• 5:17 pm
Go Back

ਨਵੀਂ ਦਿੱਲੀ : ਨਵੰਬਰ 1984 ਸਿੱਖ ਨਸਲਕੁਸ਼ੀ ਦੇ ਇੱਕ ਮਾਮਲੇ ਦੇ ਗਵਾਹ ਹਰਵਿੰਦਰ ਸਿੰਘ ਕੋਹਲੀ ਨੇ ਇਹ ਕਹਿ ਕੇ ਧਮਾਕਾ ਕਰ ਦਿੱਤਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਉਸਨੂੰ ਸੱਜਣ ਕੁਮਾਰ ਖਿਲਾਫ਼ ਚੱਲ ਰਹੇ ਇੱਕ ਅਦਾਲਤੀ ਕੇਸ ਵਿੱਚ ਗਵਾਹੀ ਦੇਣ ਤੋਂ ਰੋਕਣ ਲਈ ਧਮਕੀਆਂ ਦੇ ਰਹੇ ਹਨ। ਕੋਹਲੀ ਅਨੁਸਾਰ ਹੁਣ ਹਾਲਾਤ ਇਹ ਹਨ ਕਿ ਸਰਨਾ ਉਸਨੂੰ ਧਮਕਾ ਰਹੇ ਹਨ ਤੇ ਪੁਲਿਸ ਉਸਦੀ ਸੁਣਵਾਈ ਨਹੀਂ ਕਰ ਰਹੀ ਤੇ ਉਸਨੂੰ ਇਸ ਹਾਲਤ ਵਿੱਚ ਸਮਝ ਨਹੀਂ ਆ ਰਹੀ ਕਿ ਉਹ ਕਿੱਧਰ ਜਾਵੇ।

ਇਸ ਸਬੰਧ ਵਿਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹਰਵਿੰਦਰ ਸਿੰਘ ਕੋਹਲੀ ਨੇ ਦੱਸਿਆ ਕਿ ਉਸਨੇ ਧਮਕੀਆਂ ਦਿੱਤੇ ਜਾਣ ਸਬੰਧੀ ਇੱਕ ਸ਼ਿਕਾਇਤ ਦਿੱਲੀ ਪੁਲਿਸ ਨੂੰ ਵੀ ਦਿੱਤੀ ਹੈ ਪਰ ਪੁਲਿਸ ਨੇ ਉਸਦੀ ਕੋਈ ਸੁਣਵਾਈ ਨਹੀਂ ਕੀਤੀ ਨਾ ਹੀ ਇਸ ਸਬੰਧ ਵਿੱਚ ਕੋਈ ਪਰਚਾ ਦਰਜ ਕੀਤਾ ਹੈ। ਹਰਵਿੰਦਰ ਸਿੰਘ ਕੋਹਲੀ ਅਨੁਸਾਰ ਪਰਮਜੀਤ ਸਿੰਘ ਸਰਨਾ ਉਸ ਵਿਰੁੱਧ ਗਲਤ ਭਾਸ਼ਾ ਦੀ ਵਰਤੋਂ ਕਰਦਿਆਂ ਟੀਵੀ ਚੈਨਲਾਂ ਤੇ ਇੰਟਰਵਿਊ ਦੇਣ ਵਿਰੁੱਧ ਟੈਲੀਫੋਨ ਤੇ ਧਮਕੀਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਧਮਕੀ ਸਰਨਾ ਨੇ ਉਸਨੂੰ ਇੱਕ ਟੀਵੀ ਚੈਨਲ ਤੇ ਇੰਟਰਵਿਊ ਦੇਣ ਤੋਂ ਬਾਅਦ ਦਿੱਤੀ ਹੈ। ਦੱਸ ਦੇਈਏ ਕਿ ਹਰਵਿੰਦਰ ਸਿੰਘ ਕੋਹਲੀ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਵਿਰੁੱਧ ਅਦਾਲਤ ਵਿੱਚ ਚੱਲ ਰਹੇ ਇੱਕ ਕੇਸ ਦੇ ਮੁੱਖ ਗਵਾਹ ਹਨ ਤੇ ਇਹ ਮੰਨਿਆ ਜਾ ਰਿਹਾ ਹੈ ਕਿ ਕੋਹਲੀ ਦੀ ਗਵਾਹੀ ਤੋਂ ਬਾਅਦ ਸੱਜਣ ਕੁਮਾਰ ਨੂੰ ਉਸ ਕੇਸ ਵਿੱਚ ਵੀ ਸਜ਼ਾ ਦੁਆਏ ਜਾਣ ਵਿੱਚ ਵੱਡੀ ਮਦਦ ਮਿਲੇਗੀ।

Facebook Comments
Facebook Comment