ਹੁਣ ਤੱਕ ਬੀਰ ਦਵਿੰਦਰ ਸਿੰਘ ਨੋਟਾ ਤੋਂ ਵੀ ਪਿੱਛੇ, ਗੱਠਜੋੜ ਦੀ ਰਾਜਨੀਤੀ ਵਾਲੇ ਨਿਰਾਸ਼, ਸ਼ੇਰਗਿੱਲ ਤੇ ਸੋਢੀ ਵੀ ਵੋਟਾਂ ਨੂੰ ਤਰਸੇ

TeamGlobalPunjab
2 Min Read

ਅਨੰਦਪੁਰ ਸਾਹਿਬ : ਲੋਕ ਸਭਾ ਚੋਣਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ, ਤੇ ਹੁਣ ਤੱਕ ਹਾਸਲ ਹੋਏ ਚੋਣਾਂ ਦੇ ਰੁਝਾਨ ਮੁਤਾਬਕ ਜਿਨ੍ਹਾਂ ਤਿੰਨ ਉਮੀਦਵਾਰਾਂ ਕਾਰਨ ਪੰਜਾਬ ਜ਼ਮਹੂਰੀ ਗੱਠਜੋੜ ਵਿਚਕਾਰ ਰੌਲਾ ਪੈ ਕੇ ਗੱਠਜੋੜ ਟੁੱਟਿਆ ਸੀ ਉਹ ਤਿੰਨੋਂ ਉਮੀਦਵਾਰ ਬੁਰੀ ਤਰ੍ਹਾਂ ਪਿੱਛੇ ਚੱਲ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਵੇਲੇ ਪੰਜਾਬ ਦੇ ਡਿਪਟੀ ਸਪੀਕਰ ਰਹਿ ਚੁੱਕੇ ਤੇ ਇਨ੍ਹਾਂ ਚੋਣਾਂ ਵਿੱਚ ਪੰਜਾਬ ਜਮਹੂਰੀ ਗੱਠਜੋੜ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿਚਾਲੇ ਸਮਝੌਤਾ ਟੁੱਟਣ ਦਾ ਮੁੱਖ ਕਾਰਨ ਮੰਨੇ ਜਾਂਦੇ ਇਸ ਹਲਕੇ ਤੋਂ ਉਮੀਦਵਾਰ ਬੀਰਦਵਿੰਦਰ ਸਿੰਘ ਨੋਟਾ ਤੋਂ ਵੀ ਪਿੱਛੇ ਚੱਲ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਨੋਟਾ ਦਾ ਹੁਣ ਤੱਕ ਚੋਣ ਨਤੀਜਾ 728 ਵੋਟਾਂ ਦਾ ਹੈ, ਜਦਕਿ ਇੰਝ ਜਾਪਦਾ ਹੈ, ਜਿਵੇਂ ਬੀਰ ਦਵਿੰਦਰ ਸਿੰਘ ਦੇ 432 ਵੋਟਾਂ ਵਾਲੇ ਹੁਣ ਤੱਕ ਦੇ ਨਤੀਜੇ ਨੋਟਾ ਨੂੰ ਪਿੱਛੇ ਛੱਡਣ ਲਈ ਭਰਭੂਰ ਕੋਸ਼ਿਸ਼ ਕਰ ਰਹੇ ਹਨ।

ਇੱਥੇ ਦੱਸ ਦਈਏ ਕਿ ਇਸ ਸੀਟ ‘ਤੇ ਹੁਣ ਤੱਕ ਆਏ ਨਤੀਜਿਆਂ ਅਨੁਸਾਰ ਕੁੱਲ ਹਿੰਦ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾੜੀ 22321 ਵੋਟਾਂ ਲੈ ਕੇ ਸਭ ਤੋਂ ਅੱਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ 20756 ਵੋਟਾਂ ਲੈ ਕੇ ਦੂਜੇ ਨੰਬਰ ‘ਤੇ ਚੱਲ ਰਹੇ ਹਨ। ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਵਿਕਰਮ ਸਿੰਘ ਸੋਢੀ 4955 ਵੋਟਾਂ ਲੈ ਕੇ ਤੀਜੇ ਨੰਬਰ ‘ਤੇ ਦਿਖਾਈ ਦੇ ਰਹੇ ਹਨ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦੇ ਹੱਕ ਵਿੱਚ ਹੁਣ ਤੱਕ 2249 ਵੋਟਾਂ ਦਾ ਹੀ ਨਤੀਜਾ ਸਾਹਮਣੇ ਆਇਆ ਹੈ।

ਭਾਵੇਂ ਕਿ ਇਹ ਅਜੇ ਵੋਟਾਂ ਦੇ ਮੁੱਢਲੇ ਰੁਝਾਨ ਹਨ ਤੇ ਪਿਕਚਰ ਅਜੇ ਪੂਰੀ ਬਾਕੀ ਹੈ, ਪਰ ਗੱਠਜੋੜ ਦੀ ਰਾਜਨੀਤੀ ਵਿੱਚ ਪੂਰੀ ਦਿਲਚਸਪੀ ਰੱਖਣ ਵਾਲੇ ਲੋਕ ਇਨ੍ਹਾਂ ਉਮੀਦਵਾਰਾਂ ਨੂੰ ਪਈਆਂ ਇੰਨੀਆਂ ਘੱਟ ਵੋਟਾਂ ਕਾਰਨ ਅੰਦਰੋ ਅੰਦਰੀ ਦੁਖੀ ਦਿਖਾਈ ਦੇ ਰਹੇ ਹਨ, ਤੇ ਇਹ ਸੋਚਣ ਲਈ ਮਜ਼ਬੂਰ ਹਨ ਕਿ ਇਨ੍ਹਾਂ ਤਿੰਨਾਂ ਦੀ ਇਸ ਹਾਲਤ ਲਈ ਕੌਣ ਵੱਧ ਜਿੰਮੇਵਾਰ ਹੈ, ਪਰ ਇਸ ਲੜਾਈ ਤੋਂ ਚਿੜ੍ਹੇ ਹੋਏ ਲੋਕ ਇਹ ਕਹਿਣ ਲਈ ਮਜ਼ਬੂਰ ਹਨ “ਅਬ ਪਛਤਾਏ ਕਿਆ ਹੋਤ ਜਬ ਚਿੜੀਆ ਚੁਗ ਗਈ ਖੇਤ।”

Share this Article
Leave a comment