ਸੁਖਬੀਰ ਦਾ ਇਹ ਬਿਆਨ ਤੁਸੀਂ ਪੜ੍ਹੋ ਤੇ ਦੇਖੋ, ਹੱਸ ਹੱਸ ਢਿੱਡੀਂ ਪੀੜ੍ਹ ਪੈਣ ਦੀ ਗਰੰਟੀ ਸਾਡੀ!

Prabhjot Kaur
4 Min Read

ਵਿਅੰਗ

ਬਠਿੰਡਾ : ਕਹਿੰਦੇ ਨੇ ਜਿਹਦੀ ਕੋਠੀ ਦਾਣੇ, ਉਹਦੇ ਕਮਲੇ ਵੀ ਸਿਆਣੇ। ਇਹ ਕਹਾਵਤ ਆਮ ਲੋਕਾਂ ਦੀ ਜ਼ਿੰਦਗੀ ‘ਚ ਤਾਂ ਦੇਖਣ ਸੁਣਨ ਨੂੰ ਮਿਲਦੀ ਹੀ ਹੈ, ਪਰ ਇਸਦੇ ਨਜਾਰੇ ਕਦੇ-ਕਦੇ ਅਜਿਹੀਆਂ ਥਾਂਵਾਂ ਤੇ ਵੀ ਮਿਲ ਜਾਂਦੇ ਹਨ, ਜਿੱਥੇ ਤੁਹਾਨੂੰ ਪਤਾ ਤਾਂ ਲੱਗ ਜਾਂਦਾ ਹੈ ਕਿ ਸਾਹਮਣੇ ਵਾਲਾ ਕਮਲ ਕੁੱਟ ਗਿਆ, ਪਰ ਤੁਸੀਂ ਉਸ ਵੇਲੇ ਐਨੇ ਕੁ ਮਜ਼ਬੂਰ ਹੁੰਦੇ ਹੋ ਕਿ ਕੁਝ ਬੋਲ ਨਹੀਂ ਪਾਉਂਦੇ। ਸੱਤਾ ਤੋਂ ਦੂਰ ਹੋ ਚੁੱਕੇ ਅਕਾਲੀਆਂ ਨਾਲ ਵੀ ਅੱਜ ਕੱਲ੍ਹ ਕੁਝ ਅਜਿਹੇ ਹੀ ਭਾਣੇ ਵਾਪਰ ਰਹੇ ਨੇ। ਜਿਸ ਤਹਿਤ ਕਦੇ ਇਸ ਮਾਰੀ ਗਈ ਮੱਤ ਨੇ ਭੂੰਦੜ ਤੋਂ ਬਾਦਲ ਨੂੰ ਬਾਦਸ਼ਾਹ ਦਰਵੇਸ਼ ਅਖਵਾ ਕੇ ਉਸ ਕੋਲੋਂ ਭਾਂਡੇ ਮੰਜਵਾਏ,ਤੇ ਕਦੇ ਸੁਖਬੀਰ ਬਾਦਲ ਤੋਂ ਆਪਣੀ ਹੀ ਭਾਈਵਾਲ ਪਾਰਟੀ ਬੀਜੀਪੀ ਨੂੰ ਸਿੱਖਾਂ ਤੇ ਪੰਜਾਬ ਦੀ ਦੁਸ਼ਮਣ ਅਖਵਾ ਦਿੱਤਾ। ਹੁਣ ਹਾਲਾਤ ਇਹ ਬਣ ਚੁੱਕੇ ਨੇ ਕਿ ਬੋਲਦਿਆਂ ਬੋਲਦਿਆਂ ਇਹ ਬੋਲ ਸੁਖਬੀਰ ਬਾਦਲ ਕੋਲੋਂ ਥੜਿੱਕ ਕੇ ਪਰਾਂ ਜਾ ਡਿੱਗਦੇ ਨੇ। ਇਸ ਵਾਰ ਇਹ ਬੋਲ ਥਿੜਕ ਕੇ ਡਿੱਗੇ ਹਨ ਬਠਿੰਡਾ ‘ਚ। ਜਿੱਥੇ ਸੁਖਬੀਰ ਬਿਆਨ ਦੇ ਰਹੇ ਸਨ ਸਵੈ ਘੋਸ਼ਣਾ ਪੱਤਰਾਂ ਸਬੰਧੀ ਕਿ ਅਕਾਲੀ ਸਰਕਾਰ ਨੇ ਆਪਣੇ ਕਾਰਜਕਾਲ ਦੇ ਦੌਰਾਨ ਹਲਫਿਆ ਬਿਆਨ ਬੰਦ ਕਰਵਾ ਦਿੱਤੇ ਸਨ ਤੇ ਉਸ ਸਮੇ ਸਵੈ ਘੋਸ਼ਣਾ ਦੇ ਕੇ ਹੀ ਕਾਗਜ ਤਸਦੀਕ ਕਰਵਾਏ ਜਾ ਸਕਦੇ ਸਨ ਪਰ ਇਹ ਗੱਲ ਬੋਲਦਿਆਂ ਬੋਲਦਿਆਂ ਉਨ੍ਹਾਂ ਦੀ ਜ਼ੁਬਾਨ ਇਕ ਵਾਰ ਫਿਰ ਥਿੜਕੀ ਤੇ ਇੱਥੇ ਉਨ੍ਹਾਂ ਨੇ ਇਹ ਬੋਲ ਦਿੱਤਾ ਕਿ ਜਦੋਂ ਸਾਡੀ ਸਰਕਾਰ ਆਈ ਸੀ ਉਦੋਂ ਅਸੀਂ ਐਫੀਡੈਵਿਟ ਬਿਲਕੁਲ ਬੰਦ ਕਰ ਦਿੱਤੇ ਸੀ। ਉਨ੍ਹਾਂ ਪੁਛਿਆ ਕਿ ਅਸੀਂ ਕੀ ਕਿਹਾ ਸੀ ਉਸ ਵੇਲੇ ਕਿ ਕੋਈ ਵੀ ਆਪਣੀ ਦਸਤਖ਼ਤ ਨਾਲ ਲਿਖ ਦੇਵੇ ਤੁਸੀਂ ਆਪਣਾ ਮੌਤ ਦਾ ਸਰਟੀਫਿਕੇਟ ਤਸਦੀਕ ਕਰਨਾ ਹੈ ਪਹਿਲਾਂ ਐਫੀਡੈਵਿਟ ਦੇਣਾ ਪੈਂਦਾ ਸੀ ਕੋਈ ਐਫੀਡੈਵਿਟ ਦੇਣ ਦੀ ਲੋੜ ਨਹੀਂ। ਬੱਸ ਤੁਸੀਂ ਇਕੱਲਾ ਇਹ ਹੀ ਲਿਖ ਦਿਓ ਕਿ ਮੈਂ ਫਲਾਣਾ ਫਲਾਣਾ ਤਸਦੀਕ ਕਰਦਾ ਹਾਂ ਤੇ ਤੁਹਾਨੂੰ ਉਹ ਕਾਗਜ ਮਿਲ ਜਾਂਦਾ ਸੀ। (ਨਾਲ ਲੱਗੀ ਵੀਡੀਓ ਦੇਖੋ ਜੀ)

ਮੈਨੂੰ ਲਗਦੈ ਕਿ ਹੁਣ ਤੱਕ ਤੁਹਾਨੂੰ ਸਮਝ ਆ ਗਿਆ ਹੋਣਾ ਕਿ ਅਸੀਂ ਉਪਰ ਐਨੀ ਰਾਮ ਕਹਾਣੀ ਕਿਉਂ ਸੁਣਾਈ ਹੈ। ਜੀ ਹਾਂ ਇਕ ਵਾਰ ਫੇਰ ਸੁਖਬੀਰ ਬਾਦਲ ਜੁਬਾਨ ਤਿਲਕੀ ਹੈ, ਤੇ ਇਸ ਤਿਲਕੀ ਹੋਈ ਜੁਬਾਨ ਨੇ ਸੁਖਬੀਰ ਤੋਂ ਲੋਕਾਂ ਦੇ ਆਪਣੇ ਮੌਤ ਸਰਟੀਫਿਕੇਟ ਆਪ ਬਣਵਾਉਣ ਅਤੇ ਉਸ ਨੂੰ ਤਸਦੀਕ ਕਰਨ ਦਾ ਬਿਆਨ ਉਸ ਵੇਲੇ ਦੁਆ ਦਿੱਤਾ ਹੈ, ਜਦੋਂ ਦੋਸ਼ ਹੈ ਕਿ ਬੇਅਦਬੀ ਅਤੇ ਗੋਲੀਕਾਂਡ ਦੀਆਂ ਘਟਨਾਵਾਂ ਕਾਰਨ ਲੋਕ ਅਕਾਲੀ ਦਲ ਵਾਲਿਆਂ ਦੀ ਗੱਲ ਪਹਿਲਾਂ ਹੀ ਸੁਣਨੀ ਘੱਟ ਕਰਦੇ ਜਾ ਰਹੇ ਹਨ। ਇਹ ਮੰਨ ਲਿਆ ਕਿ ਗਲਤੀ ਇਨਸਾਨ ਤੋਂ ਹੁੰਦੀ ਹੈ, ਤੇ ਚਮੜੀ ਦੀ ਜੁਬਾਨ ਤਿਲਕਣ ਲੱਗਿਆਂ ਕੋਈ ਜਿਆਦਾ ਸਮਾਂ ਨਹੀਂ ਲਗਦਾ, ਪਰ ਅਕਾਲੀਆਂ ਦੀਆਂ ਵਾਰ-ਵਾਰ ਤਿਲਕਦੀਆਂ ਇਹ ਜੁਬਾਨਾਂ ਵਿਰੋਧੀਆਂ ਨੂੰ ਉਨ੍ਹਾਂ ਦਾ ਮਜਾਕ ਬਣਾਉਣ ਲਈ ਹਰਵਾਰ ਇਕ ਨਵਾਂ ਮੁੱਦਾ ਦੇ ਜਾਂਦੀ ਹੈ।

ਗੱਲ ਤੁਸੀਂ ਸੁਣ ਲਈ ਹੈ ਤੇ ਹਾਲਾਤ ਅਸੀਂ ਬਿਆਨ ਵੀ ਕਰ ਦਿੱਤੇ ਨੇ, ਹੁਣ ਇਸ ਸੁਣੀ ਹੋਈ ਗੱਲ, ਤੇ ਸਾਡੇ ਬਿਆਨ ਕੀਤੇ ਹੋਏ ਹਾਲਾਤਾਂ ‘ਚੋਂ ਤੁਸੀਂ ਕਿਹੜਾ ਮਤਲਬ ਕੱਢ ਕੇ ਉਸ ਰਾਈ ਦਾ ਪਹਾੜ ਬਣਾਉਦੇ ਹੋ ਜਾਂ ਪਹਾੜ ਪੁੱਟ ਕੇ ਉਸ ਵਿੱਚੋਂ ਕੱਡਦੇ ਹੋ ਚੂਹਾ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ । ਇਹ ਜਿੰਮੇਵਾਰੀ ਤੁਹਾਡੀ ਹੈ ਸਾਡੀ ਨਹੀਂ, ਕਿਉਂਕਿ ਸਾਥੀਓ ਬੁਰਾ ਨਾ ਮੰਨਿਓ, ਅੱਜ ਲੋਹੜੀ ਹੈ।

- Advertisement -

 

 

Share this Article
Leave a comment