ਸਭ ਝੂਠ ਹੈ, ਮੈਂ ਫਿਰੋਜ਼ਪੁਰ ਤੋਂ ਚੋਣ ਨਹੀਂ ਲੜਾਂਗਾ : ਸੁਖਬੀਰ ਬਾਦਲ

Prabhjot Kaur
2 Min Read

ਹੁਸ਼ਿਆਰਪੁਰ : ਜਿੱਥੇ ਇੱਕ ਪਾਸੇ ਲਗਭਗ ਸਾਰਾ ਹੀ ਮੀਡੀਆ ਪੂਰੇ ਜੋਰਾਂ-ਸ਼ੋਰਾਂ ਨਾਲ ਇਹ ਦਾਅਵੇ ਅਤੇ ਕਿਆਸ ਅਰਾਈਆਂ ਲਗਾਉਣ ਵਿੱਚ ਲੱਗਾ ਹੋਇਆ ਹੈ ਕਿ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਚੋਣ ਲੜਨ ਜਾ ਰਹੇ ਹਨ, ਉੱਥੇ ਦੂਜੇ ਪਾਸੇ ਇੱਥੇ ਪਹੁੰਚੇ ਸੁਖਬੀਰ ਬਾਦਲ ਨੇ ਇਨ੍ਹਾਂ ਸਾਰੀਆਂ ਗੱਲਾਂ ਦੀ ਹਵਾ ਕੱਢਦਿਆਂ ਇਹ ਕਹਿ ਦਿੱਤਾ ਹੈ ਕਿ ਇਹ ਸਭ ਗਲਤ ਹੈ ਤੇ ਮੀਡੀਆ ਵੱਲੋਂ ਫੈਲਾਈ ਗਈ ਸਨਸਨੀ ਤੋਂ ਇਲਾਵਾ ਹੋਰ ਕੁਝ ਨਹੀਂ। ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਚੋਣ ਲੜਨੀ ਹੈ ਜਾਂ ਕਿੱਥੋਂ ਚੋਣ ਲੜਨੀ ਹੈ ਇਸ ਦਾ ਫੈਸਲਾ ਪਾਰਟੀ ਦੀ ਕੋਰ ਕਮੇਟੀ ਨੇ ਕਰਨਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਨੁਸਾਰ ਸੂਬੇ ਦੀ ਕਾਂਗਰਸ ਸਰਕਾਰ ਨੇ ਭਾਵੇਂ ਅਕਾਲੀ ਵਰਕਰਾਂ ਨੂੰ ਤੰਗ ਪਰੇਸ਼ਾਨ ਕਰ ਰੱਖਿਆ ਹੋਵੇ, ਪਰ ਇਸ ਦੇ ਬਾਵਜੂਦ ਪਾਰਟੀ ਵਰਕਰ ਪੂਰੇ ਬੁਲੰਦ ਹੌਸਲੇ ਵਿੱਚ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਇੱਕ ਵਾਰ ਸੂਬੇ ਦੇ ਲੋਕਾਂ ਨੂੰ ਠੱਗ ਲਿਆ ਹੈ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਰਾਜੇ ਦਾ ਹਾਲ ਇਹ ਹੈ ਕਿ ਇਹ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਣ ਤੋਂ ਨਹੀਂ ਡਰਦਾ। ਸੁਖਬੀਰ ਨੇ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਪੰਜਾਬ ਦੇ ਕਿਸਾਨ ਅਤੇ ਗਰੀਬ ਲੋਕਾਂ ਦੇ ਕਰਜ਼ੇ ਮਾਫ ਕਰਨ ਵਾਲੇ ਸੱਤਾਧਾਰੀ ਲੋਕ ਆਪਣੇ ਵਾਅਦਿਆਂ ਤੋਂ ਮੁੱਕਰ ਰਹੇ ਹਨ।

ਇਸ ਮੌਕੇ ਸੁਖਬੀਰ ਨੇ ਕਿਹਾ ਕਿ ਬਰਗਾੜੀ ਵਿਖੇ ਲਾਇਆ ਗਿਆ ਮੋਰਚਾ ਕਾਂਗਰਸ ਸਰਕਾਰ ਦੀ ਦੇਣ ਸੀ, ਜਿਸ ਬਾਰੇ ਉਨ੍ਹਾਂ ਦੋਸ਼ ਲਾਇਆ ਕਿ ਮੰਡ ਵਰਗੇ ਲੋਕ ਕਰੋੜਾਂ ਰੁਪਏ ਲੈ ਕੇ ਵਿਕ ਗਏ। ਉਨ੍ਹਾਂ ਕਿਹਾ ਕਿ ਕਾਂਗਰਸ ਉਹੀ ਪਾਰਟੀ ਹੈ ਜਿਸ ਨੇ ਸਿੱਖੀ ਦਾ ਘਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਸੱਤਾਧਾਰੀਆਂ ਦੇ ਵਿਧਾਇਕ ਅਤੇ ਮੰਤਰੀਆਂ ਵੱਲੋਂ ਮਾਫੀਆ ਬਣਾ ਕੇ ਵੱਡੇ ਪੱਧਰ ‘ਤੇ ਸ਼ਰਾਬ ਅਤੇ ਰੇਤੇ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ।

 

- Advertisement -

Share this Article
Leave a comment