ਜ਼ੀਰੇ ਦੀ ਬਗਾਵਤ ਦਾ ਹੋ ਗਿਆ ਅਸਰ, ਹੁਣ ਬਦਲਿਆ ਜਾਵੇਗਾ ਮੁੱਖ ਮੰਤਰੀ?

Prabhjot Kaur
4 Min Read

ਗੁਰਦਾਸਪੁਰ : ਇੰਨੀ ਦਿਨੀ ਪੰਜਾਬ ਦੀ ਸਿਆਸਤ ਅੰਦਰ ਫੁੱਟ ਤੇ ਬਗਾਵਤਾਂ ਦਾ ਦੌਰ ਬੜੇ ਜ਼ੋਰਾਂ ਸ਼ੋਰਾਂ ਨਾਲ ਜ਼ਾਰੀ ਹੈ। ਜਿੱਥੇ ਇੱਕ ਪਾਸੇ ਬੇਅਦਬੀ ਕਾਂਡ ਦੀਆਂ ਘਟਨਾਵਾਂ ‘ਚ ਫਸੇ ਅਕਾਲੀਆਂ ‘ਚ ਫੁੱਟ ਪਈ ਤਾਂ ਅਕਾਲੀ ਦਲ ਟਕਸਾਲੀ ਬਣ ਗਿਆ ਉੱਥੇ ਦੂਜੇ ਪਾਸੇ ਸੁਖਪਾਲ ਖਹਿਰਾ ਨੂੰ ਜਦੋਂ ਵਿਰੋਧੀ ਧਿਰ ਦੇ ਆਹੁਦੇ ਤੋਂ ਹਟਾਇਆ ਗਿਆ ਤਾਂ ਪੰਜਾਬੀ ਏਕਤਾ ਪਾਰਟੀ ਹੋਂਦ ਵਿੱਚ ਆ ਗਈ। ਜਿਸ ਤੋਂ ਬਾਅਦ ਸਿਆਸਤ ਦੇ ਇਨ੍ਹਾਂ ਚੀਕੂਆਂ ਦਾ ਬਾਗ ਜਦੋਂ ਇੱਕ ਵਾਰ ਖਰਾਬ ਹੋਣ ਲੱਗਿਆ ਤਾਂ ਇਸ ਨੇ ਸੱਤਾਧਾਰੀਆਂ ਨੂੰ ਵੀ ਨਹੀਂ ਬਖਸ਼ਿਆ ਤੇ ਬਗਾਵਤ ਦੀ ਇਹ ਲਾਗ ਉਨ੍ਹਾਂ ਦੇ ਵਿਧਾਇਕਾਂ ਨੂੰ ਵੀ ਜਾ ਲੱਗੀ। ਭਾਵੇਂ ਕਿ ਹਲਕਾ ਅਮਰਗੜ੍ਹ ਦੇ ਵਿਧਾਇਕ ਸੁਰਜੀਤ ਧੀਮਾਨ ਵਰਗੇ ਲੋਕਾਂ ਨੇ ਆਪਣੀ ਹੀ ਸਰਕਾਰ ਵਿਰੁਧ ਬਗਾਵਤੀ ਸੁਰ ਅਪਣਾਏ ਸਨ ਪਰ ਇਸ ਵਾਰ ਪਤਾ ਨਹੀਂ ਕੀ ਹੋਇਆ ਕਿ ਜਦੋਂ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਆਪਣੀ ਸਰਕਾਰ ਨੂੰ 2017 ‘ਚ ਕੀਤੇ ਵਾਅਦਿਆਂ ਦਾ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸ਼ੀਸ਼ਾ ਵੇਖ ਕੇ ਪੰਜਾਬ ਕਾਂਗਰਸ ਦੇ ਲੋਕਾਂ ਨੂੰ ਇੰਨਾਂ ਗੁੱਸਾ ਆਇਆ ਕੀ ਉਨ੍ਹਾਂ ਨੇ ਜ਼ੀਰਾ ਨੂੰ ਪਾਰਟੀ ‘ਚੋਂ ਹੀ ਬਾਹਰ ਕੱਡ ਦਿੱਤਾ। ਇਹ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਹਲਕਾ ਹਰਗੋਬਿੰਦਪੁਰਾ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਆਉਂਦੇ 2-3 ਮਹੀਨਿਆਂ ਵਿੱਚ ਪੰਜਾਬ ਦਾ ਮੁੱਖ ਮੰਤਰੀ ਹੀ ਬਦਲ ਦੇਣ ਦਾ ਦਾਅਵਾ ਕਰ ਦਿੱਤਾ।

ਦੱਸ ਦਈਏ ਕਿ ਬਲਵਿੰਦਰ ਸਿੰਘ ਲਾਡੀ ਨੇ ਇਹ ਐਲਾਨ ਕੋਈ ਲੁਕ-ਛਿਪ ਕੇ ਨਹੀਂ ਕੀਤਾ ਬਲਕਿ ਸ਼ਰੇਆਮ ਰਾਜ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਹਲਕਾ ਕਾਦੀਆਂ ਤੋਂ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੀ
ਹਾਜ਼ਰੀ ਵਿੱਚ ਕੀਤਾ ਹੈ। ਇਹ ਮੌਕਾ ਸੀ ਕਸਬਾ ਘੁਮਾਣ ਵਿੱਚ ਲੱਗੇ ਖੇਡ ਮੇਲੇ ਦਾ ਜਿੱਥੋਂ ਸਟੇਜ਼ ਤੋਂ ਬੋਲਦਿਆਂ ਲਾਡੀ ਨੇ ਕਿਹਾ ਕਿ ਜਿਵੇਂ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਹਾਈ ਕਮਾਡ ਨਾਲ ਹੋਈ ਮੀਟਿੰਗ ਦੌਰਾਨ ਪੰਜਾਬ ਦੇ ਮੁੱਦਿਆਂ ਨੂੰ ਉਭਾਰਿਆ ਹੈ ਉਸ ਨੇ ਸਾਰਿਆਂ ਨੂੰ ਆਪਣੇ ਵੱਲ ਖਿੱਚਿਆ ਹੈ ਤੇ ਉਹ ਦਿਨ ਦੂਰ ਨਹੀਂ ਹਾਈ ਕਮਾਂਡ ਪੰਜਾਬ ਦੀ ਵਾਗਡੋਰ ਬਾਜਵਾ ਦੇ ਹੱਥ ਵਿੱਚ ਦੇ ਦੇਵੇਗੀ। ਇਸ ਮੌਕੇ ਬਲਵਿੰਦਰ ਸਿੰਘ ਲਾਡੀ ਨੇ ਉੱਥੇ ਮੌਜ਼ੂਦ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਆਓ ਸਾਰੇ ਅਰਦਾਸ ਕਰੀਏ ਕਿ ਸਾਡੀ ਇਹ ਮੰਗ ਜਲਦੀ ਪੂਰੀ ਹੋ ਜਾਵੇ ਤੇ ਪ੍ਰਤਾਪ ਸਿੰਘ ਬਾਜਵਾ ਆਉਂਦੇ ਕੁਝ ਮਹੀਨਿਆਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣਾ ਦਿੱਤੇ ਜਾਣ।

ਇਸ ਸਬੰਧ ਵਿੱਚ ਜਦੋਂ ਕਾਂਗਰਸ ਦੀ ਪੰਜਾਬ ਮਾਮਲਿਆਂ ਬਾਰੇ ਇੰਚਾਰਜ਼ ਆਸ਼ਾ ਕੁਮਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਦਾ ਅਜੇ ਕੋਈ ਵਿਚਾਰ ਨਹੀਂ ਹੈ । ਉਨ੍ਹਾਂ ਕਿਹਾ ਕਿ ਵਿਧਾਇਕ ਲਾਡੀ ਨੇ ਜੋ ਕੁਝ ਵੀ ਕਿਹਾ ਹੈ ਉਹ ਉਨ੍ਹਾਂ ਦੀ ਨਿੱਜੀ ਰਾਏ ਹੈ ਪਾਰਟੀ ਨਾਲ ਇਸ ਦਾ ਕੋਈ ਸਬੰਧ ਨਹੀਂ। ਲਿਹਾਜ਼ਾ ਮੁੱਖ ਮੰਤਰੀ ਬਦਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਮਾਮਲਾ ਬੇਸ਼ੱਕ ਕਾਂਗਰਸ ਦਾ ਅੰਦਰੂਨੀ ਹੋਵੇ ਪਰ ਮੁੱਦੇ ਦੀ ਝਾਕ ਵਿੱਚ ਬੈਠੇ ਵਿਰੋਧੀਆਂ ਲਈ ਇਹ ਕਿਸੇ ਚਟਪਟੀ ਚਾਟ ਤੋਂ ਘੱਟ ਨਹੀਂ ਜਾਪ ਰਿਹਾ। ਅਕਾਲੀ ਦਲ ਦੇ ਸੰਸਦ ਮੈਂਬਾਰ ਪ੍ਰੇਮ ਸਿੰਘ ਚੰਦੂਮਾਜ਼ਰਾ ਨੇ ਤਾਂ ਇਸ ਤੇ ਟਿੱਪਣੀ ਵੀ ਕਰ ਦਿੱਤੀ ਹੈ ਕਿ ਕਾਂਗਰਸ ‘ਚ ਤਾਂ ਆਪ ਹੀ ਫੁੱਟ ਪਈ ਹੋਈ ਹੈ ਉਹ ਪੰਜਾਬ ਦਾ ਕੀ ਭਲਾ ਕਰਨਗੇ। ਚੰਦੂਮਾਜ਼ਰਾ ਅਨੁਸਾਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਖੇਡੇ ਗਏ ਸਿਆਸੀ ਕਾਰਡ ਨੇ ਕੈਪਟਨ ਨੂੰ ਸਵਾਲਾਂ ਦੇ ਘੇਰੇ ਵਿੱਚ ਲੈ ਆਂਦਾ ਹੈ।

- Advertisement -

 

Share this Article
Leave a comment