21 ਦਿਨਾਂ ਬਾਅਦ ਬਠਿੰਡੇ ਪਰਤੀ ਕੈਨੇਡਾ ‘ਚ ਕਤਲ ਕੀਤੇ ਨੌਜਵਾਨ ਦੀ ਮਿਤ੍ਰਕ ਦੇਹ

TeamGlobalPunjab
2 Min Read

ਬਠਿੰਡਾ: ਸੁਨਹਿਰੇ ਸੁਪਨੇ ਸਜਾ ਕੇ ਸਟੱਡੀ ਵੀਜ਼ੇ ‘ਤੇ ਕੈਨੇਡਾ ਗਏ ਬਠਿੰਡੇ ਦੇ 20 ਸਾਲਾ ਨੌਜਵਾਨ ਗੁਰਜੋਤ ਸਿੰਘ ਧਾਲੀਵਾਲ ਦਾ 21 ਦਿਨ ਪਹਿਲਾਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗੁਰਜੋਤ ਸਿੰਘ ਦੀ ਮਿਤ੍ਰਕ ਦੇਹ ਬੀਤੇ ਦਿਨੀਂ ਬਠਿੰਡਾ ਦੇ ਪਿੰਡ ਥੰਮ੍ਹਨਗੜ੍ਹ ਲਿਆਂਦੀ ਗਈ। ਪਰਿਵਾਰ ਵੱਲੋਂ ਗੁਰਜੋਤ ਦੀ ਮੌਤ ਤੋਂ 21 ਦਿਨਾਂ ਬਾਅਦ ਉਸ ਦਾ ਸਸਕਾਰ ਕੀਤਾ ਗਿਆ। ਪਰਿਵਾਰ ਸਮੇਤ ਪਿੰਡ ਵਾਸੀਆਂ ਵੱਲੋਂ ਮੰਗ ਕੀਤੀ ਹੈ ਕਿ ਗੁਰਜੋਤ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਸਜ਼ਾ ਦਵਾਈ ਜਾਵੇ। ਇਸ ਦੇ ਨਾਲ ਹੀ ਪ੍ਰਸ਼ਾਸਨ ਕੋਲੋਂ ਗੁਰਜੋਤ ਦੇ ਪਰਿਵਾਰ ਦੀ ਵੀ ਸਾਰ ਲੈਣ ਦੀ ਮੰਗ ਕੀਤੀ ਗਈ ਹੈ।

ਦੱਸ ਦੇਈਏ ਸਟੱਡੀ ਵੀਜ਼ਾ ‘ਤੇ ਪੜ੍ਹਨ ਗਏ 20 ਸਾਲਾ ਗੁਰਜੋਤ ਸਿੰਘ ਦਾ 18 ਜੂਨ ਦੀ ਰਾਤ ਨੂੰ ਕਰੀਬ 10 ਵਜੇ ਬਰੈਂਪਟਨ ਵਿਖੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪਿੰਡ ਵਾਸੀਆਂ ਵੱਲੋਂ ਇਸ ਸਬੰਧੀ ਪ੍ਰਸ਼ਾਸਨ ਖ਼ਿਲਾਫ਼ ਰੋਸ ਜ਼ਾਹਰ ਕੀਤਾ ਤੇ ਇਨਸਾਫ ਦੀ ਮੰਗ ਕੀਤੀ।

ਜ਼ਿਕਰਯੋਗ ਹੈ ਕਿ ਜਦੋਂ ਗੁਰਜੋਤ ਢਾਈ ਸਾਲ ਦਾ ਸੀ ਤਾਂ ਉਸ ਦੇ ਮਾਪਿਆਂ ਦੀ ਮੌਤ ਹੋ ਗਈ ਸੀ ਤੇ ਉਸ ਦੀ ਅਤੇ ਉਸ ਦੀ ਭੈਣ ਦੀ ਪਰਵਰਿਸ਼ ਦਾਦਕਿਆਂ ਵੱਲੋਂ ਕੀਤੀ ਗਈ ਸੀ। ਜਿਸ ਤੋਂ ਬਾਅਦ ਕੈਨੇਡਾ ਆ ਕੇ ਉਹ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਉਸਦਾ ਕੈਨੇਡਾ ‘ਚ ਜੀਅ ਨਾ ਲੱਗਣ ਕਾਰਨ ਉਸਨੇ ਪੰਜਾਬ ਵਾਪਸ ਆ ਜਾਣਾ ਸੀ ਜਿਸ ਲਈ ਉਸ ਨੇ ਵਾਪਸੀ ਦੀ ਟਿਕਟ ਵੀ ਕਰਵਾ ਲਈ ਹੋਈ ਸੀ ਪਰ ਉਸਦੇ ਆਉਣ ਤੋਂ ਇੱਕ ਦਿਨ ਪਹਿਲਾਂ ਹੀ ਇਹ ਭਾਣਾ ਵਰਤ ਗਿਆ।

Share this Article
Leave a comment