• 1:38 pm
Go Back
kashmiri terrorist may Attack Bjp-rss

-ਸੂਬਾ ਸਰਕਾਰ ਨੇ ਪਿਛਲੇ ਮਹੀਨੇ ਹੀ ਵਾਪਸ ਲਈ ਹੈ ਕਈਆਂ ਦੀ ਸੁਰੱਖਿਆ

ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਇੱਕ ਪੱਤਰ ਜਾਰੀ ਕਰਕੇ ਸਾਵਧਾਨ ਕੀਤਾ ਹੈ ਕਿ ਆਉਂਦੇ ਆਜ਼ਾਦੀ ਦਿਵਸ ਦੇ ਮੌਕੇ ‘ਤੇ ਕਸ਼ਮੀਰੀ ਅੱਤਵਾਦੀ ਪੰਜਾਬ ਦੇ ਭਾਜਪਾ, ਆਰਐੱਸਐੱਸ ਅਤੇ ਹਿੰਦੂ ਸੰਗਠਨਾਂ ਨਾਲ ਸਬੰਧਤ ਆਗੂਆਂ ਨੂੰ ਗ੍ਰਨੇਡ ਨਾਲ ਉਡਾ ਸਕਦੇ ਹਨ।
ਇਸ ਸਬੰਧ ‘ਚ ਮਿਤੀ 7 ਅਗਸਤ ਨੂੰ ਭੇਜੇ ਗਏ ਇਸ ਗੁਪਤ ਪੱਤਰ ‘ਚ ਗ੍ਰਹਿ ਮੰਤਰਾਲੇ ਨੇ ਇਹ ਖੁਲਾਸਾ ਕੀਤਾ ਹੈ ਕਿ ਜੰਮੂ ਅਤੇ ਕਸ਼ਮੀਰ ਪੁਲਿਸ ਵੱਲੋਂ ‘ਅਨਸਾਰ-ਗਸ਼ਤ-ਉਲ-ਹਿੰਦ’ ਨਾਮਕ ਕਸ਼ਮੀਰੀ ਅੱਤਵਾਦੀ ਸੰਗਠਨ ਦੇ ਇਰਫ਼ਾਨ ਹਸਨ ਵਾਣੀ ਨਾਮਕ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਕੋਲੋਂ 8 ਅਜਿਹੇ ਹੈਂਡ ਗ੍ਰਨੇਡ ਵੀ ਬਰਾਮਦ ਕੀਤੇ ਗਏ ਹਨ ਜੋ ਕਿ ਉਹ ਦਿੱਲੀ ਪਹੁੰਚ ਕੇ ਆਪਣੇ ਉਨ੍ਹਾਂ ਸਾਥੀਆਂ ਨੂੰ ਦੇਣ ਜਾ ਰਿਹਾ ਸੀ ਜਿਨ੍ਹਾਂ ਨੇ ਆਉਂਦੇ ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਪੰਜਾਬ ਤੇ ਹੋਰਨੀ ਥਾਈਂ ਅਜਿਹੇ ਹਮਲੇ ਕਰਨੇ ਸਨ। ਭੇਜੇ ਗਏ ਗੁਪਤ ਪੱਤਰ ‘ਚ ਦਾਅਵਾ ਕੀਤਾ ਗਿਆ ਹੈ ਕਿ ਫੜੇ ਗਏ 21 ਸਾਲਾ ਇਰਫਾਨ ਹਸਨ ਵਾਣੀ ਕੋਲੋਂ ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਸਦੇ ਆਕਾਵਾਂ ਨੇ ਵਾਣੀ ਨੂੰ ਇਹ ਹੈਂਡ ਗ੍ਰਨੇਡ ਦੇ ਕੇ ਦਿੱਲੀ ਜਾਣ ਨੂੰ ਕਿਹਾ ਸੀ ਜਿਥੇ ਉਸਨੇ ਆਪਣੇ ਸਾਥੀਆਂ ਨੂੰ ਨਾ ਸਿਰਫ ਇਹ ਹੈਂਡ ਗ੍ਰਨੇਡ ਸੋਂਪਣੇ ਸਨ ਬਲਕਿ ਉਨ੍ਹਾਂ ਨੂੰ ਹੈਂਡ ਗ੍ਰਨੇਡ ਸੁੱਟੇ ਜਾਣ ਦੀ ਟਰੇਨਿੰਗ ਵੀ ਦੇਣੀ ਸੀ। ਯਾਦ ਰੱਖੋ ਕਿ ਹੈਂਡ ਗ੍ਰਨੇਡ ਹਮਲਿਆਂ ਦੀਆਂ ਘਟਨਾਵਾਂ ਸਿਰਫ ਜੰਮੂ ਅਤੇ ਕਸ਼ਮੀਰ ਵਰਗੇ ਪਹਾੜੀ ਰਾਜਾਂ ‘ਚ ਹੀ ਵੱਧ ਹੁੰਦੀਆਂ ਹਨ।
ਇੱਧਰ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਭਾਵੇਂ ਇਹ ਕਹਿ ਕੇ ਇਸ ਮਾਮਲੇ ਤੇ ਕੁਝ ਵੀ ਬੋਲਣ ਤੋਂ ਇਨਕਾਰ ਕੀਤਾ ਹੈ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬ ਪੁਲਿਸ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ 26 ਅਪ੍ਰੈਲ 2016 ਤੋਂ ਲੈ ਕੇ 30 ਅਕਤੂਬਰ 2017 ਤੱਕ ਵੱਖ-ਵੱਖ ਹਮਲਿਆਂ ‘ਚ 5 ਹਿੰਦੂ ਆਗੂ ਮਾਰੇ ਜਾ ਚੁੱਕੇ ਹਨ ਜਿਨ੍ਹਾਂ ਵਿੱਚ ਖੰਨਾ ਸਥਿਤ ਸ਼ਿਵ ਸੈਨਾ ਆਗੂ ਦੁਰਗਾ ਪ੍ਰਸ਼ਾਦ ਗੁਪਤਾ, ਲੁਧਿਆਣਾ ‘ਚ ਹਿੰਦੂ ਤਖ਼ਤ ਦੇ ਜ਼ਿਲਾ ਪ੍ਰਧਾਨ ਅਮਿਤ ਸ਼ਰਮਾ, ਆਰਐੱਸਐੱਸ ਆਗੂ ਬ੍ਰਗੇਡੀਅਰ ਆਰੈੱਸ ਗਗਨੇਜਾ ਤੇ ਆਰਐੱਸਐੱਸ ਆਗੂ ਰਵਿੰਦਰ ਗੋਸਾਈ ਤੋਂ ਇਲਾਵਾ ਅੰਮ੍ਰਿਤਸਰ ‘ਚ ਹਿੰਦੂ ਆਗੂ ਵਿਪਨ ਸ਼ਰਮਾ ਦੀ ਵੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪਰ ਇਸਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਪਿਛਲੇ ਮਹੀਨੇ ਹੀ ਸੂਬੇ ਦੇ 50 ਹਿੰਦੂ ਆਗੂਆਂ, ਰਾਜਨਿਤਿਕ ਲੋਕਾਂ, ਗਾਇਕਾਂ ਤੇ ਕੁਝ ਹੋਰ ਵਿਅਕਤੀਆਂ ਦੀ ਸੁਰੱਖਿਆ ‘ਚ ਕਟੌਤੀ ਕਰ ਦਿੱਤੀ ਤੇ ਕਈਆਂ ਦੀ ਸੁਰੱਖਿਆ ਪੂਰੀ ਤਰ੍ਹਾਂ ਵਾਪਸ ਲੈ ਲਈ ਗਈ ਸੀ।

Facebook Comments
Facebook Comment