ਵੋਟਾਂ ਲਈ ਜਿਸ ਦੇ ਸਿਰ ‘ਤੇ ਕੈਪਟਨ ਨੇ ਕੀਤਾ ਕਰਜ਼ਾ ਮਾਫੀ ਦਾ ਪ੍ਰਚਾਰ, ਸੱਤਾ ਮਿਲੀ ਤਾਂ ਉਸੇ ਨੂੰ ਦਿੱਤਾ ਵਿਸਾਰ !

Prabhjot Kaur
4 Min Read

ਗੁਰਦਾਸਪੁਰ : ਜਿਸ ਗਰੀਬ ਕਿਸਾਨ ਦੇ ਸਿਰ ਤੋਂ ਕੈਪਟਨ ਸਰਕਾਰ ਨੇ ਆਪਣੀ ਕਰਜ਼ਾ ਮਾਫੀ ਸਕੀਮ ਦੀ ਸ਼ੂਰੂਆਤ ਕੀਤੀ ਸੀ, ਉਸ ਦਾ ਹੀ ਕਰਜ਼ਾ ਮਾਫ ਹੁੰਦਾ ਨਜ਼ਰ ਨਹੀਂ ਆ ਰਿਹਾ। ਜੀ ਹਾਂ! ਗੱਲ ਹੈ ਡੇਰਾ ਬਾਬਾ ਨਾਨਕ ਇਲਾਕੇ ‘ਚ ਪੈਂਦੇ ਪਿੰਡ ਕੋਟਲੀ ਸੂਰਤ ਮੱਲ ਦੀ ਜਿੱਥੇ ਇੱਕ ਗਰੀਬ ਮਜ਼ਬੂਰ ਕਿਸਾਨ ਹੁਣ ਕੈਪਟਨ ਸਰਕਾਰ ਦੀ ਕਰਜ਼ਾ ਮਾਫੀ ਸਕੀਮ ਕਾਰਨ ਸਿਰਫ ਇੱਕ ਮਜ਼ਾਕ ਦਾ ਪਾਤਰ ਬਣ ਕੇ ਰਹਿ ਗਿਆ ਹੈ।

ਕਿਸਾਨ ਬੁੱਧ ਸਿੰਘ ਨੂੰ ਬੈਂਕ ਤਾਂ ਬੁਲਾਇਆ ਜਾ ਰਿਹਾ ਹੈ ਪਰ ਕੇ ਉਸ ਦਾ ਕਰਜ਼ਾ ਮਾਫ ਕਰਨ ਲਈ ਕੈਪਟਨ ਸਰਕਾਰ ਉਸ ਦੀ ਕੋਈ ਸਾਰ ਨਹੀਂ ਲੈ ਰਹੀ। ਇੱਥੇ ਦੱਸ ਦਈਏ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 12 ਅਕਤੂਬਰ 2016 ਨੂੰ ਕੈਪਟਨ ਅਮਰਿੰਦਰ ਸਿੰਘ ਕੋਟਲੀ ਸੂਰਤ ਮੱਲੀ ਪਿੰਡ ‘ਚ ਜਦ ਪ੍ਰਚਾਰ ਕਰਨ ਆਏ ਸਨ ਤਾਂ ਉਨ੍ਹਾਂ ਨੇ ਇਸ ਕਿਸਾਨ ਦਾ ਕਰਜ਼ਾ ਮਾਫੀ ਦਾ ਫਾਰਮ ਸਭ ਤੋਂ ਪਹਿਲਾਂ ਭਰਿਆ ਸੀ ਅਤੇ ਵਿਸ਼ਵਾਸ ਦਵਾਇਆ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਉਹ ਇਸ ਕਿਸਾਨ ਦਾ ਹੀ ਕਰਜ਼ਾ ਮਾਫ ਕਰਨਗੇ। ਪਰ ਹੁਣ ਬੁੱਧ ਸਿੰਘ ਕਹਿੰਦੇ ਹਨ ਕਿ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਹੁੰਦੇ ਨੇ ਕਿਉਂਕਿ ਦੋਸ਼ ਹੈ ਕਿ ਇਸ ਤਰ੍ਹਾਂ ਕੈਪਟਨ ਸਰਕਾਰ ਨੇ ਉਸ ਗਰੀਬ ਕਿਸਾਨ ਦਾ ਮਜ਼ਾਕ ਉਡਾਉਂਦੇ ਹੋਏ ਕਰਜ਼ਾ ਮਾਫੀ ਦਾ ਝੂਠਾ ਦਿਲਾਸਾ ਦਿੱਤਾ ਤੇ ਆਪਣੀ ਸਰਕਾਰ ਤਾਂ ਬੇਸ਼ੱਕ ਸਥਾਪਿਤ ਕਰ ਲਈ ਪਰ ਹੁਣ ਉਸ ਗਰੀਬ ਕਿਸਾਨ ਨੂੰ ਸਾਰੇ ਬਿਲਕੁਲ ਹੀ ਭੁੱਲ ਚੁੱਕੇ ਹਨ।

ਤ੍ਰਾਸਦੀ ਇਹ ਹੈ ਕੈਪਟਨ ਸਰਕਾਰ ਨੇ ਆਪਣੀ ਇਸ ਸਕੀਮ ਦੇ ਫਾਰਮਾਂ ਤੇ ਵੀ ਇਸ ਗਰੀਬ ਕਿਸਾਨ ਦੀ ਫੋਟੋ ਲਾ ਕੇ ਹੀ ਪ੍ਰਚਾਰ ਕੀਤਾ ਸੀ। ਇੱਥੇ ਦੱਸ ਦਈਏ ਕਿ ਇਸ ਗਰੀਬ ਕਿਸਾਨ ਬੁੱਧ ਸਿੰਘ ਕੋਲ ਸਿਰਫ 31 ਕਨਾਲਾਂ ਜ਼ਮੀਨ ਹੀ ਹੈ ਜਿਸ ਤੋਂ ਇਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਅਤੇ ਇਸ ਕਿਸਾਨ ਨੇ ਬੈਂਕ ਤੋਂ 3.82 ਲੱਖ ਰੁਪਏ ਦਾ ਕਰਜ਼ਾ ਲਿਆ ਹੈ। ਹਾਲਾਤ ਇਹ ਹਨ ਕਿ ਬੈਂਕਾਂ ਵੱਲੋਂ ਇਸ ਕਿਸਾਨ ਨੂੰ ਕਈ ਵਾਰ ਨੋਟਿਸ ਜ਼ਾਰੀ ਕੀਤਾ ਜਾ ਚੁੱਕਿਆ ਹੈ। ਜਿਸ ਬਾਰੇ ਪਹਿਲਾਂ ਤਾਂ ਇਸ ਕਿਸਾਨ ਨੂੰ ਯਕੀਨ ਸੀ ਕਿ ਸਰਕਾਰ ਵੱਲੋਂ ਉਸ ਦਾ ਕਰਜ਼ਾ ਮਾਫ ਕਰ ਦਿੱਤਾ ਜਾਵੇਗਾ ਪਰ ਹੁਣ ਮਜ਼ਬੂਰ ਹੋ ਕੇ ਉਸ ਨੇ ਆਪਣੇ ਪਸ਼ੂ ਵੇਚ ਕੇ ਤੇ ਪਿੰਡ ਚੋਂ ਕੁਝ ਪੈਸੇ ਉਧਾਰ ਲੈ ਕੇ ਆਪਣਾ ਕਰਜ਼ਾ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਅਫਸੋਸ ਸਿਰਫ 80 ਹਜ਼ਾਰ ਰੁਪਏ ਹੀ ਵਾਪਿਸ ਮੋੜ ਸਕਿਆ। ਸਰਕਾਰ ਵੱਲੋਂ ਜੇਕਰ ਇਸ ਕਿਸਾਨ ਦਾ ਕਰਜ਼ਾ ਮਾਫ ਨਹੀਂ ਕੀਤਾ ਜਾਂਦਾ ਤਾਂ ਬਹੁਤ ਜਲਦ ਇੱਕ ਅਜਿਹਾ ਦਿਨ ਵੀ ਆਵੇਗਾ ਜਦੋਂ ਬੈਂਕਾਂ ਵੱਲੋਂ ਉਸ ਕਿਸਾਨ ਦੀ ਜ਼ਮੀਨ ਜਬਤ ਕਰ ਲਈ ਜਾਵੇਗੀ ਅਤੇ ਇਸ ਮਜ਼ਾਕ ਦਾ ਪਾਤਰ ਬਣੇ ਕਿਸਾਨ ਕੋਲ ਕੋਈ ਵੀ ਆਮਦਨ ਦਾ ਸਾਧਨ ਨਹੀਂ ਹੋਵੇਗਾ।

ਜੋ ਕੈਪਟਨ ਸਰਕਾਰ ਹਰ ਦਿਨ ਢੋਲ ਦੇ ਡਗੇ ਤੇ ਕਹਿ ਰਹੀ ਹੈ ਕਿ ਉਨ੍ਹਾਂ ਨੇ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਹਨ ਪਰ ਉਹੀ ਕੈਪਟਨ ਸਰਕਾਰ ਬੁੱਧ ਸਿੰਘ ਨਾਮ ਦੇ ਕਿਸਾਨ ਦਾ ਕਰਜ਼ਾ ਮਾਫ ਕਰਨ ਵਿੱਚ ਅਸਫਲ ਰਹੀ ਹੈ ਜਿਸ ਬੁੱਧ ਸਿੰਘ ਦੀ ਫੋਟੋ ਲਾ ਕੇ ਉਨ੍ਹਾਂ ਨੇ ਕਿਸਾਨਾਂ ਦੀ ਕਰਜ਼ਾ ਮਾਫੀ ਸਕੀਮ ਸ਼ੁਰੂ ਕੀਤੀ ਸੀ। ਉਹ ਅੱਜ ਵੀ ਬੈਂਕਾਂ ਦੇ ਨੋਟਿਸਾਂ ਨਾਲ ਜਲੀਲ ਹੁੰਦਾ ਫਿਰ ਰਿਹਾ ਹੈ ਅਜਿਹੇ ਵਿੱਚ ਸਰਕਾਰ ਭਾਵੇਂ ਹੋਰ ਜਿੰਨੇ ਮਰਜ਼ੀ ਲੋਕਾਂ ਦੇ ਕਰਜ਼ੇ ਮਾਫ ਕਰੀ ਜਾਵੇ ਪਰ ਵਿਰੋਧੀ ਤਾਂ ਉਸੇ ਬੁੱਧ ਸਿੰਘ ਨੂੰ ਦਿਖਾ ਦਿਖਾ ਕੇ ਕਹਿਣਗੇ ਕਿ ਆ ਦੇਖੋ ਇਹਦਾ ਕਰਜ਼ਾ ਤਾਂ ਮਾਫ ਹੋਇਆ ਨਹੀਂ ਸਰਕਾਰ ਗੱਲਾਂ ਮਾਰਨ ਨੂੰ ਸ਼ੇਰ ਐ।

- Advertisement -

Share this Article
Leave a comment