ਬਾਦਲਾਂ ਦੀ ਕੋਠੀ ਅੱਗੇ ਸਿੱਖ ਜਥੇਬੰਦੀਆਂ ਦੀ ਡਾਂਗਮ-ਡਾਂਗੀ, ਅਸਲ ਮਕਸਦ ਤੋਂ ਭਟਕੀਆਂ, ਦੇਖਿਓ ਕਿਤੇ ਬਿੱਲੀਆਂ ਦੀ ਲੜਾਈ ਤੇ ਬਾਂਦਰ ਵਾਲੀ ਗੱਲ ਨਾ ਹੋ ਜਾਵੇ?

TeamGlobalPunjab
7 Min Read

ਕੁਲਵੰਤ ਸਿੰਘ

ਲੰਬੀ: ਬੀਤੀ ਕੱਲ੍ਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ ਵਿਖੇ ਸਿੱਖ ਜਥੇਬੰਦੀਆਂ ਆਪਸ ਵਿੱਚ ਖੂਬ ਡਾਂਗਮ-ਡਾਂਗੀ ਹੋਈਆਂ। ਇਸ ਦੌਰਾਨ 5 ਵਿਅਕਤੀ ਜ਼ਖਮੀ ਹੋਏ ਤੇ ਜਿਨ੍ਹਾਂ ਪੁਲਿਸ ਵਾਲਿਆਂ ਨੇ ਬਰਗਾੜੀ ਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਢੰਗ ਨਾਲ ਪਾਠ ਕਰਦੀ ਸਿੱਖ ਸੰਗਤ ਨੂੰ ਇਹ ਕਹਿੰਦਿਆਂ ਗੋਲੀਆਂ ਨਾਲ ਭੁੰਨ੍ਹ ਦਿੱਤਾ ਸੀ, ਕਿ ਇਹ ਹਮਲਾਵਰ ਹੋ ਗਏ ਸਨ, ਜਿਸ ਕਾਰਨ ਅਮਨ ਤੇ ਕਾਨੂੰਨ ਨੂੰ ਖ਼ਤਰਾ ਸੀ, ਉਹ ਪੁਲਿਸ ਵਾਲੇ ਸ਼ਰੇਆਮ ਇਨ੍ਹਾਂ ਲੋਕਾਂ ਨੂੰ ਆਪਸ ਵਿੱਚ ਡਾਂਗਾਂ ਅਤੇ ਤਲਵਾਰਾਂ ਨਾਲ ਖੂਨੀ ਲੜਾਈ ਲੜਦਿਆਂ ਵੇਖ ਕੇ ਵੀ ਚੁੱਪ ਰਹੇ। 25 ਸਿੱਖ ਜਥੇਬੰਦੀਆਂ ਦੇ ਇਹ ਲੋਕ ਬਾਦਲ ਭਜਾਓ, ਪੰਥ-ਪੰਜਾਬ ਬਚਾਓ ਰੋਸ ਮਾਰਚ ਲੈ ਕੇ ਪਿੰਡ ਬਾਦਲ ਵਿਖੇ ਪੁਲਿਸ ਦੇ ਬੈਰੀਕੇਟ ਤੋੜ ਬਾਦਲਾਂ ਦੀ ਕੋਠੀ ਦੇ ਬਾਹਰ ਤਾਂ ਪੁੱਜ ਗਏ, ਪਰ ਉੱਥੇ ਜਾ ਕੇ ਇਹ ਲੋਕ ਆਪਸ ‘ਚ ਇਸ ਲਈ ਲੜ ਪਏ, ਕਿ ਸਟੇਜ ਤੋਂ ਕੌਣ ਭਾਸ਼ਣ ਦੇਵੇਗਾ, ਤੇ ਕੌਣ ਨਹੀਂ? ਇੰਝ ਕੁੱਲ ਮਿਲਾ ਕੇ ਇਨ੍ਹਾਂ ਦੀ ਆਪਸੀ ਲੜਾਈ  ਕਾਰਨ ਇਹ ਲੋਕ ਉਸ ਮਕਸਦ ਤੋਂ ਖੁੰਝ ਗਏ ਜਿਸ ਮਕਸਦ ਲਈ ਇਹ ਲੋਕ ਉੱਥੇ ਗਏ ਸਨ।

ਹੋਇਆ ਇੰਝ ਕਿ ਚੋਣਾਂ ਦੇ ਮੱਦੇ ਨਜ਼ਰ ਇਨ੍ਹਾਂ 25 ਸਿੱਖ ਜਥੇਬੰਦੀਆਂ ਵੱਲੋਂ ਬਾਦਲਾਂ ਦਾ ਵਿਰੋਧ ਕਰਨ ਲਈ 8 ਮਈ ਤੋਂ ਲੈ ਕੇ 10 ਮਈ ਤੱਕ ਪਿੰਡ ਬਰਗਾੜੀ ਤੋਂ ਬਾਦਲਾਂ ਦੀ ਕੋਠੀ ਦੇ ਬਾਹਰ ਅਤੇ ਫਰੀਦਕੋਟ ਤੇ ਫਿਰੋਜ਼ਪੁਰ ਹਲਕਿਆਂ ਵਿੱਚ ਬਾਦਲ ਭਜਾਓ ਤੇ ਪੰਥ ਬਚਾਓ ਰੋਸ ਮਾਰਚ ਕੱਢਣ ਦਾ ਪ੍ਰੋਗਰਾਮ ਉਲੀਕਿਆ ਸੀ, ਤੇ ਇਨ੍ਹਾਂ ਦਾ ਕਹਿਣਾ ਸੀ ਕਿ ਇਸ ਰੋਸ ਮਾਰਚ ਰਾਹੀਂ ਇਹ ਲੋਕਾਂ ਨੂੰ ਬਾਦਲਾਂ ਖਿਲਾਫ ਜਾਗਰੁਕ ਕਰਨਗੇ। ਇਸੇ ਰਣਨੀਤੀ ਤਹਿਤ ਇਹ ਲੋਕ ਬਰਗਾੜੀ ਤੋਂ ਕੱਢ ਕੇ ਰੋਸ ਮਾਰਚ ਪਿੰਡ ਬਾਦਲ ਲੈ ਗਏ ਜਿੱਥੇ ਇਨ੍ਹਾਂ ਨੂੰ ਪੁਲਿਸ ਨੇ ਬੈਰੀਕੇਟ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਇਹ ਲੋਕ ਕਿਸੇ ਨਾ ਕਿਸੇ ਤਰੀਕੇ ਬੈਰੀਕੇਟ ਤੋੜ ਕਾ ਬਾਦਲਾਂ ਦੀ ਉਸ ਕੋਠੀ ਦੇ ਬਾਹਰ ਜਾ ਪਹੁੰਚੇ ਜਿਸ ਦੇ ਅੰਦਰ ਪ੍ਰਕਾਸ਼ ਸਿੰਘ ਬਾਦਲ ਆਪ ਖੁਦ ਮੌਜੂਦ ਸਨ। ਜਿਨ੍ਹਾਂ ਨੇ ਸ਼ਾਮ 4 ਵਜੇ ਪਿੰਡ ਘਮਿਆਰਾ ਅਤੇ ਲੌਹਾਰਾ ਵਿਖੇ ਚੋਣ ਰੈਲੀ ਕਰਨ ਜਾਣਾ ਸੀ, ਪਰ ਉਹ ਗੇਟ ਅੱਗੇ ਧਰਨਾ ਲੱਗਿਆ ਹੋਣ ਕਾਰਨ ਉਹ ਨਹੀਂ ਜਾ ਸਕੇ। ਇੱਥੇ ਹੀ ਮੋਰਚੇ ਦੀ ਅਗਵਾਈ ਕਰ ਰਹੇ। ਇੱਥੇ ਬੋਲਦਿਆਂ ਧਿਆਨ ਸਿੰਘ ਮੰਡ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਕਿਹਾ, ਕਿ ਉਨ੍ਹਾਂ ਨੇ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਤਬਾਦਲੇ ਦੇ ਵਿਰੋਧ ‘ਚ ਇਹ ਧਰਨਾ ਦਿੱਤਾ ਹੈ। ਜਿਨ੍ਹਾਂ ਦਾ ਦੋਸ਼ ਸੀ ਕਿ ਬਾਦਲਾਂ ਦੀ ਸ਼ਿਕਾਇਤ ‘ਤੇ ਹੀ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਹੋਈ ਹੈ।

ਇਸ ਦੌਰਾਨ ਜਦੋਂ ਸਟੇਜ ਤੋਂ ਬੋਲਦੇ ਕੁਝ ਹੋਰ ਆਗੂਆਂ ਨੇ ਵੀ ਬੇਅਦਬੀ ਕਾਂਡ ਲਈ ਬਾਦਲਾਂ ਨੂੰ ਜਿੰਮੇਵਾਰ ਠਹਿਰਾਉਂਦਿਆਂ ਸਿੱਖ ਪੰਥ ਅਤੇ ਪੰਜਾਬੀਆਂ ਨੂੰ ਬਾਦਲਾਂ ਦੇ ਖਿਲਾਫ ਭੁਗਤਨ ਦੀ ਅਪੀਲ ਕੀਤੀ ਗਈ ਤਾਂ ਮੁਤਵਾਜੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਟੇਜ ਤੋਂ ਇਹ ਕਹਿ ਦਿੱਤਾ ਕਿ ਬੇਅਦਬੀਆਂ ਦਾ ਮੁੱਦਾ ਬੇਹੱਦ ਗੰਭੀਰ ਹੈ, ਜਿਸ ਲਈ ਇਸ ‘ਤੇ ਸਾਰੇ ਬੁਲਾਰੇ ਤਕਰੀਰਾਂ ਕਰਨਗੇ।  ਇਸ ਦੇ ਉਲਟ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਸੁਖਜੀਤ ਸਿੰਘ ਖੋਸਾ ਨੇ ਸਮੇਂ ਦੀ ਘਾਟ ਦਾ ਵਾਸਤਾ ਦਿੰਦਿਆਂ ਕਿਹਾ ਕਿ ਸਿਰਫ ਮੁੱਖ ਆਗੂ ਹੀ ਇਸ ਮੁੱਦੇ ‘ਤੇ ਆਪਣੇ ਵਿਚਾਰ ਰੱਖਣਗੇ। ਇਸ ਦੌਰਾਨ ਬਲਜੀਤ ਸਿੰਘ ਦਾਦੂਵਾਲ ਅਤੇ ਸੁਖਜੀਤ ਸਿੰਘ ਖੋਸਾ ਮਾਇਕ ‘ਤੇ ਬੋਲਣ ਨੂੰ ਲੈ ਕੇ ਆਪਸ ‘ਚ ਭਿੜ ਗਏ ਤੇ ਉੱਥੇ ਬੈਠੇ ਦੋਵਾਂ ਆਗੂਆਂ ਦੇ ਸਮਰਥਕ ਉਨ੍ਹਾਂ ਦੇ ਸਮਰਥਨ ਵਿੱਚ ਆ ਗਏ। ਇੱਥੇ ਹੀ ਆ ਕੇ ਗੱਲ ਵਧ ਗਈ ਤੇ ਦੋਵਾਂ ਪਾਸਿਓਂ ਲੱਤਾ, ਮੁੱਕੇ, ਘਸੁੰਨ ਤੇ ਕਿਰਪਾਨਾਂ ਨਾਲ ਇੱਕ ਦੂਜੇ ‘ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਗਏ। ਇਸ ਲੜਾਈ ਵਿੱਚ ਬਲਜੀਤ ਸਿੰਘ ਦਾਦੂਵਾਲ ਅਤੇ ਸੁਖਜੀਤ ਸਿੰਘ ਖੋਸਾ ਦੇ ਮਾਮੂਲੀ ਸੱਟਾਂ ਵੀ ਲੱਗੀਆਂ,ਪਰ ਇਸ ਦੇ ਬਾਵਜੂਦ ਵੀ ਉਹ ਪੁਲਿਸ ਵਾਲੇ ਮੂਕ ਦਰਸ਼ਕ ਬਣਕੇ ਉੱਥੇ ਖੜ੍ਹੇ ਰਹੇ ਜਿਨ੍ਹਾਂ ਨੂੰ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਭਰੇ ਟੈਕਸ ਵਿੱਚੋਂ ਸਮਾਜ ਵਿੱਚ ਅਮਨ ਤੇ ਕਾਨੂੰਨ ਦੀ ਰੱਖਿਆ ਲਈ ਨੌਕਰੀਆਂ ‘ਤੇ ਰੱਖਿਆ ਜਾਂਦਾ ਹੈ। ਗਨੀਮਤ ਇਹ ਰਹੀ ਕਿ ਮੌਕੇ ‘ਤੇ ਸਿਆਣੇ ਲੋਕਾਂ ਨੇਂ ਇਨ੍ਹਾਂ ਨੂੰ ਸ਼ਾਂਤ ਕਰ ਦਿੱਤਾ ਜਿਸ ਤੋਂ ਬਾਅਦ ਡੇਢ ਘੰਟਾ ਉੱਥੇ ਬੀਤਾਉਣ ਤੋਂ ਮਗਰੋਂ ਇਹ ਲੋਕ ਉੱਥੋਂ ਚਲੇ ਗਏ।

- Advertisement -

ਇਸ ਸਬੰਧ ਵਿੱਚ ਪ੍ਰਤੀਕਿਰਿਆ ਦਿੰਦਿਆਂ ਸਤਿਕਾਰ  ਕਮੇਟੀ ਦੇ ਪ੍ਰਧਾਨ ਸੁਖਜੀਤ ਸਿੰਘ ਖੋਸਾ ਨੇ ਦੋਸ਼ ਲਾਇਆ ਕਿ ਮਾਰਚ ਦੀ ਸ਼ੁਰੂਆਤ ਤੋਂ ਹੀ ਬਲਜੀਤ ਸਿੰਘ ਦਾਦੂਵਾਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਰਹੇ ਹਨ, ਜਦਕਿ ਦਾਦੂਵਾਲ ਦਾ ਇਸ ਰੋਸ ਮਾਰਚ ਵਿੱਚ ਕੋਈ ਬਹੁਤਾ ਯੋਗਦਾਨ ਨਹੀਂ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਬਲਜੀਤ ਸਿੰਘ ਦਾਦੂਵਾਲ ਇਸ ਰੋਸ ਮਾਰਚ ‘ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸੰਗਤ ਉਨ੍ਹਾਂ ਨੂੰ ਸਟੇਜ ਤੋਂ ਬੋਲਣ ਨਹੀਂ ਦੇਣਾ ਚਾਹੁੰਦੀ ਸੀ, ਪਰ ਇਸ ਦੇ ਬਾਵਜੂਦ ਦਾਦੂਵਾਲ ਨੇ ਜਬਰਦਸਤੀ ਸਟੇਜ ਤੋਂ ਬੋਲਣ ਦੀ ਕੋਸ਼ਿਸ਼ ਕੀਤੀ ਕਾਰਨ ਇਹ ਲੜਾਈ ਵਧ ਗਈ।

ਇਹ ਤਾਂ ਸੀ ਉਹ ਘਟਨਾ ਜੋ ਪਿੰਡ ਬਾਦਲ ਵਿਖੇ ਵਾਪਰੀ ਤੇ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ, ਪਰ ਇਸ ਘਟਨਾ ਚੱਕਰ ਨੂੰ ਦੂਰੋਂ ਨੇੜਿਓਂ ਵਾਚ ਰਹੇ ਸਿੱਖ ਵਿਦਵਾਨਾਂ ਅਤੇ ਸਿਆਸੀ ਮਾਹਰਾਂ ਅਨੁਸਾਰ ਇਨ੍ਹਾਂ ਸਿੱਖ ਜਥੇਬੰਦੀਆਂ ਨੇ ਜਿਸ ਮਕਸਦ ਲਈ ਇਹ ਰੋਸ ਮਾਰਚ ਕੱਢਿਆ ਸੀ ਤੇ ਜਿਸ ਮਕਸਦ ਲਈ ਇਹ ਆਪਣੀ ਜਾਨ ‘ਤੇ ਖੇਡ ਕੇ ਪੁਲਿਸ ਦੇ ਬੈਰੀਕੇਟ ਤੋੜ ਕੇ ਬਾਦਲਾਂ ਦੀ ਕੋਠੀ ਅੱਗੇ ਵੀ ਜਾ ਪਹੁੰਚੇ ਸਨ, ਆਪਸ ‘ਚ ਲੜ ਕੇ ਇਹ ਉਸ ਮਕਸਦ ਤੋਂ ਕੋਹਾਂ ਦੂਰ ਚਲੇ ਗਏ। ਲੋਕਾਂ ਨੂੰ ਯਾਦ ਰਿਹਾ ਤਾਂ ਇਨ੍ਹਾਂ ਦਾ ਆਪਸੀ ਕਲੇਸ਼, ਲੋਕਾਂ ਵਿੱਚ ਤਸਵੀਰਾਂ ਗਈਆਂ ਤਾਂ ਇਨ੍ਹਾਂ ਦੇ ਡਾਂਗਮ ਡਾਂਗੀ ਹੋਣ ਦੀਆਂ। ਇਸ ਦਾ ਨਤੀਜਾ ਇਹ ਨਿੱਕਲਿਆ ਕਿ ਜਿਸ ਮਕਸਦ ਲਈ ਇਹ ਰੋਸ ਮਾਰਚ ਕੱਢਿਆ ਗਿਆ ਸੀ, ਉਸ ਮਕਸਦ ਦੀਆਂ ਖ਼ਬਰਾਂ ਮੀਡੀਆ ਵਿੱਚੋਂ ਅਲੋਪ ਹੋ ਗਈਆਂ। ਇਸ ਤੋਂ ਹਟ ਕੇ ਜੇਕਰ ਸੋਚਿਆ ਜਾਵੇ ਤਾਂ ਇਹ ਠੀਕ ਉੰਝ ਹੋਇਆ ਹੈ ਜਿਵੇਂ ਸਿੱਖ ਰਾਜ ਦੇ ਪਤਨ ਵੇਲੇ ਹੋਇਆ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਆਪਸ ਵਿੱਚ ਲੜ ਪਏ, ਤੇ ਉਸ ਦੌਰਾਨ ਜਿਹੜਾ ਸਿੱਖ ਰਾਜ ਇਰਾਨ ਇਰਾਕ ਤੋਂ ਲੈ ਕੇ ਚੀਨ ਤੱਕ ਫੈਲਿਆ ਹੋਇਆ ਸੀ, ਸਿੱਖਾਂ ਦੀ ਆਪਸੀ ਲੜਾਈ ਨੇ ਉਸ ਰਾਜ ਨੂੰ ਅੱਜ ਇੰਨੇ ਜੋਗਾ ਵੀ ਨਹੀਂ ਛੱਡਿਆ ਕਿ ਉਹ ਆਪਣੀਆਂ ਵੱਧ ਸੀਟਾਂ ਦਾ ਪ੍ਰਭਾਵ ਦਿਖਾ ਕੇ ਕੇਂਦਰ ਵਿਚਲੀਆਂ ਸਰਕਾਰਾਂ ਤੋਂ ਆਪਣੀ ਗੱਲ ਮੰਨਵਾ ਸਕਦੇ। ਇੰਨਾਂ ਸਿੱਖ ਜਥੇਬੰਦੀਆਂ ਨੇ ਤਾਂ ਆਪਸ ਵਿੱਚ ਲੜ ਕੇ ਜਨਤਕ ਤੌਰ ‘ਤੇ ਆਪਣਾ ਜੋ ਕੁਝ ਕਢਾਉਣਾਂ ਸੀ, ਉਹ ਕਢਾ ਲਿਆ ਹੈ, ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬ ਦੀ ਜਨਤਾ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਆਪਣੇ ਨਾਲ ਹੁੰਦੀਆਂ ਵਧੀਕੀਆਂ ਦੇ ਖਿਲਾਫ ਇੱਕ ਜੁੱਟ ਹੋ ਪਾਵੇਗੀ ਜਾਂ ਨਹੀਂ? ਨਹੀਂ ਤਾਂ ਬਿੱਲੀਆਂ ਦੀ ਲੜਾਈ ਵਿੱਚ ਬਾਂਦਰ ਪਹਿਲਾਂ ਵੀ ਫਾਇਦਾ ਉਠਾਉਂਦੇ ਆਏ ਹਨ ਤੇ ਅੱਗੋਂ ਵੀ ਫਾਇਦਾ ਉਠਾਂਉਦੇ ਰਹਿਣਗੇ।

Share this Article
Leave a comment