ਬੱਚਾ ਬਣਿਆ ਸਪਾਈਡਰਮੈਨ, 20 ਫੁੱਟ ਉੱਚੀ ਛੱਤ ‘ਤੇ ਗਿਆ ਅੱਖਾਂ ‘ਤੇ ਪੱਟੀ ਬੰਨ੍ਹੀਂ, ਤੇ ਕੁੱਦ ਪਿਆ, ਸਿਰ ਤੋਂ ਪੈਰ ਤੱਕ ਸਾਰੀਆਂ ਹੱਡੀਆਂ ਟੁੱਟੀਆਂ

TeamGlobalPunjab
2 Min Read

ਤਰਨਤਾਰਨ : ਮੋਬਾਇਲ ‘ਤੇ ਗੇਮ ਖੇਡਣਾ ਬੱਚਿਆਂ ਲਈ ਕਿਸ ਹੱਦ ਤੱਕ ਖਤਰਨਾਕ ਹੋ ਸਕਦਾ ਹੈ ਇਸ ਦੀ ਪ੍ਰਤੱਖ ਉਦਾਹਰਨ  ਜਿਲ੍ਹੇ ਦੇ ਪਿੰਡ ਸ਼ੇਖ ‘ਚ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਇਸ ਪਿੰਡ ਦਾ ਵਸਨੀਕ ਇੱਕ 10 ਸਾਲਾ ਬੱਚਾ ਮੋਬਾਇਲ ‘ਤੇ ਸਪਾਈਡਰਮੈਨ ਗੇਮ ਖੇਡਦਾ ਖੇਡਦਾ 20 ਫੁੱਟ ਉੱਚੀ ਛੱਤ ‘ਤੇ ਜਾ ਚੜ੍ਹਿਆ, ਤੇ ਉੱਥੇ ਜਾ ਕੇ ਉਸ ਨੇ ਅੱਖਾਂ ‘ਤੇ ਪੱਟੀ ਬੰਨ੍ਹ ਕੇ ਛੱਤ ਤੋਂ ਸਪਾਈਡਰਮੈਨ ਦੇ ਅੰਦਾਜ਼ ਵਿੱਚ ਥੱਲੇ ਛਾਲ ਮਾਰ ਦਿੱਤੀ। ਜਿਸ ਦਾ ਨਤੀਜਾ ਇਹ ਨਿੱਕਲਿਆ ਕਿ ਬੱਚੇ ਦੀਆਂ ਸਿਰ ਤੋਂ ਲੈ ਕੇ ਪੈਰ ਤੱਕ ਲਗਭਗ ਸਾਰੀਆਂ ਹੱਡੀਆਂ ਟੁੱਟ ਗਈਆਂ ਹਨ, ਤੇ ਡਾਕਟਰਾਂ ਅਨੁਸਾਰ ਹੁਣ ਉਹ 6 ਮਹੀਨੇ ਮੰਜੇ ਤੋਂ ਉੱਠ ਨਹੀਂ ਸਕੇਗਾ।

ਇਸ ਸਬੰਧ ਵਿੱਚ ਜਖਮੀ ਬੱਚੇ ਹਰਮਨਦੀਪ ਸਿੰਘ ਦੇ ਪਿਤਾ ਰਛਪਾਲ ਸਿੰਘ ਨੇ ਦੱਸਿਆ ਕਿ ਇਹ ਘਟਨਾਂ ਉਸ ਵੇਲੇ ਵਾਪਰੀ ਜਦੋਂ ਹਰਮਨਦੀਪ ਆਪਣੇ ਮੁਹੱਲੇ ਦੇ ਬੱਚਿਆਂ ਨਾਲ ਸਪਾਈਡਰ ਮੈਨ ਗੇਮ ਖੇਡ ਰਿਹਾ ਸੀ। ਰਛਪਾਲ ਸਿੰਘ ਅਨੁਸਾਰ ਖੇਡਦੇ ਖੇਡਦੇ ਉਸ ਦਾ ਬੱਚਾ ਕਦੋਂ 20 ਫੁੱਟ ਉੱਚੀ ਛੱਤ ‘ਤੇ ਜਾ ਚੜ੍ਹਿਆ ਇਸ ਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਤੇ ਇਸ ਤੋਂ ਪਹਿਲਾਂ ਕਿਸੇ ਨੂੰ ਕੁਝ ਸਮਝ ਆਉਂਦਾ ਹਰਮਨਦੀਪ ਨੇ ਅੱਖਾਂ ‘ਤੇ ਪੱਟੀ ਬੰਨ੍ਹ ਕੇ ਸਪਾਈਡਰਮੈਨ ਦੇ ਅੰਦਾਜ਼ ਵਿੱਚ ਸਟੰਟ ਕਰਨਾ ਸ਼ੁਰੂ ਕਰ ਦਿੱਤਾ ਤੇ ਦੇਖਦੇ-ਹੀ-ਦੇਖਦੇ ਛੱਤ ਤੋਂ ਥੱਲੇ ਛਾਲ ਮਾਰ ਦਿੱਤੀ। ਦੁਖੀ ਰਛਪਾਲ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਹਰਮਨ ਦੇ ਸਰੀਰ ਦੀਆਂ ਸਿਰ ਤੋਂ ਲੈ ਕੇ ਪੈਰ ਤੱਕ ਬਹੁਤ ਸਾਰੀਆਂ ਹੱਡੀਆਂ ਟੁੱਟ ਗਈਆਂ ਹਨ ਤੇ ਡਾਕਟਰਾਂ ਨੇ ਉਸ ਦੇ ਸਿਰ ਹੱਥ ਤੇ ਲੱਤਾਂ ਦਾ ਆਪ੍ਰੇਸ਼ਨ ਕੀਤਾ ਹੈ।

ਇੱਧਰ ਦੂਜੇ ਪਾਸੇ ਹਰਮਨਦੀਪ ਦਾ ਇਲਾਜ ਕਰਨ ਵਾਲੇ ਡਾਕਟਰ ਗੁਰਇੰਦਰ ਸਿੰਘ ਨੇ ਦੱਸਿਆ ਕਿ ਭਾਵੇਂ ਕਿ ਹਰਮਨਦੀਪ ਸਿੰਘ ਦਾ ਆਪ੍ਰੇਸ਼ਨ ਠੀਕ-ਠਾਕ ਹੋ ਗਿਆ ਹੈ, ਪਰ ਇਸ ਦੇ ਬਾਵਜੂਦ ਉਸ ਨੂੰ ਠੀਕ ਹੋਣ ਵਿੱਚ 6 ਮਹੀਨੇ ਲੱਗ ਜਾਣਗੇ, ਤੇ ਇਸ ਦੌਰਾਨ ਉਹ ਮੰਜੇ ਤੋਂ ਉਠ ਨਹੀਂ ਸਕੇਗਾ।

Share this Article
Leave a comment