ਭਾਰਤ, ਅਮਰੀਕਾ ਤੇ ਯੂਏਈ ਦੇ 200 ਤੋਂ ਵੱਧ ਹਿੰਦੂਆਂ ਨੇ ਪਾਕਿਸਤਾਨ ਦੇ ਟੇਰੀ ਮੰਦਰ ’ਚ ਕੀਤੀ ਪੂਜਾ

TeamGlobalPunjab
2 Min Read

ਪੇਸ਼ਾਵਰ: ਇੱਕ ਕੱਟੜਪੰਥੀ ਇਸਲਾਮੀ ਪਾਰਟੀ ਨਾਲ ਸਬੰਧਤ ਭੀੜ ਦੁਆਰਾ ਮੰਦਰ ਨੂੰ ਢਾਹ ਦਿੱਤੇ ਜਾਣ ਤੋਂ ਇੱਕ ਸਾਲ ਬਾਅਦ ਭਾਰਤ, ਅਮਰੀਕਾ ਅਤੇ ਖਾੜੀ ਖੇਤਰ ਦੇ 200 ਤੋਂ ਵੱਧ ਹਿੰਦੂ ਸ਼ਰਧਾਲੂਆਂ ਨੇ ਸ਼ਨੀਵਾਰ ਨੂੰ ਪਾਕਿਸਤਾਨ ਵਿੱਚ 100 ਸਾਲ ਪੁਰਾਣੇ ਮਹਾਰਾਜਾ ਪਰਮਹੰਸ ਜੀ ਮੰਦਰ ਵਿੱਚ ਸਖ਼ਤ ਸੁਰੱਖਿਆ ਦੇ ਵਿਚਕਾਰ ਪ੍ਰਾਰਥਨਾ ਕੀਤੀ । ਹਿੰਦੂਆਂ ਦੇ ਵਫ਼ਦ ਵਿੱਚ ਭਾਰਤ ਤੋਂ 200 ਦੇ ਕਰੀਬ ਸ਼ਰਧਾਲੂ, 15 ਦੁਬਈ ਤੋਂ, ਬਾਕੀ ਅਮਰੀਕਾ ਅਤੇ ਹੋਰ ਖਾੜੀ ਰਾਜਾਂ ਦੇ ਸ਼ਰਧਾਲੂ ਸ਼ਾਮਲ ਸਨ।

1919 ’ਚ ਮਹਾਰਾਜ ਪਰਮਹੰਸ ਜੀ ਨੇ ਟੇਰੀ ਪਿੰਡ ’ਚ ਆਖ਼ਰੀ ਸਾਹ ਲਿਆ ਸੀ। ਅਗਲੇ ਸਾਲ ਇੱਥੇ ਮੰਦਰ ਦਾ ਨਿਰਮਾਣ ਕਰਵਾਇਆ ਗਿਆ ਸੀ। ਪਿਛਲੇ ਸਾਲ ਕੱਟੜਪੰਥੀ ਇਸਲਾਮੀ ਪਾਰਟੀ ਦੀ ਅਗਵਾਈ ’ਚ ਭੀੜ ਨੇ ਮੰਦਰ ਨੂੰ ਕਾਫੀ ਨੁਕਸਾਨ ਪਹੁੰਚਾਇਆ ਸੀ। ਸੁਪਰੀਮ ਕੋਰਟ ਦੇ ਨਿਰਦੇਸ਼ ’ਤੇ ਮੰਦਰ ਦਾ ਮੁੜ ਤੋਂ ਨਿਰਮਾਣ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਸ਼ਰਧਾਲੂ ਲਾਹੌਰ ਦੇ ਨੇੜੇ ਵਾਹਗਾ ਬਾਰਡਰ ਤੋਂ ਪਾਰ ਆਏ ਸਨ, ਅਤੇ ਹਥਿਆਰਬੰਦ ਕਰਮਚਾਰੀਆਂ ਦੁਆਰਾ ਉਨ੍ਹਾਂ ਨੂੰ ਮੰਦਰ ਤੱਕ ਲਿਜਾਇਆ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਪਾਕਿਸਤਾਨੀ ਹਿੰਦੂ ਕੌਂਸਲ ਨੇ ਰਾਸ਼ਟਰੀ ਕੈਰੀਅਰ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਸਹਿਯੋਗ ਨਾਲ ਕੀਤਾ ਹੈ।ਪਾਕਿਸਤਾਨ ਹਿੰਦੂ ਪ੍ਰੀਸ਼ਦ ਵੱਲੋਂ ਇਸ ਯਾਤਰਾ ਲਈ ਟੇਰੀ ਪਿੰਡ ਨੂੰ ਇਕ ਕਿਲ੍ਹੇ ’ਚ ਤਬਦੀਲ ਕਰ ਦਿੱਤਾ ਗਿਆ ਸੀ। ਉੱਥੇ ਰੇਂਜਰ, ਖ਼ੁਫ਼ੀਆ ਏਜੰਸੀ ਤੇ ਹਵਾਈ ਅੱਡਾ ਸੁਰੱਖਿਆ ਬਲ ਦੇ 600 ਤੋਂ ਵੱਧ ਜਵਾਨ ਤਾਇਨਾਤ ਰਹੇ।

ਹਿੰਦੂ ਪ੍ਰੀਸ਼ਦ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਪੂਜਾ ਐਤਵਾਰ ਦੁਪਹਿਰ ਬਾਅਦ ਤਕ ਚੱਲਦੀ ਰਹੀ। ਪਿੰਡ ’ਚ ਸ਼ਰਧਾਲੂਆਂ ਦੇ ਠਹਿਰਣ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਸੀ। ਨੇੜੇ ਦੇ ਬਾਜ਼ਾਰਾਂ ’ਚ ਕਾਫੀ ਚਹਿਲ-ਪਹਿਲ ਰਹੀ। ਮੰਦਰ ਦੇ ਆਸਪਾਸ ਬੱਚੇ ਕ੍ਰਿਕਟ ਖੇਡਦੇ ਦਿਖਾਈ ਦਿੱਤੇ। ਹਿੰਦੂ ਭਾਈਚਾਰੇ ਦੇ ਕਾਨੂੰਨੀ ਮਾਮਲਿਆਂ ਦੇ ਇੰਚਾਰਜ ਰੋਹਿਤ ਕੁਮਾਰ ਨੇ ਕਿਹਾ ਕਿ ਇਹ ਮੌਕਾ ਇਲਾਕੇ ’ਚ ਸ਼ਾਂਤੀ ਤੇ ਆਪਸੀ ਭਾਈਚਾਰੇ ਨੂੰ ਵਧਾਏਗਾ।

Share this Article
Leave a comment