵਧ ਜਾਵੇਗਾ।

ਦੂਜੇ ਪਾਸੇ ਸੁਨਾਰੀਆਂ ਜੇਲ੍ਹ ਚ ਡੇਰਾ ਮੁਖੀ ਦੇ ਚੰਗੇ ਵਿਵਹਾਰ ਦਾ ਹਵਾਲਾ ਵੀ ਸੁਪਰਡੈਂਟ ਵੱਲੋਂ ਦਿੱਤਾ ਗਿਆ ਹੈ, ਜਿਸ ਬਾਰੇ ਸਬੰਧਤ ਥਾਣੇ ਤੋਂ ਰਿਪੋਰਟ ਮੰਗਵਾ ਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਪੈਰੋਲ ਨੂੰ ਮਨਜ਼ੂਰੀ ਦੇਣੀ ਹੁੰਦੀ ਹੈਫਿਰ ਜੇਲ੍ਹ ਵਿਭਾਗ ਦਾ ਡੀਜੀਪੀ ਪੈਰੋਲ ਦੀ ਮਨਜ਼ੂਰੀ ਦਿੰਦਾ ਹੈ ਅਤੇ ਇਹ ਦੇਖਿਆ ਜਾਂਦਾ ਹੈ ਕਿ ਕੋਈ ਕੈਦੀ ਖੇਤੀਬਾੜੀ ਦੀ ਬਿਜਾਈ ਕਟਾਈ ਲਈ ਕਿੰਨੇ ਦਿਨ ਵਾਸਤੇ ਬਾਹਰ ਰਹਿ ਸਕਦਾ ਹੈ। ਹੁਣ ਜੇਕਰ ਗੱਲ ਕਰੀਏ ਡੇਰਾ ਮੁਖੀ ਰਾਮ ਰਹੀਮ ਦੀ ਤਾਂ ਇਹ ਇੱਕ ਹਾਈ ਪ੍ਰੋਫਾਈਲ ਕੇਸ ਹੈ ਅਜਿਹੇ ਕੇਸਾਂ ਵਿੱਚ ਕੈਦੀ ਨੂੰ ਰੋਜ਼ਾਨਾ ਸਬੰਧਿਤ ਥਾਣੇ ਵਿੱਚ ਹਾਜ਼ਰੀ ਵੀ ਦੇਣੀ ਹੁੰਦੀ ਹੈ ਤੇ ਉਨ੍ਹਾਂ ‘ਤੇ ਇਹ ਰੋਕ ਵੀ ਹੁੰਦੀ ਹੈ ਕਿ ਉਹ ਸਬੰਧਤ ਥਾਣੇ ਤੋਂ ਬਾਹਰ ਦੇ ਇਲਾਕੇ ਵਿੱਚ ਨਹੀਂ ਜਾ ਸਕਦਾ

- Advertisement -

ਡੇਰਾ ਮੁਖੀ ਦੇ ਪੈਰੋਲ ਮਨਜੂਰ ਹੋਣ ਤੇ ਭਾਵੇ ਹਰਿਆਣਾ ਚ ਫਰਕ ਪਏ ਜਾਂ ਨਾਂ ਪਏ, ਪਰ ਪੰਜਾਬ ਚ ਸਥਿਤੀ ਪਹਿਲਾਂ ਹੀ ਨਾਜ਼ੁਕ ਬਣੀ ਹੋਈ ਹੈ, ਤੇ ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਗੁਰਮੀਤ ਰਾਮ ਰਹੀਮ ਦੇ ਬਾਹਰ ਆਉਣ ਨਾਲ ਹਲਾਤ ਪੰਚਕੁਲਾ ਵਰਗੇ ਬਣ ਸਕਦੇ ਹਨ।

ਇਸ ਮਾਮਲੇ ‘ਚ ਹੋਰ ਕੀ ਕੀ ਖੁਲਾਸੇ ਹੋਏ ਹਨ ਆਓ ਇਹ ਦਸਦੇ ਹਾਂ ਤੁਹਾਨੂੰ ਹੇਠ ਦਿੱਤੇ ਵੀਡੀਓ ਲਿੰਕ ਜ਼ਰੀਏ।

https://youtu.be/kHVr-g8oqSQ

Share this Article
Leave a comment