ਲਓ ਬਈ ਸਿੱਧੂ ਬਣੇਗਾ ਪੰਜਾਬ ਕਾਂਗਰਸ ਪ੍ਰਧਾਨ? ਰਾਸ਼ਟਰੀ ਜਨਰਲ ਸਕੱਤਰੀ ਲੈਣੋ ਕੀਤਾ ਇਨਕਾਰ, ਛਾਅ ਗਏ ਗੁਰੂ!

TeamGlobalPunjab
4 Min Read

ਚੰਡੀਗੜ੍ਹ : ਪੰਜਾਬ ਕਾਂਗਰਸ ਅੰਦਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿੱਚ ਚੱਲ ਰਿਹਾ ਆਪਸੀ ਝਗੜਾ ਹੁਣ ਚੋਟੀ ‘ਤੇ ਪਹੁੰਚ ਗਿਆ ਹੈ। ਜਿੱਥੇ ਇਸ ਮਾਮਲੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਸਿੱਧੂ ਵਿਰੁੱਧ ਆਪਣੇ ਸਟੈਂਡ ‘ਤੇ ਅੜੇ ਹੋਏ ਹਨ, ਉੱਥੇ ਨਵਜੋਤ ਸਿੰਘ ਸਿੱਧੂ ਵੀ ਆਪਣੇ ਆਪ ਨੂੰ ਸਬੂਤਾਂ ਸਣੇ ਬੇਕਸੂਰ ਦੱਸ ਕੇ ਕਿਸੇ ਪਾਸੋਂ ਝੁਕਣ ਨੂੰ ਤਿਆਰ ਨਹੀਂ ਹਨ। ਹਾਲਾਤ ਇਹ ਹਨ ਕਿ ਮੁੱਖ ਮੰਤਰੀ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਸਥਾਨਕ ਸਰਕਾਰਾਂ ਵਿਭਾਗ ਬਦਲ ਕੇ ਉਨ੍ਹਾਂ ਨੂੰ ਬਿਜਲੀ ਮਹਿਕਮੇਂ ਦਾ ਚਾਰਜ ਦਿੱਤਿਆਂ ਅੱਜ ਦੋ ਹਫਤੇ ਹੋ ਗਏ ਹਨ, ਪਰ ਸਿੱਧੂ ਨੇ ਅਜੇ ਤੱਕ ਇਸ ਨਵੇਂ ਮਹਿਕਮੇਂ ਦਾ ਚਾਰਜ ਨਹੀਂ ਸੰਭਾਲਿਆ ਹੈ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ, ਕਿ ਨਵਜੋਤ ਸਿੰਘ ਸਿੱਧੂ ਆਪਣੇ ਆਪ ਨੂੰ ਕੈਪਟਨ ਅਮਰਿੰਦਰ ਸਿੰਘ ਨਾਲੋਂ ਕਿਸੇ ਗੱਲੋਂ ਘੱਟ ਮੰਨਣ ਨੂੰ ਤਿਆਰ ਨਹੀਂ ਹਨ। ਸੂਤਰਾਂ ਅਨੁਸਾਰ ਉਨ੍ਹਾਂ ਵੱਲੋਂ ਰਾਹੁਲ ਗਾਂਧੀ ਨੂੰ ਕੈਪਟਨ ਵਿਰੁੱਧ ਦਿੱਤੀ ਗਈ ਸ਼ਿਕਾਇਤ ਦੇ ਨਾਲ ਨਾਲ ਆਪਣਾ ਪਹਿਲਾਂ ਵਾਲਾ ਵਿਭਾਗ ਵਾਪਸ ਕੀਤੇ ਜਾਣ ਦੀ ਮੰਗ ਕੀਤੀ ਸੀ, ਪਰ ਕਾਂਗਰਸ ਹਾਈ ਕਮਾਂਡ ਨੇ ਉਨ੍ਹਾਂ ਨੂੰ ਰਾਸ਼ਟਰੀ ਕਾਂਗਰਸ ਦਾ ਜਨਰਲ ਸਕੱਤਰ ਬਣਾਏ ਜਾਣ ਦੀ ਪੇਸ਼ਕਸ ਕਰਦਿਆਂ ਕੈਪਟਨ ਨਾਲ ਵਿਵਾਦ ਖਤਮ ਕਰਕੇ ਬਿਜਲੀ ਮਹਿਕਮੇਂ ਦਾ ਚਾਰਜ ਲੈਣ ਦੀ ਹਿਦਾਇਤ ਦਿੱਤੀ ਸੀ। ਜਿਸ ਨੂੰ ਕਿ ਸੂਤਰਾਂ ਅਨੁਸਾਰ ਨਵਜੋਤ ਸਿੰਘ ਸਿੱਧੂ ਨੇ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਜੇ ਦੇਣਾ ਹੀ ਹੈ ਤਾਂ ਉਨ੍ਹਾਂ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਦਿੱਤੀ ਜਾਵੇ ਤਾਂ ਕਿ ਉਹ ਸੂਬੇ ਅੰਦਰ ਕਾਂਗਰਸ ਦੀ ਮਜਬੂਤੀ ਲਈ ਕੰਮ ਕਰ ਸਕਣ।  

ਦੱਸ ਦਈਏ ਕਿ ਪੰਜਾਬ ਪ੍ਰਦੇਸ ਕਾਂਗਰਸ ਪਾਰਟੀ ਦੇ ਪ੍ਰਧਾਨ ਦਾ ਆਹੁਦਾ ਇੰਨੀ ਦਿਨੀਂ ਖਾਲੀ ਪਿਆ ਹੈ ਕਿਉਂਕਿ ਗੁਰਦਾਸਪੁਰ ਲੋਕ ਸਭਾ ਚੋਣ ਹਾਰਨ ਤੋਂ ਬਾਅਦ ਸੁਨੀਲ ਜਾਖੜ ਨੇ ਸੂਬੇ ਦੇ ਕਾਂਗਰਸ ਪ੍ਰਧਾਨ ਵਾਲੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਮੀਟਿੰਗ ਕਰਕੇ ਸਾਰੇ ਵਿਧਾਇਕਾਂ ਦੀ ਹਾਜਰੀ ਵਿੱਚ ਸੁਨੀਲ ਜਾਖੜ ਦਾ ਅਸਤੀਫਾ ਨਾ ਮਨਜੂਰ ਕਰਕੇ ਸਿਫਾਰਿਸ਼ ਹਾਈ ਕਮਾਂਡ ਨੂੰ ਭੇਜ ਦਿੱਤੀ ਸੀ, ਪਰ ਇਸ ਦੇ ਬਾਵਜੂਦ ਨਾ ਤਾਂ ਅਜੇ ਤੱਕ ਕਾਂਗਰਸ ਹਾਈ ਕਮਾਂਡ ਨੇ ਸੁਨੀਲ ਜਾਖੜ ਦੇ ਅਸਤੀਫੇ ‘ਤੇ ਕੋਈ ਫੈਸਲਾ ਲਿਆ ਹੈ, ਤੇ ਨਾ ਹੀ ਸੁਨੀਲ ਜਾਖੜ ਨੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਮੁੜ ਸੰਭਾਲੀ ਹੈ। ਅਜਿਹੇ ਵਿੱਚ ਕੈਪਟਨ ਅਤੇ ਸਿੱਧੂ ਦੇ ਝਗੜੇ ਦੌਰਾਨ ਸਿੱਧੂ ਵੱਲੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਮੰਗੇ ਜਾਣ ਦੀ ਗੱਲ ਸਾਹਮਣੇ ਆਉਣ ਨਾਲ ਸੂਬੇ ਦੀ ਰਾਜਨੀਤੀ ਦਾ ਪਾਰਾ ਸੱਤਵੇਂ ਆਸਮਾਨ ‘ਤੇ ਪਹੁੰਚ ਗਿਆ ਹੈ। ਇਸ ਖ਼ਬਰ ਦੇ ਆਉਣ ਤੋਂ ਬਾਅਦ ਜਿੱਥੇ ਸਿੱਧੂ ਸਮਰਥਕਾਂ ਨੇ ਖੁਸ਼ੀ ਦਾ ਇਜਹਾਰ ਕੀਤਾ ਹੈ, ਉੱਥੇ ਦੂਜ਼ੇ ਪਾਸੇ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਤੇਜੀ ਨਾਲ ਬਦਲ ਰਹੇ ਇਨ੍ਹਾਂ ਹਾਲਾਤਾਂ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਫਿਲਹਾਲ ਨਾ ਤਾਂ ਸਿੱਧੂ ਵੱਲੋਂ ਤੇ ਨਾ ਹੀ ਕੈਪਟਨ ਵੱਲੋਂ ਇਸ ਮਸਲੇ ‘ਤੇ ਕੋਈ ਬਿਆਨ ਆਇਆ ਹੈ ਤੇ ਇਹ ਕਿਹਾ ਜਾ ਸਕਦਾ ਹੈ ਕਿ ਇੱਕ ਅਜੀਬ ਜਿਹੀ ਸਿਆਸੀ ਚੁੱਪੀ ਛਾਈ ਹੋਈ ਹੈ। ਜੀ ਹਾਂ ਚੁੱਪੀ, ਪਰ ਕਾਂਗਰਸ ਦੇ ਹਿਤਾਇਸ਼ੀਆਂ ਨੂੰ ਇਹ ਡਰ ਹੈ ਕਿ ਇਹ ਚੁੱਪੀ ਕਿਤੇ ਸੂਬਾ ਕਾਂਗਰਸ ਵਿੱਚ ਆਉਣ ਵਾਲੇ ਤੂਫਾਨ ਤੋਂ ਪਹਿਲਾਂ ਦੀ ਚੁੱਪੀ ਨਾਂ ਸਾਬਤ ਹੋ ਜਾਵੇ। ਇਸ ਲਈ ਉਹ ਅਕਸਰ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਰੱਬਾ ਖੈਰ ਕਰੀਂ! ਇਹ ਝਗੜਾ ਸੁੱਖੀ ਸਾਂਦੀ ਨਿਬੇੜ ਦੇਵੀਂ।  

Share this Article
Leave a comment