ਮਾਨਸਾ ਤੋਂ ਬਾਅਦ ਰਾਜਾ ਵੜਿੰਗ ਨੂੰ ਬੁਢਲਾਡਾ ‘ਚ ਪਿਆ ਵਖ਼ਤ

TeamGlobalPunjab
2 Min Read

ਬਠਿੰਡਾ : ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਆਪਣੇ ਚੋਣ ਪ੍ਰਚਾਰ ਦੌਰਾਨ ਹਰ ਦਿਨ ਕਿਸੇ ਨਵੇਂ ਵਿਵਾਦ ਵਿੱਚ ਫਸਦੇ ਨਜ਼ਰ ਆ ਰਹੇ ਹਨ। ਵੜਿੰਗ ਵਲੋਂ ਆਮ ਲੋਕਾਂ ਦੇ ਘਰਾਂ ‘ਚ ਜਾ ਕੇ ਪ੍ਰਚਾਰ ਕਰਨ ਦੀ ਵਿੱਢੀ ਗਈ ਮੁਹਿੰਮ ਉਨ੍ਹਾਂ ਲਈ ਹੀ ਸਿਰ ਦਰਦੀ ਦਾ ਕਾਰਨ ਬਣਦੀ ਨਜ਼ਰ ਆ ਰਹੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇੱਕ ਨਵਾਂ ਵਿਵਾਦ ਉਨ੍ਹਾਂ ਨਾਲ ਉਸ ਸਮੇਂ ਜੁੜ ਗਿਆ ਜਦੋਂ ਉਹ ਕੁਝ ਕਾਂਗਰਸੀ ਲੀਡਰਾਂ ਨਾਲ ਬੁਢਲਾਡਾ ਵਿਖੇ ਇੱਕ ਵਿਅਕਤੀ ਦੇ ਘਰ ਗਏ ਤਾਂ ਉਸ ਵਿਅਕਤੀ ਵਲੋਂ ਰਾਜਾ ਵੜਿੰਗ ‘ਤੇ ਪੰਜਾਹ ਹਜ਼ਾਰ ਰੁਪਏ ਦੇਣ ਦੇ ਇਲਜ਼ਾਮ ਲਗਾਏ ਗਏ। ਇਸ ਸਾਰੇ ਮਾਮਲੇ ਦੀ ਵੀਡੀਓ ਵੀ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਾਫ ਦਿਖਾਈ ਦਿੰਦਾ ਹੈ ਕਿ ਕਿਵੇਂ ਰਾਜਾ ਵੜਿੰਗ ਉਸ ਵਿਅਕਤੀ ਦੇ ਘਰ ‘ਚ ਆਪਣੇ ਕਾਂਗਰਸੀ ਸਮਰਥਕਾਂ ਸਮੇਤ ਦਾਖਲ ਹੁੰਦੇ ਹਨ ‘ਤੇ ਕੁਝ ਸਮੇਂ ਬਾਅਦ ਹੀ ਉਸ ਦੇ ਘਰੋਂ ਬਾਹਰ ਨਿਕਲ ਆਉਂਦੇ ਹਨ ਅਤੇ ਉਹ ਵਿਅਕਤੀ ਹੰਗਾਮਾ ਸ਼ੁਰੂ ਕਰ ਦਿੰਦਾ ਹੈ।

ਇਸ ਸਾਰੀ ਘਟਨਾ ਤੋਂ ਬਾਅਦ ਰਾਜਾ ਵੜਿੰਗ ਨੇ ਇਸ ਬਾਰੇ ਆਪਣੇ ਫੇਸਬੁੱਕ ਪੇਜ ‘ਤੇ ਰਾਤ ਸਮੇਂ ਹੀ ਲਾਇਵ ਹੋ ਕੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ, “ਅਸੀਂ ਉਸ ਵਿਅਕਤੀ ਨੂੰ ਕਾਂਗਰਸ ‘ਚ ਸ਼ਾਮਲ ਕਰਵਾਉਣ ਗਏ ਸੀ ਅਤੇ ਇਸ ਦੌਰਾਨ ਅਸੀਂ ਜਦੋਂ ਉਸ ਦੇ ਘਰ ਦੇ ਅੰਦਰ ਬੈਠੇ ਤਾਂ ਇਸ ਟਿੰਕੂ ਨਾਂ ਦੇ ‘ਆਪ’ ਆਗੂ ਨੇ ਇਸ ਛੋਟੀ ਜਿਹੀ ਮੀਟਿੰਗ ਦੌਰਾਨ ਕਿਹਾ ਕਿ ਉਹ ਇੱਥੇ ਇੰਡਸਟਰੀ ਲਗਾ ਕੇ ਦੇਣ ਅਤੇ ਉਸ ਨੇ ਬਾਹਰ ਆ ਕੇ ਲੋਕਾਂ ਸਾਹਮਣੇ ਇਹ ਬੋਲ ਦਿੱਤਾ ਤਾਂ ਅਸੀਂ ਵੀ ਕਿਹਾ ਕਿ ਹਾਂ ਅਸੀ ਬੁਢਲਾਡੇ ਲਈ ਕੁਝ ਕਰਾਂਗੇ।” ਇਸ ਤੋਂ ਬਾਅਦ ਰਾਜਾ ਵੜਿੰਗ ਨੇ ਸ਼ਿਕਾਇਤ ਦਰਜ਼ ਕਰਵਾਉਣ ਦੀ ਵੀ ਗੱਲ ਵੀ ਕਹੀ ਹੈ।

ਇਸ ਸਾਰੀ ਘਟਨਾ ਤੋਂ ਬਾਅਦ ਰਾਜਾ ਵੜਿੰਗ ਅਤੇ ਉਸ ਵਿਅਕਤੀ ਵਲੋਂ ਦਿੱਤੀ ਜਾ ਰਹੀ ਸਫਾਈ ‘ਚ ਕੀ ਸੱਚ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ, ਪਰ ਰਾਜਾ ਵੜਿੰਗ ਨਾਲ ਚੋਣਾਂ ਦੌਰਾਨ ਹਰ ਰੋਜ਼ ਜੁੜ ਰਹੇ ਵਿਵਾਦਾਂ ਨੇ ਵਿਰੋਧੀਆਂ ਨੂੰ ਉਨ੍ਹਾਂ ਖਿਲਾਫ ਬੋਲਣ ਦਾ ਮੌਕਾ ਜ਼ਰੂਰ ਦੇ ਦਿੱਤਾ ਹੈ।

Share this Article
Leave a comment