ਬੇਫਿਕਰ ਰਹੋ ਚਰਨਜੀਤ ਸ਼ਰਮਾਂ ਵਾਂਗ ਸਾਰਿਆਂ ਦਾ ਲਾਵਾਂਗੇ ਨੰਬਰ : ਐਸਆਈਟੀ

TeamGlobalPunjab
2 Min Read

ਚੰਡੀਗੜ੍ਹ : ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਉਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ ਜਿਸ ਵਿੱਚ ਕੁਝ ਵਿਸ਼ੇਸ਼ ਸਿਆਸਤਦਾਨਾਂ ਨੂੰ ਕਲੀਨ ਚਿੱਟ ਦਿੱਤੇ ਜਾਣ ਦੀ ਗੱਲ ਆਖੀ ਗਈ ਹੈ। ਇਸ ਸਬੰਧ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿੱਚ ਫਿਲਹਾਲ ਸਿਰਫ ਇੱਕ ਮੁਲਜ਼ਮ ਖਿਲਾਫ ਹੀ ਚਲਾਨ ਪੇਸ਼ ਕੀਤਾ ਗਿਆ ਹੈ। ਲਿਹਾਜਾ ਪੇਸ਼ ਕੀਤੇ ਗਏ ਚਲਾਨ ਵਿੱਚ ਇਸ ਘਟਨਾਂ ਦੌਰਾਨ ਉਸ ਸਖ਼ਸ਼ ਦਾ ਕੀ ਰੋਲ ਰਿਹਾ ਹੈ, ਸਿਰਫ ਇਸ ਗੱਲ ਦਾ ਜਿਕਰ ਹੈ, ਪਰ ਤਫਤੀਸ਼ ਅਜੇ ਜਾਰੀ ਹੈ, ਤੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਵੀ ਲੋਕ ਵੀ ਇਸ ਮਾਮਲੇ ਵਿੱਚ ਦੋਸ਼ੀ ਪਾਏ ਜਾਣਗੇ ਉਹ ਭਾਵੇਂ ਸਿਆਸਤਦਾਨ ਹੋਣ, ਤੇ ਭਾਵੇਂ ਕੋਈ ਸਧਾਰਨ ਵਿਅਕਤੀ, ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਜਾਰੀ ਕੀਤੇ ਗਏ ਬਿਆਨ ਵਿੱਚ ਬੁਲਾਰੇ ਨੇ ਕਿਹਾ ਹੈ, ਕਿ ਜਦੋਂ ਤੱਕ ਇਸ ਕੇਸ ਦੀ ਜਾਂਚ ਮੁਕੱਮਲ ਨਹੀਂ ਹੋ ਜਾਂਦੀ, ਉਦੋਂ ਤੱਕ ਕਿਸੇ ਨੂੰ ਕਲੀਨ ਚਿੱਟ ਦਿੱਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਬੁਲਾਰੇ ਨੇ ਦਾਅਵਾ ਕੀਤਾ ਕਿ ਜਿਹੜਾ ਚਲਾਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਉਹ ਠੋਸ ਸਬੂਤਾਂ ਦੇ ਅਧਾਰ ‘ਤੇ ਹਰ ਪਹਿਲੂ ਦੀ ਜਾਂਚ ਕਰਨ ਤੋਂ ਬਾਅਦ ਪੇਸ਼ ਕੀਤਾ ਗਿਆ ਹੈ। ਪਰ ਇਸ ਦੇ ਬਾਵਜੂਦ ਅਜੇ ਹੋਰ ਬਹੁਤ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾਣੀ ਬਾਕੀ ਹੈ ਤੇ ਪੂਰੀ ਜਾਂਚ ਤੋਂ ਬਾਅਦ ਤਰਤੀਮਾਂ ਚਲਾਨ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਵਿੱਚ ਆਪਣੇ ਆਪ ਹੀ ਇਹ ਗੱਲ ਲਿਖ ਦਿੱਤੀ ਗਈ ਕਿ ਸਿੱਟ ਨੇ ਕਿਸੇ ਨੂੰ ਕਲੀਨ ਚਿੱਟ ਦੇ ਦਿੱਤੀ ਹੈ, ਜੋ ਕਿ ਗਲਤ ਹੈ। ਉਨ੍ਹਾਂ ਕਿਹਾ ਕਿ ਪੇਸ਼ ਕੀਤਾ ਗਿਆ ਚਲਾਨ ਅਦੂਰੀ ਜਾਂਚ ‘ਤੇ ਅਧਾਰਿਤ ਹੈ, ਤੇ ਆਉਂਦੇ ਸਮੇਂ ਜਾਂਚ ‘ਚ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Share this Article
Leave a comment