• 4:12 pm
Go Back

ਲੁਧਿਆਣਾ- ਕੁਲ ਹਿੰਦ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਵੱਡੇ ਫਰਕ ਨਾਲ ਜਿਤਾਉਣ, ਜਿਸ ਤੋਂ ਬਾਅਦ ਯੂਪੀਏ ਦੀ ਬਣਨ ਵਾਲੀ ਸਰਕਾਰ ‘ਚ ਬਿੱਟੂ ਨੂੰ ਯੋਗ ਜ਼ਿੰਮੇਵਾਰੀ ਦਿੱਤੀ ਜਾਏਗੀ। ਭਾਂਵੇਕਿ ਰਾਹੁਲ ਗਾਂਧੀ ਨੇ ਇੱਥੇ ਬਿੱਟੂ ਨੂੰ ਭਵਿੱਖ ‘ਚ ਦਿੱਤੇ ਜਾਣ ਵਾਲੀ ਜ਼ਿੰਮੇਵਾਰੀ ਸਪੱਸ਼ਟ ਨਹੀਂ ਕੀਤੀ ਹੈ, ਪਰ ਇਸ ਦੇ ਬਾਵਜੂਦ ਸਿਆਸੀ ਮਾਹਿਰਾਂ ਮੁਤਾਬਿਕ ਕਾਂਗਰਸ ਪ੍ਰਧਾਨ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਰਵਨੀਤ ਬਿੱਟੂ ਨੂੰ ਅਗਲੀ ਕੇਂਦਰੀ ਸਰਕਾਰ ਵਿੱਚ ਮੰਤਰੀ ਬਣਾਉਣ ਦਾ ਐਲਾਨ ਕਰ ਗਏ ਹਨ। ਇਸ ਐਲਾਨ ਤੋਂ ਬਾਅਦ ਪੰਜਾਬ ‘ਚ ਇਸ ਗੱਲ ਦੀ ਚਰਚਾ ਛਿੜ ਗਈ ਹੈ ਕਿ ਹੁਣ ਤੱਕ ਯੂਪੀਏ ਦੀ ਬਣਨ ਵਾਲੀ ਸਰਕਾਰ ਵਿੱਚ ਤਿੰਨ ਉਮੀਦਵਾਰਾਂ ਨੂੰ ਹੀ ਮੰਤਰੀ ਬਣਨ ਦੀ ਦੌੜ ‘ਚ ਸ਼ਾਮਿਲ ਮੰਨਿਆ ਜਾ ਰਿਹਾ ਸੀ। ਪਰ ਇੰਝ  ਜਾਪਦਾ ਹੈ ਜਿਵੇਂ ਬਿੱਟੂ ਦੀ ਮੁਰਾਦ ਬਿਨ ਮੰਗਿਆ ਹੀ ਪੂਰੀ ਹੋ ਗਈ।

ਦੱਸ ਦਈਏ ਕੀ ਪਿਛਲੀ ਯੂਪੀਏ ਸਰਕਾਰ ਦੌਰਾਨ ਪੰਜਾਬ ਵਿੱਚੋਂ ਸਿਰਫ ਪਟਿਆਲਾ ਲੋਕ ਸਭਾ ਹਲਕੇ ਤੋਂ ਜੇਤੂ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੂੰ ਹੀ ਕੇਂਦਰੀ ਵਜ਼ਾਰਤ ਥਾਂ ਮਿਲੀ ਸੀ। ਪਰ ਹੁਣ ਅਗਲੀ ਬਣਨ ਵਾਲੀ ਯੂਪੀਏ ਸਰਕਾਰ ਵਿੱਚ ਸੂਬੇ ਅੰਦਰੋਂ ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੇ ਨਾਲ ਨਾਲ ਰਾਜਾ ਵੜਿੰਗ ਵੀ ਮੰਤਰੀ ਬਣਨ ਦੀ ਦੌੜ ਵਿੱਚ ਸ਼ਾਮਲ ਹੋ ਕੇ ਵੱਡੇ ਵਿਭਾਗਾਂ ਉੱਤੇ ਆਪਣੀ ਅੱਖ ਟਿਕਾਈ ਬੈਠੇ ਹਨ। ਅਜਿਹੇ ਵਿੱਚ ਰਾਹੁਲ ਗਾਂਧੀ ਵੱਲੋਂ ਰਵਨੀਤ ਬਿੱਟੂ ਨੂੰ ਪਹਿਲਾਂ ਹੀ ਭਵਿੱਖ ਦਾ ਮੰਤਰੀ ਐਲਾਨੇ ਜਾਣ ਨਾਲ ਜਿੱਥੇ ਬਿੱਟੂ ਸਮਰੱਥਕ ਪੂਰੇ ਜ਼ੋਰਾਂ-ਸ਼ੋਰਾਂ ਨਾਲ ਆਪਣੇ ਆਗੂ ਨੂੰ ਜਿਤਾਉਣ ਲਈ ਚੋਣ ਪ੍ਰਚਾਰ ਵਿੱਚ ਜੁਟ ਗਏ ਹਨ, ਉੱਥੇ ਇਹ ਮੌਕਾ ਸਿਆਸੀ ਲੱਤ ਖਿਚੂਆਂ ਲਈ ਪ੍ਰੀਖਿਆ ਦੀ ਸੁਨਹਿਰੀ ਘੜੀ ਮੰਨਿਆ ਜਾ ਰਿਹਾ ਹੈ।

ਹੁਣ ਦੇਖਣਾ ਇਹ ਹੋਏਗਾ ਕਿ ਜਿੱਤ ਲੱਤ ਖਿੱਚੂਆਂ ਦੀ ਹੁੰਦੀ ਹੈ ਜਾਂ ਮੰਤਰੀ ਬਣਾਉਣ ਵਾਲਿਆਂ ਦੀ, ਕਿਉਂਕਿ ਜੋੜ ਤੋੜ ਦੀ ਸਿਆਸਤ ਦਾ ਹਿਸਾਬ ਰੱਖਣ ਵਾਲੇ ਲੋਕਾਂ ਨੂੰ ਇਹ ਡਰ ਹੈ ਕਿ ਸਿਆਸੀ ਕੱਲਯੁਗ ਦੇ ਇਸ ਮਾਹੌਲ ਵਿੱਚ ਕਿਤੇ ਸਭ ਕੁਝ ਉਲਟਾ ਪੁਲਟਾ ਨਾ ਹੋ ਜਾਵੇ, ਕਿਉਂਕਿ ਈ-ਮੇਲ ਦੇ ਇਸ ਜ਼ਮਾਨੇ ‘ਚ ਲੈਟਰ ਬਾਕਸ ਭਾਵੇਂ ਹੀ ਅਲੋਪ ਹੋ ਗਏ ਹੋਣ, ਪਰ ਲੁਧਿਆਣਾ ਦੇ ਚੋਣ ਮੈਦਾਨ ਵਿੱਚ ਇੱਕ ਲੈਟਰ ਬਾਕਸ ( ਬੈਂਸ ਦਾ ਚੋਣ ਨਿਸ਼ਾਨ) ਅਜੇ ਵੀ ਖੜ੍ਹਾ ਹੈ, ਤੇ ਜੇਕਰ ਹਲਕੇ ਦੇ ਲੋਕਾਂ ਨੇ ਆਪਣੀ ਉਂਗਲੀ ਉਸ ਲੈਟਰ ਬਾਕਸ ‘ਤੇ ਰੱਖ ਦਿੱਤੀ ਤਾਂ ਫਿਰ ਉਹ ਜਾਵੇਗਾ, ਜਿਸ ਵਿੱਚ ਲੋਕ ਕਹਿੰਦੇ ਹਨ ਕਿ ਨਾ ਰਹੇਗਾ ਬਾਂਸ ਨਾ ਬਜੇਗੀ ਬਾਂਸੁਰੀ।

Facebook Comments
Facebook Comment