ਭਵਿੱਖ ‘ਚ ਸਫ਼ੈਦ ਦਾੜ੍ਹੀ ਵਾਲੇ ਨਜ਼ਰ ਆਉਣਗੇ ਮਨਜਿੰਦਰ ਸਿੰਘ ਸਿਰਸਾ, ਮੰਗੀ ਮਾਫ਼ੀ, ਪੰਜਾ ਪਿਆਰਿਆਂ ਨੇ ਲਾਈ ਸਜ਼ਾ

TeamGlobalPunjab
2 Min Read

ਅੰਮ੍ਰਿਤਸਰ : ਦਿੱਲੀ ਸਿੱਖ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਬੀਜੇਪੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇੜਲੇ ਭਵਿੱਖ ਵਿੱਚ ਚਿੱਟੀ ਦਾੜ੍ਹੀ ਵਾਲੇ ਨਜ਼ਰ ਆ ਸਕਦੇ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿ ਹੁਣ ਤੱਕ ਜਿਹੜੇ ਸਿਰਸਾ ਆਪਣੀ ਦਾੜ੍ਹੀ ਰੰਗਦੇ ਆਏ ਹਨ, ਉਨ੍ਹਾਂ ਨੇ ਇਸ ਤੋਂ ਤੌਬਾ ਕਰ ਲਈ ਹੈ। ਦੱਸ ਦਈਏ ਕਿ ਬੀਤੇ ਦਿਨੀਂ ਇਸ ਸਬੰਧ ਵਿੱਚ ਸਿਰਸਾ ਦੇ ਖਿਲਾਫ ਇੱਕ ਲਿਖਤੀ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੀ ਸੀ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਮਨਜਿੰਦਰ ਸਿੰਘ ਸਿਰਸਾ ਵੱਲੋਂ ਗੁਰਸਿੱਖ ਮਰਿਆਦਾ ਦੇ ਉਲਟ ਦਾੜ੍ਹੀ ਰੰਗੀ ਜਾ ਰਹੀ ਹੈ। ਜਿਸ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਸਿਰਸਾ ਨੂੰ ਲਿਖਤੀ ਸਪੱਸ਼ਟੀਕਰਨ ਦੇਣ ਦੇ ਹੁਕਮ ਦਿੱਤੇ ਸਨ।

ਇਸ ਸਬੰਧ ਵਿੱਚ ਦਿੱਲੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੰਬੋਧਨ ਕਰਦਿਆਂ ਇਹ ਲਿਖਤੀ ਸਪੱਸ਼ਟੀਕਰਨ ਭੇਜ ਦਿੱਤਾ ਹੈ। ਪਤਾ ਲੱਗਾ ਹੈ ਕਿ ਆਪਣੇ ਇਸ ਸਪੱਸ਼ਟੀਕਰਨ ਵਿੱਚ ਸਿਰਸਾ ਨੇ ਦਾੜ੍ਹੀ ਰੰਗਣ ਦੀ ਸ਼ਿਕਾਇਤ ਵਿੱਚ ਉਨ੍ਹਾਂ ‘ਤੇ ਲਾਏ ਗਏ ਇਲਜ਼ਾਮਾਂ ਨੂੰ ਕਬੂਲ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਤੋਂ ਗੁਰੂ ਮਰਿਆਦਾ ਦੀ ਉਲੰਘਣਾ ਹੋਈ ਹੈ ਤੇ ਉਨ੍ਹਾਂ ਨੇ ਆਪਣੀ ਗਲਤੀ ਕਬੂਲ ਕਰਦਿਆਂ ਦਿੱਲੀ ਵਿਖੇ ਪੰਜਾ ਪਿਆਰਿਆਂ ਅੱਗੇ ਪੇਸ਼ ਹੋ ਕੇ ਇਹ ਭੁੱਲ ਬਖ਼ਸ਼ਾ ਲਈ ਹੈ। ਸਿਰਸਾ ਅਨੁਸਾਰ ਪੰਜ ਪਿਆਰਿਆਂ ਵੱਲੋਂ ਇਸ ਮੌਕੇ ਜਿਹੜੀ ਧਾਰਮਿਕ ਸਜ਼ਾ ਦਿੱਤੀ ਗਈ ਸੀ ਉਨ੍ਹਾਂ ਨੇ ਉਹ ਧਾਰਮਿਕ ਸਜ਼ਾ ਪੂਰੀ ਕਰ ਲਈ ਹੈ। ਹੁਣ ਉਹ ਪੰਥ ਨੂੰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਹ ਭਰੋਸਾ ਦਿੰਦੇ ਹਨ ਕਿ ਉਹ ਭਵਿੱਖ ਵਿੱਚ ਕਦੇ ਵੀ ਦਾੜ੍ਹੀ ਨਹੀਂ ਰੰਗਣਗੇ। ਸਿਰਸਾ ਦੇ ਇਸ ਸਪੱਸ਼ਟੀਕਰਨ ਤੋਂ ਬਾਅਦ ਹੁਣ ਚਰਚਾ ਇਹ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਨ੍ਹਾਂ ਨੂੰ ਬਹੁਤ ਜਲਦ ਇਸ ਮਾਮਲੇ ਵਿੱਚ ਦੋਸ਼ ਮੁਕਤ ਕਰ ਦਿੱਤਾ ਜਾਵੇਗਾ। ਇਸ ਸਾਰੇ ਘਟਨਾਕ੍ਰਮ ਤੋਂ ਹਟਕੇ ਕੁਝ ਲੋਕਾਂ ਦੇ ਮਨਾਂ ਵਿੱਚ ਹੁਣ ਇਹ ਜਗਿਆਸਾ ਜਾਗਣੀ ਸ਼ੁਰੂ ਹੋ ਗਈ ਹੈ, ਕਿ ਦੇਖੋ ! ਮਨਜਿੰਦਰ ਸਿੰਘ ਸਿਰਸਾ ਹੁਣ ਚਿੱਟੀ ਦਾੜ੍ਹੀ ‘ਚ ਕਿਵੇਂ ਦੇ ਲੱਗਣਗੇ?

 

 

- Advertisement -

 

Share this Article
Leave a comment