ਬਹਿਬਲ ਕਾਂਡ : SIT ਖਿਲਾਫ ਅਕਾਲੀਆਂ ਦੀ ਮਦਦ ਕਰ ਰਹੀ ਐ ਹਰਿਆਣਾ ਸਰਕਾਰ? ਅਦਾਲਤੀ ਹੁਕਮਾਂ ‘ਤੇ ਵੀ ਡੇਰਾ ਮੁਖੀ ਤੋਂ ਜਾਂਚ ਨਹੀਂ ਕਰਨ ਦਿੱਤੀ

TeamGlobalPunjab
17 Min Read

ਕੁਲਵੰਤ ਸਿੰਘ

ਚੰਡੀਗੜ੍ਹ : ਇੱਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ, ਪੰਜਾਬ ਦੇ ਮੁੱਖ ਚੋਣ ਅਧਿਕਾਰੀ ਤੋਂ ਇਹ ਮੰਗ ਕਰ ਰਹੀ ਹੈ ਕਿ ਬੇਅਦਬੀ ਕਾਂਡ ਤੋਂ ਬਾਅਦ ਵਾਪਰੇ ਗੋਲੀ ਕਾਂਡਾਂ ਦੀ ਜਾਂਚ ਕਰ ਰਹੇ ਐਸਆਈਟੀ ਮੈਂਬਰ, ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਚੋਣਾਂ ਦੌਰਾਨ ਸੂਬੇ ਤੋਂ ਬਾਹਰ ਤਬਦੀਲ ਕੀਤਾ ਜਾਵੇ, ਉੱਥੇ ਦੂਜੇ ਪਾਸੇ ਹਰਿਆਣਾ ਸਰਕਾਰ ਨੇ ਤਾਂ ਇਸ ਪੁਲਿਸ ਅਧਿਕਾਰੀ ਨੂੰ ਅਦਾਲਤੀ ਹੁਕਮਾਂ ਦੇ ਬਾਵਜੂਦ ਉਸ ਵੇਲੇ ਇਨ੍ਹਾਂ ਮਾਮਲਿਆਂ ਦੀ ਜਾਂਚ ਵਿੱਚ ਸਹਿਯੋਗ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ, ਜਦੋਂ ਕੁੰਵਰ ਵਿਜੈ ਪ੍ਰਤਾਪ ਸਿੰਘ ਆਪਣੀ ਟੀਮ ਸਮੇਤ ਹਰਿਆਣਾ ਦੀ ਸੁਨਾਰੀਆ ਜੇਲ੍ਹ ਅੰਦਰ ਬੰਦ ਡੇਰਾ ਸਿਰਸਾ ਮੁਖੀ ਰਾਮ ਰਹੀਮ ਕੋਲੋਂ ਪੁੱਛ-ਗਿੱਛ ਕਰਨ ਪੁੱਜੇ ਸਨ। ਇਸ ਮਾਮਲੇ ਵਿੱਚ ਜਿੱਥੇ ਅਕਾਲੀ ਆਗੂਆਂ ਦਾ ਇਹ ਦੋਸ਼ ਹੈ, ਕਿ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਇਹ ਜਾਂਚ, ਪੱਖ ਪਾਤੀ ਢੰਗ ਨਾਲ ਕਰ ਰਹੇ ਹਨ, ਤੇ ਇਸ ਦਾ ਨੁਕਸਾਨ ਪਾਰਟੀ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਹੋਵੇਗਾ, ਉੱਥੇ ਦੂਜੇ ਪਾਸੇ ਗੁਆਂਢੀ ਸੂਬੇ ਦੀ ਬੀਜੇਪੀ ਸਰਕਾਰ ਦੇ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਕੀਤੀ ਜਾ ਰਹੀ ਇਸੇ ਜਾਂਚ ਵਿੱਚ ਅੜਿੱਕਾ ਲਾ ਰਹੇ ਹਨ। ਇਹ ਸਭ ਦੇਖ ਕੇ ਵਿਰੋਧੀਆਂ ਵੱਲੋਂ ਹਰਿਆਣਾ ਦੀ ਬੀਜੇਪੀ ਸਰਕਾਰ ਉੱਤੇ ਅਕਾਲੀਆਂ ਦੀ ਮਦਦ ਵਿੱਚ ਉਤਰ ਆਉਣ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਬਲ ਮਿਲਦਾ ਦਿਖਾਈ ਦੇ ਰਿਹਾ ਹੈ।

ਕੀ ਹੈ ਸਾਰਾ ਰੌਲਾ?

ਦੱਸ ਦਈਏ ਕਿ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਨੇ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਸੂਬੇ ‘ਤੋਂ ਬਾਹਰ ਤਬਦੀਲ ਕਰਨ ਦੀ ਮੰਗ ਕੀਤੀ ਸੀ, ਕਿਉਂਕਿ ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਅੰਦਰ ਇਹ ਅਧਿਕਾਰੀ (ਕੁੰਵਰ ਵਿਜੈ ਪ੍ਰਤਾਪ ਸਿੰਘ) ਅਹਿਮ ਭੂਮਿਕਾ ਨਿਭਾ ਰਹੇ ਹਨ, ਤੇ ਅਕਾਲੀਆਂ ਦਾ ਇਹ ਦੋਸ਼ ਸੀ ਕਿ ਆਈਜੀ ਵੱਲੋਂ ਕੀਤੀ ਜਾ ਰਹੀ ਇਹ ਜਾਂਚ ਪੱਖ-ਪਾਤੀ ਹੈ। ਅਕਾਲੀ ਸੂਤਰਾਂ ਅਨੁਸਾਰ ਪਾਰਟੀ ਆਗੂਆਂ ‘ਤੇ ਖਾਸ ਕਰ ਬਾਦਲਾਂ ਨੂੰ ਇਹ ਵੀ ਡਰ ਹੈ ਕਿ ਚੋਣਾਂ ਦੌਰਾਨ ਐਸਆਈਟੀ ਜੇਕਰ ਆਪਣੀਆਂ ਸਰਗਰਮੀਆਂ ਵਧਾਉਂਦੀ ਹੈ, ਤੇ ਉਸ ਦੌਰਾਨ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਕੀਤੀ ਗਈ ਜਾਂਚ ਦਾ ਅਸਰ ਪਾਰਟੀ ‘ਤੇ ਮੌਜੂਦਾ ਚੋਣਾਂ ਦੌਰਾਨ ਪੈਣਾ ਲਾਜ਼ਮੀ ਹੈ। ਇਨ੍ਹਾਂ ਹਾਲਾਤਾਂ ਵਿੱਚ ਪਾਰਟੀ ਇਹ ਨੁਕਸਾਨ ਝੱਲਣ ਦੀ ਹਾਲਤ ਵਿੱਚ ਨਹੀਂ ਹੈ। ਲਿਹਾਜਾ ਅਕਾਲੀਆਂ ਵੱਲੋਂ ਇਹ ਯਤਨ ਕੀਤੇ ਜਾ ਰਹੇ ਹਨ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਆਉਣ ਵਾਲੇ ਸਮੇਂ ‘ਚ ਚੋਣਾਂ ਦੌਰਾਨ ਆਪਣੀਆਂ ਸੰਭਾਵੀ ਗਤੀਵਿਧੀਆਂ ਨਾ ਵਧਾਉਂਣ। ਇਸ ਲਈ ਪਾਰਟੀ ਵੱਲੋਂ ਆਈਜੀ ਨੂੰ ਨਿਸ਼ਾਨੇ ‘ਤੇ ਲੈਣ ਲਈ ਵਿਸ਼ੇਸ਼ ਰਣਨੀਤੀ ਵੀ ਅਪਣਾਈ ਜਾ ਰਹੀ ਹੈ, ਤੇ ਦੋਸ਼ ਹੈ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਸੂਬੇ ਤੋਂ ਬਾਹਰ ਤਬਦੀਲ ਕਰਨ ਦੀ ਮੰਗ ਕਰਨਾ ਵੀ ਉਸੇ ਵਿਸ਼ੇਸ਼ ਰਣਨੀਤੀ ਦਾ ਹੀ ਇੱਕ ਹਿੱਸਾ ਹੈ।

- Advertisement -

ਕੀ ਕਰ ਰਹੇ ਹਨ ਹਰਿਆਣਾ ਦੀ ਬੀਜੇਪੀ ਸਰਕਾਰ ਦੇ ਅਧਿਕਾਰੀ?

ਇਸ ਗੱਲ ਦੇ ਜੇਕਰ ਹੋਰ ਵਿਸਥਾਰ ਵਿੱਚ ਜਾਈਏ ਤਾਂ ਇੱਕ ਕੜੀ ਹੋਰ ਜੁੜਦੀ ਪ੍ਰਤੀਤ ਹੁੰਦੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਬੀਤੀ ਕੱਲ੍ਹ ਜਦੋਂ ਹਰਿਆਣਾ ਦੇ ਰੋਹਤਕ ‘ਚ ਪੈਂਦੀ ਸੁਨਾਰੀਆ ਜੇਲ੍ਹ ਅੰਦਰ ਬੰਦ ਡੇਰਾ ਸਿਰਸਾ ਮੁਖੀ ਰਾਮ ਰਹੀਮ ਤੋਂ ਬੇਅਦਬੀ ਮਾਮਲਿਆਂ ਸਬੰਧੀ ਪੁੱਛਗਿੱਛ ਕਰਨ ਪਹੁੰਚੀ ਤਾਂ ਜਾਂਚ ਟੀਮ ਦੇ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਹਰਿਆਣਾ ਸਰਕਾਰ ਦੇ ਅਧਿਕਾਰੀਆਂ ਨੇ ਅਦਾਲਤੀ ਹੁਕਮਾਂ ਦੇ ਬਾਵਜੂਦ ਬਾਬੇ ਨੂੰ ਮਿਲਣ ਨਹੀਂ ਦਿੱਤਾ। ਐਸਆਈਟੀ ਮੈਂਬਰ ਅਨੁਸਾਰ ਜਦੋਂ ਟੀਮ ਮੈਂਬਰ ਸੁਨਾਰੀਆ ਜੇਲ੍ਹ ਪੁੱਜੇ ਤਾਂ ਜੇਲ੍ਹ ਪ੍ਰਸਾਸ਼ਨ ਨੇ ਉਨ੍ਹਾਂ ਦੀ ਮੁਲਾਕਾਤ ਰਾਮ ਰਹੀਮ ਨਾਲ ਕਰਾਉਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ, ਜੇਕਰ ਐਸਆਈਟੀ ਨੇ ਡੇਰਾ ਮੁਖੀ ਤੋਂ ਕਿਸੇ ਮਾਮਲੇ ‘ਚ ਪੜਤਾਲ ਕਰਨੀ ਹੈ ਤਾਂ ਉਹ ਜਿਲ੍ਹਾ ਮੈਜਿਸਟ੍ਰੇਟ ਯਾਨੀਕਿ ਡੀਸੀ ਤੋਂ ਇਜਾਜ਼ਤ ਲੈ ਕੇ ਆਉਣ। ਇਸ ਤੋਂ ਬਾਅਦ ਐਸਆਈਟੀ ਨੇ ਜਿਲ੍ਹਾ ਮੈਜਿਸਟ੍ਰੇਟ ਨਾਲ ਸੰਪਰਕ ਕਰਕੇ ਬਾਬੇ ਕੋਲੋਂ ਪੁੱਛਗਿੱਛ ਕਰਨ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ, ਪਰ ਹਰਿਆਣਾ ਸਰਕਾਰ ਦੇ ਇਸ ਅਧਿਕਾਰੀ ਨੇ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ। ਇਸ ਬਾਰੇ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਉਹ ਹਰਿਆਣਾ ਸਰਕਾਰ ਤੋਂ ਇਜਾਜ਼ਤ ਲੈਣ ਲਈ ਇੱਕ ਵਾਰ ਫਿਰ ਸੰਪਰਕ ਕਰਨਗੇ।

ਇੱਥੇ ਦੱਸ ਦਈਏ ਕਿ ਐਸਆਈਟੀ ਨੇ ਫਰੀਦਕੋਟ ਦੀ ਅਦਾਲਤ ਵਿੱਚ ਡੇਰਾ ਮੁਖੀ ਕੋਲੋਂ ਪੁੱਛ ਪੜਤਾਲ ਕਰਨ ਲਈ ਅਰਜ਼ੀ ਪਾਈ ਸੀ, ਜਿਸ ਤੋਂ ਬਾਅਦ ਲੰਘੀ 20 ਮਾਰਚ ਨੂੰ ਇਲਾਕਾ ਮੈਜਿਸਟ੍ਰੇਟ ਏਕਤਾ ਉਪਲ ਦੀ ਅਦਾਲਤ ਨੇ ਐਸਆਈਟੀ ਨੂੰ ਇਹ ਇਜਾਜ਼ਤ ਦੇ ਦਿੱਤੀ ਸੀ। ਪਰ ਇਨ੍ਹਾਂ ਅਦਾਲਤੀ ਹੁਕਮਾਂ ਦੇ ਬਾਵਜੂਦ ਹਰਿਆਣਾ ਸਰਕਾਰ ਦੇ ਅਧਿਕਾਰੀਆਂ ਵੱਲੋਂ ਜਾਂਚ ਟੀਮ ਨੂੰ ਬਾਬੇ ਨਾਲ ਮੁਲਾਕਾਤ ਕਰਨ ਤੋਂ ਰੋਕ ਦੇਣਾ ਕਿਤੇ-ਨਾ-ਕਿਤੇ ਦਾਲ ਵਿੱਚ ਕਾਲੇ ਵੱਲ ਇਸ਼ਾਰਾ ਕਰ ਰਿਹਾ ਹੈ।

ਚਲੋ ਕੜੀ-ਦਰ-ਕੜੀ ਜੋੜਦੇ ਹਾਂ

ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਐਸਆਈਟੀ ਰਾਮ ਰਹੀਮ ਨੂੰ ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਦੀ ਇੱਕ ਅਹਿਮ ਕੜੀ ਵਜੋਂ ਦੇਖਦੀ ਹੈ ਕਿਉਂਕਿ ਸਾਲ 2007 ਦੌਰਾਨ ਜਿਸ ਵੇਲੇ ਡੇਰਾ ਮੁਖੀ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੁਸ਼ਾਕ ਪਾ ਕੇ ਗੁਰੂ ਸਾਹਿਬ ਜੀ ਦਾ ਸਵਾਂਗ ਰਚਣ ਦੇ ਦੋਸ਼ ਲੱਗੇ ਸਨ, ਉਸ ਵੇਲੇ ਪੰਜਾਬ ਵਿੱਚ ਚਾਰੇ ਪਾਸੇ ਸਿੱਖਾਂ ਤੇ ਡੇਰਾ ਪ੍ਰੇਮੀਆਂ ਦਰਮਿਆਨ ਖੂਨੀ ਝੜਪਾਂ ਹੋਈਆਂ ਸਨ। ਜਿਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਕਿ ਕੋਈ ਵੀ ਗੁਰੂ ਦਾ ਸਿੱਖ ਡੇਰਾ ਮੁਖੀ ਅਤੇ ਉਸ ਦੇ ਪ੍ਰੇਮੀਆਂ ਨਾਲ ਕੋਈ ਵਾਹ ਵਾਸਤਾ ਨਹੀਂ ਰੱਖੇਗਾ ਤੇ ਨਾ ਹੀ ਉਨ੍ਹਾਂ ਨੂੰ ਕਿਸੇ ਕੰਮ ਵਿੱਚ ਸਹਿਯੋਗ ਦੇਵੇਗਾ।

- Advertisement -

ਇਸ ਤੋਂ ਬਾਅਦ ਸਾਲ 2015 ਦੌਰਾਨ ਜਿਸ ਵੇਲੇ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਹੋਈਆਂ ਸਨ, ਉਸ ਤੋਂ ਕੁਝ ਚਿਰ ਪਹਿਲਾਂ ਹੀ ਡੇਰਾ ਮੁਖੀ ਦੀ ਵਿਵਾਦਿਤ ਫਿਲਮ ਐਮ ਐਸ ਜੀ-2 ਆਈ ਸੀ, ਤੇ ਉਸ ਦੌਰਾਨ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਕੀਤਾ ਗਿਆ ਉਹ ਹੁਕਮਨਾਮਾ ਸਿੱਖ ਪੰਥ ‘ਤੇ ਲਾਗੂ ਸੀ। ਇਸ ਹੁਕਮਨਾਮੇਂ ‘ਤੇ ਚਲਦਿਆਂ ਸਿੱਖਾਂ ਵੱਲੋਂ ਬਾਬੇ ਦੀ ਇਹ ਫਿਲਮ ਪੰਜਾਬ ਵਿੱਚ ਨਾ ਚੱਲਣ ਦੇਣ ਦਾ ਐਲਾਨ ਕਰ ਦਿੱਤਾ ਗਿਆ ਤੇ ਮਾਮਲਾ ਭਖ ਗਿਆ। ਹੁਣ ਜੇਕਰ ਇਹ ਫਿਲਮ ਪੰਜਾਬ ਵਿੱਚ ਨਾ ਚਲਦੀ ਤਾਂ ਬਾਬੇ ਨੂੰ ਨਾ ਸਿਰਫ ਭਾਰੀ ਵਿੱਤੀ ਨੁਕਸਾਨ ਹੁੰਦਾ, ਬਲਕਿ ਫਿਲਮ ਨੂੰ ਪੰਜਾਬ ਵਿੱਚ ਪ੍ਰਦਰਸ਼ਿਤ ਕਰਾਉਣ ਤੋਂ ਬਾਅਦ ਉਸ ਦੀ ਜਿਹੜੀ ਟੌਹਰ ਬਣਨੀ ਸੀ ਉਹ ਉਸ ਤੋਂ ਵੀ ਵਾਂਝਿਆਂ ਰਹਿ ਜਾਂਦਾ।

ਰਾਮ ਰਹੀਮ ਨੂੰ ਦਿੱਤੀ ਗਈ ਮਾਫ਼ੀ ਦੀ ਕਹਾਣੀ

ਫਿਰ ਅਚਾਨਕ ਰਾਤੋ ਰਾਤ ਜਥੇਦਾਰਾਂ ਨੂੰ ਪਤਾ ਹੀ ਨਹੀਂ ਕਿਹੜੀ ਗਿੱਦੜ ਸਿੰਙੀ ਲੱਭੀ ਜਿਸ ਨੂੰ ਵੇਖ ਕੇ ਉਨ੍ਹਾਂ ਨੇ ਬਾਬੇ ਨੂੰ ਮਾਫ਼ੀ ਦੇਣ ਦਾ ਐਲਾਨ ਕਰ ਦਿੱਤਾ, ਤੇ ਇਸ ਐਲਾਨ ਦੇ ਨਾਲ ਹੀ 2007 ਦੌਰਾਨ ਡੇਰਾ ਮੁਖੀ ਅਤੇ ਉਸ ਦੇ ਪ੍ਰੇਮੀਆਂ ਨਾਲ ਕੋਈ ਵਾਹ ਵਾਸਤਾ ਨਾ ਰੱਖਣ ਅਤੇ ਕੋਈ ਸਹਿਯੋਗ ਨਾ ਕਰਨ ਸਬੰਧੀ ਜਿਹੜਾ ਹੁਕਮਨਾਮਾਂ ਪਹਿਲਾਂ ਜਾਰੀ ਕੀਤਾ ਗਿਆ ਸੀ ਉਹ ਬੇਅਸਰ ਹੋ ਗਿਆ। ਜਿਸ ਨਾਲ ਬਾਬੇ ਦੀ ਫਿਲਮ ਪੰਜਾਬ ਵਿੱਚ ਚੱਲਣ ਦਾ ਰਸਤਾ ਖੁੱਲ੍ਹ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫੀ ਮਿਲਣ ਦੇ ਅਗਲੇ ਹੀ ਦਿਨ ਬਾਬੇ ਦੀ ਫਿਲਮ ਪੰਜਾਬ ਦੇ ਸਾਰੇ ਸਿਨੇਮਾਂ ਘਰਾਂ ‘ਚ ਜਾਰੀ ਹੋ ਗਈ ਤੇ ਇਸ ਫਿਲਮ ਨੇ ਕਰੋੜਾਂ ਰੁਪਏ ਦੀ ਆਮਦਨ ਕੀਤੀ। ਇਸ ਦੌਰਾਨ ਦੁਨੀਆਂ ਭਰ ਦੀ ਸਿੱਖ ਸੰਗਤ ਨੇ ਇਸ ਮਾਫੀਨਾਮੇ ਦਾ ਦੱਬ ਕੇ ਵਿਰੋਧ ਕੀਤਾ ਤੇ ਇੱਥੋਂ ਤੱਕ ਕਿ ਸੋਸ਼ਲ ਮੀਡੀਆ ‘ਤੇ ਜਥੇਦਾਰਾਂ ਦੇ ਖਿਲਾਫ ਇੱਕ ਵੱਡੀ ਮੁਹਿੰਮ ਛਿੜ ਗਈ ਜਿਸ ਦੇ ਲਪੇਟੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਆ ਗਿਆ। ਇਸ ਤੋਂ ਪਹਿਲਾਂ ਕਿ ਪਾਰਟੀ ਨੂੰ ਇੰਨਾ ਸੇਕ ਲਗਦਾ ਕਿ ਉਹ ਝੁਲਸ ਜਾਂਦੀ ਉਹ ਗਿੱਦੜ ਸਿੰਙੀ ਸ਼ਾਇਦ ਫਿਰ ਗਾਇਬ ਹੋ ਗਈ ‘ਤੇ ਜਥੇਦਾਰਾਂ ਨੇ ਬਾਬੇ ਨੂੰ ਅਚਾਨਕ ਦਿੱਤੀ ਮਾਫੀ, ਫਿਰ ਵਾਪਸ ਲੈ ਲਈ। ਇੱਥੇ ਹੀ ਆ ਕੇ ਸਾਰਾ ਮਹੌਲ ਬਦਲ ਗਿਆ ਤੇ ਅਜਿਹੀਆਂ ਘਟਨਾਵਾਂ ਘਟੀਆਂ ਜਿਸ ਨੇ ਸਿੱਖਾਂ ਦੇ ਹਿਰਦੇ ਵਲੂੰਦਰ ਕੇ ਰੱਖ ਦਿੱਤੇ।

ਮਾਫ਼ੀ ਤੋਂ ਬਾਅਦ ਵਾਪਰੀਆਂ ਘਟਨਾਵਾਂ ਤੇ ਗੋਲੀ ਕਾਂਡਾਂ ਤੱਕ ਦਾ ਸਫ਼ਰ

1 ਜੂਨ 2015 ਨੂੰ ਫਰੀਦਕੋਟ ਦੇ ਪਿੰਡ ਬੁਰਜ਼ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ। 5 ਜੂਨ ਨੂੰ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਕਈ ਹੋਰ ਸਿੱਖ ਆਗੂਆਂ ਤੇ ਜਥੇਬੰਦੀਆਂ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਕਿ ਉਕਤ ਕਾਰਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰੋ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੱਭਿਆ ਜਾਵੇ।  11 ਜੂਨ ਨੂੰ ਇਨ੍ਹਾਂ ਜਥੇਬੰਦੀਆਂ ਵੱਲੋਂ ਪੁਲਿਸ ‘ਤੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਾ ਕੇ ਪਿੰਡ ‘ਚ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਦੌਰਾਨ ਇਨ੍ਹਾਂ ਜਥੇਬੰਦੀਆਂ ਨੇ ਥਾਣੇ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉੱਥੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ। ਇਸ ਤੋਂ ਅਗਲੇ ਦੀ ਦਿਨ ਯਾਨੀ 12 ਜੂਨ 2015 ਨੂੰ ਫਰੀਦਕੋਟ ਦੇ ਬਰਗਾੜੀ ਇਲਾਕੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ 110 ਖੰਡਿਤ ਅੰਗ ਖਿਲਰੇ ਹੋਏ ਮਿਲੇ। ਪਤਾ ਲੱਗਦਿਆਂ ਹੀ ਕਸਬੇ ਅਤੇ ਨੇੜੇ ਤੇੜੇ ਦੇ ਇਲਾਕੇ ਦੇ ਲੋਕਾਂ ਨੇ ਬੰਦ ਦਾ ਐਲਾਨ ਕਰ ਦਿੱਤਾ। ਸ਼ਾਮ ਢਲਦਿਆਂ ਹੀ ਕਸਬੇ ਵਿੱਚ ਸਿੱਖ ਜਥੇਬੰਦੀਆਂ ਦੇ ਆਗੂ ਪਹੁੰਚ ਗਏ ਤੇ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਖੰਡਿਤ ਅੰਗਾਂ ਨੂੰ ਨਾਲ ਲੈ ਕੇ ਕਸਬੇ ਵਿੱਚ ਰੋਸ ਮਾਰਚ ਕੀਤਾ। ਇਨ੍ਹਾਂ ਪ੍ਰਦਰਸਨਕਾਰੀਆਂ ਨੇ ਮੇਨ ਹਾਈਵੇਅ ਤੇ ਉਸ ਦੇ ਨਾਲ ਲਗਦੇ ਲਿੰਕ ਰੋਡਾਂ ਨੂੰ ਬੰਦ ਕਰ ਦਿੱਤਾ। ਕਿਸੇ ਵੀ ਸੰਭਾਵੀ ਹਿੰਸਾ ਨੂੰ ਦੇਖਦਿਆਂ ਉੱਥੇ ਵੱਡੀ ਤਦਾਦ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਗਈ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਸਥਾਨਕ ਪੁਲਿਸ ਅਧਿਕਾਰੀਆਂ ਵੱਲੋਂ ਬੇਨਤੀ ਕਰਨ ਦੇ ਬਾਵਜੂਦ ਬੰਦ ਹਾਈਵੇਅ ਖੋਲਣ ਤੋਂ ਇਨਕਾਰ ਕਰ ਦਿੱਤਾ ਤੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ।

ਇਸ ਦੌਰਾਨ ਬੇਅਦਬੀ ਕਾਂਡ ਦੀਆਂ ਘਟਨਾਵਾਂ ਦੇ ਦੋਸ਼ੀ ਤਾਂ ਕੀ ਫੜੇ ਜਾਣੇ ਸਨ? ਅਜਿਹੀਆਂ ਘਟਨਾਵਾਂ ਵਿੱਚ ਹੋਰ ਵਾਧਾ ਹੋ ਗਿਆ। ਇਹ ਘਟਨਾਵਾਂ 13 ਤੋਂ 16 ਅਕਤੂਬਰ 2015 ਵਿਚਕਾਰ ਵਾਪਰੀਆਂ ਤੇ ਇਸ ਦੌਰਾਨ ਗੁਰੂ ਗ੍ਰੰਥ ਸਾਹਿਬ ਦੇ 35 ਹੋਰ ਖੰਡਿਤ ਅੰਗ ਫਿਰੋਜ਼ਪੁਰ ਜਿਲ੍ਹੇ ਦੇ ਮਿਸ਼ਰੀਵਾਲਾ ਪਿੰਡ ਵਿੱਚੋਂ ਮਿਲੇ। ਇਸ ਤੋਂ ਬਾਅਦ ਸਿੱਖ ਸੰਗਤ ਦਾ ਗੁੱਸਾ ਇੰਨਾ ਭੜਕ ਗਿਆ ਕਿ ਉਨ੍ਹਾਂ ਨੇ ਇਸ ਪਿੰਡ ਵਿੱਚ ਘਟਨਾ ਜਾਣਕਾਰੀ ਲੈਣ ਪਹੁੰਚੇ ਕਿ ਐਸਜੀਪੀਸੀ ਦੇ ਇੱਕ ਮੈਂਬਰ ਦੀ ਕਾਰ ਤੋੜ ਦਿੱਤੀ ਤੇ ਜਦੋਂ ਉਹ ਮੋਟਰ ਸਾਇਕਲ ‘ਤੇ ਬਚ ਨਿੱਕਲਣ ਲੱਗਾ ਤਾਂ ਉਸ ਦੇ ਮੋਟਰ ਸਾਇਕਲ ਨੂੰ ਅੱਗ ਲਾ ਦਿੱਤੀ ਗਈ। ਇਸੇ ਤਰ੍ਹਾਂ ਇਸ ਤੋਂ 2 ਦਿਨ ਬਾਅਦ ਗੁਰੂ ਗ੍ਰੰਥ ਸਾਹਿਬ ਦੇ 39 ਅੰਗ ਤਰਨ ਤਾਰਨ ਜਿਲ੍ਹੇ ਦੇ ਪਿੰਡ ਬਾਠ ਵਿੱਚੋਂ ਵੀ ਬਰਾਮਦ ਕੀਤਾ ਗਏ।

ਜਿਸ ਤੋਂ ਬਾਅਦ ਪ੍ਰਦਰਸ਼ਨ ਕਰ ਰਹੇ ਇੱਕ ਪ੍ਰਦਰਸ਼ਨਕਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸੇ ਤਰ੍ਹਾਂ ਫਰੀਦਕੋਟ ਦੇ ਕੋਹਰੀਆਂ ਪਿੰਡ ਅੰਦਰ ਵੀ  ਗੁਰੂ ਗ੍ਰੰਥ ਸਾਹਿਬ ਦੇ 745 ਅੰਗਾਂ ‘ਤੇ ਕਿਸੇ ਨੇ 3 ਇੰਚ ਦਾ ਕੱਟ ਮਾਰ ਦਿੱਤਾ। ਪਿੰਡ ਵਾਲਿਆਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਕੀਤੀ। ਇੱਕ ਹੋਰ ਘਟਨਾ ਦੌਰਾਨ ਨਵਾਂ ਸ਼ਹਿਰ ਦੇ ਗਦਨੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ 3 ਸਰੂਪ ਅਗਨ ਭੇਂਟ ਕਰ ਦਿੱਤੇ ਗਏ, ਪਰ ਉੱਥੇ ਪੁਲਿਸ ਸ਼ਾਂਤੀ ਕਾਇਮ ਕਰਨ ਵਿੱਚ ਕਾਮਯਾਬ ਰਹੀ। ਮੁਕਤਸਰ ਦੇ ਕੋਟਲੀ ਅਬਲੂ ਪਿੰਡ ਵਿੱਚ ਇੱਕ ਗੁਰਦੁਵਾਰੇ ਨੂੰ ਵੀ ਅੱਗ ਲਗਾਈ ਗਈ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਂਟ ਹੋ ਗਏ। ਸੰਗਰੂਰ ਦੇ ਕੋਹਰੀਆਂ ਪਿੰਡ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੇ ਖੰਡਿਤ ਅੰਗ ਮਿਲਣ ਦੀ ਘਟਨਾ ਵਾਪਰੀ।

ਇਹ ਸਾਰੀਆਂ ਘਟਨਾਵਾਂ ਸਿੱਖ ਸੰਗਤ ਦੇ ਮਨਾਂ ਅੰਦਰ ਇੰਨਾ ਰੋਸ ਪੈਦਾ ਕਰ ਗਈਆਂ ਕਿ 13 ਅਕਤੂਬਰ 2015 ਨੂੰ ਮੋਗਾ ਜਿਲ੍ਹੇ ਦੇ ਪਿੰਡ ਬੁੱਟਰ ਕਲਾਂ ਅੰਦਰ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦਰਮਿਆਨ ਝੜਪ ਹੋ ਗਈ, ਤੇ ਉੱਥੇ 10 ਪੁਲਿਸ ਵਾਲੇ ਜ਼ਖਮੀ ਹੋਏ ਜਿਨ੍ਹਾਂ ਵਿੱਚੋਂ 3 ਨੂੰ ਗੰਭੀਰ ਸੱਟਾਂ ਲੱਗੀਆਂ। ਇਸ ਤੋਂ ਅਗਲੇ ਹੀ ਦਿਨ 14 ਅਕਤੂਬਰ 2015 ਨੂੰ ਕੋਟਕਪੁਰਾ ਦੇ ਮੇਨ ਚੌਂਕ ਵਿੱਚ 6000 ਦੇ ਕਰੀਬ ਸਿੱਖ ਪ੍ਰਦਰਸ਼ਨਕਾਰੀ ਸ਼ਾਂਤੀ ਪੂਰਨ ਧਰਨਾ ਦੇ ਕੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਸਨ ਤੇ ਸਵੇਰੇ ਸਵੇਰੇ ਪੁਲਿਸ ਨੇ ਉਨ੍ਹਾਂ ‘ਤੇ ਪਾਣੀ ਦੀਆਂ ਤੋਪਾਂ ਅਤੇ ਲਾਠੀਚਾਰਜ਼ ਕਰਕੇ ਭੀੜ੍ਹ ਨੂੰ ਤਿਤਰ-ਬਿਤਰ ਕਰਨਾ ਸ਼ੁਰੂ ਕਰ ਦਿੱਤਾ। ਕੁਝ ਮਿੰਟਾਂ ਵਿੱਚ ਹੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀ ਚਲਾ ਦਿੱਤੀ। ਇਸੇ ਤਰ੍ਹਾਂ ਦੀ ਹੀ ਇੱਕ ਘਟਨਾ ਬਹਿਬਲ ਕਲਾਂ ਵਿਖੇ ਵੀ ਵਾਪਰੀ ਜਿੱਥੇ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ‘ਤੇ ਚਲਾਈ ਗਈ ਗੋਲੀ ਕਾਰਨ ਦੋ ਸਿੱਖ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਭਾਈ ਗੁਰਜੀਤ ਸਿੰਘ ਦੀ ਜਾਨ ਚਲੀ ਗਈ, ਤੇ ਦਰਜ਼ਨਾਂ ਹੀ ਹੋਰ ਲੋਕ ਜ਼ਖਮੀ ਹੋਏ।

ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਜੇਕਰ ਕੜੀ-ਦਰ-ਕੜੀ ਜੋੜ ਕੇ ਦੇਖਿਆ ਜਾਵੇ ਤਾਂ ਸਾਰਾ ਪਵਾੜਾ ਡੇਰਾ ਮੁਖੀ ਨੂੰ ਮਾਫੀ ਦੇ ਕੇ ਵਾਪਸ ਲੈਣ ਤੋਂ ਬਾਅਦ ਸ਼ੁਰੂ ਹੋਇਆ। ਉਸ ਤੋਂ ਬਾਅਦ ਹੀ ਗੁਰੂ ਸਾਹਿਬ ਦਾ ਸਰੂਪ ਚੋਰੀ ਹੋਇਆ, ਉਸ ਤੋਂ ਬਾਅਦ ਹੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਖੰਡਿਤ ਕਰਨ ਦੀਆਂ ਘਟਨਾਵਾਂ ਵਾਪਰੀਆਂ, ਉਸ ਤੋਂ ਬਾਅਦ ਹੀ ਸਿੱਖ ਜਥੇਬੰਦੀਆਂ ਵੱਲੋਂ ਇਨਸਾਫ ਦੀ ਮੰਗ ਲਈ ਧਰਨੇ ਪ੍ਰਦਰਸ਼ਨ ਕੀਤੇ ਗਏ ਤੇ ਉਸ ਤੋਂ ਬਾਅਦ ਹੀ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਕੇ 2 ਸਿੰਘ ਸ਼ਹੀਦ ਹੋਏ ਤੇ ਕਈ ਜ਼ਖਮੀ ਹੋ ਗਏ।

ਮਾਫ਼ੀ ਦੇਣ ਵਾਲੇ ਜਥੇਦਾਰ ਵੀ ਕਹਿ ਚੁੱਕੇ ਹਨ ਕਿ ਝੂਠ ਬੋਲਿਆ ਗਿਆ, ਪੰਥ ਨੂੰ ਧੋਖਾ ਦਿੱਤਾ ਗਿਆ

ਬੀਤੇ ਸਮੇਂ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦੇ ਬਿਆਨ ਵੀ ਇਸ ਗੱਲ ਵੱਲ ਚੀਕ-ਚੀਕ ਕੇ ਇਸ਼ਾਰ ਕਰ ਰਹੇ ਹਨ ਕਿ ਇਹ ਦਾਲ ਸ਼ਾਹ ਕਾਲੀ ਹੈ। ਪਹਿਲਾਂ ਗਿਆਨੀ ਗੁਰਮੁੱਖ ਸਿੰਘ ਵੱਲੋਂ ਇਹ ਕਹਿਣਾ ਕਿ ਉਨ੍ਹਾਂ ਨੂੰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਬਾਦਲਾਂ ਨੇ ਆਪਣੀ ਚੰਡੀਗੜ੍ਹ ਸਥਿਤ ਰਹਾਇਸ਼ ‘ਤੇ ਇੱਕ ਮਿਲਣੀ ਦੌਰਾਨ ਇਹ ਦਬਾਅ ਪਾਇਆ ਸੀ ਕਿ ਡੇਰਾ ਮੁਖੀ ਨੂੰ ਮਾਫੀ ਦਿੱਤੀ ਜਾਵੇ। ਇਸੇ ਤਰ੍ਹਾਂ ਹੁਣੇ ਹੁਣੇ ਅਹੁਦੇ ਤੋਂ ਹਟਾਏ ਗਏ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਡੇਰਾ ਮੁਖੀ ਨੂੰ ਜਿਹੜੀ ਮਾਫੀ ਦਿੱਤੀ ਗਈ ਸੀ ਉਸ ਮਾਫੀਨਾਮੇ ਵਿੱਚ ‘ਖਿਮਾਂ ਦਾ ਯਾਚਕ’ ਅੱਖਰ ਬਾਅਦ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪਏ ਕੰਪਿਊਟਰ ਰਾਹੀਂ ਸ਼ਾਮਲ ਕੀਤੇ ਗਏ ਸਨ ਤੇ ਉਨ੍ਹਾਂ ਨੂੰ ਝੂਠ ਬੋਲ ਕੇ ਇਸ ਮਾਫੀਨਾਮੇ ‘ਤੇ ਹਸਤਾਖ਼ਰ ਕਰਵਾਏ ਗਏ ਸਨ। ਇਹੋ ਬਿਆਨ ਗਿਆਨੀ ਇਕਬਾਲ ਸਿੰਘ ਨੇ ਐਸਆਈਟੀ ਨੂੰ ਵੀ ਦਿੱਤਾ ਹੈ ਜਿਸ ਤੋਂ ਬਾਅਦ ਐਸਆਈਟੀ ਲਈ ਇਹ ਜਰੂਰੀ ਹੋ ਗਿਆ ਸੀ ਕਿ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਰਾਮ ਰਹੀਮ ਕੋਲੋਂ ਉਸ ਮਾਫੀਨਾਮੇ ਦਾ ਸੱਚ ਜਾਣੇ।

ਮੌਜੂਦਾ ਹਾਲਾਤ ‘ਚ ਕੀ ਬਾਬੇ ਵੱਲੋਂ ਵੱਡੇ ਖੁਲਾਸੇ ਕੀਤੇ ਜਾਣ ਦਾ ਡਰ ਸਤਾ ਰਿਹਾ ਹੈ?

ਇੱਧਰ ਅਕਾਲੀ ਦਲ ਵੱਲੋਂ ਇਹ ਦੋਸ਼ ਲਾਏ ਜਾ ਰਹੇ ਹਨ ਕਿ ਐਸਆਈਟੀ ਅਧਿਕਾਰੀ ਪੱਖ ਪਾਤੀ ਢੰਗ ਨਾਲ ਜਾਂਚ ਕਰ ਰਹੇ ਹਨ, ਇਸ ਲਈ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਸੂਬੇ ਤੋਂ ਬਾਹਰ ਤਬਦੀਲ ਕੀਤਾ ਜਾਵੇ, ਤੇ ਉੱਧਰ ਹਰਿਆਣਾ ਦੀ ਬੀਜੇਪੀ ਸਰਕਾਰ ਦੇ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਤੇ ਉਸ ਦੇ ਸਾਥੀਆਂ ਨੂੰ ਬਾਬੇ ਕੋਲ ਜਾਣ ਤੋਂ ਰੋਕ ਰਹੇ ਹਨ। ਇੱਥੇ ਹੀ ਆ ਕੇ ਇਹ ਪੂਰੇ ਮਾਮਲੇ ‘ਤੇ ਨਜ਼ਰ ਰੱਖ ਰਹੇ ਲੋਕਾਂ ਦੇ ਭਰਵਿੱਟੇ ਉੱਤੇ ਚੜ੍ਹ ਗਏ ਤੇ ਉਹ ਇੱਕ ਝਟਕੇ ਨਾਲ ਇਸ ਨਤੀਜੇ ‘ਤੇ ਪਹੁੰਚਦੇ ਦਿਸੇ ਕਿ ਕਿਤੇ-ਨਾ-ਕਿਤੇ ਹੁਣ ਡਰ ਇਹ ਹੈ ਕਿ ਜੇਕਰ ਅੰਦਰ ਪਹੁੰਚੀ ਐਸਆਈਟੀ ਨੂੰ ਬਾਬੇ ਨੇ ਇਹ ਕਹਿ ਦਿੱਤਾ ਕਿ, ਮੈਂ ਤਾਂ ਕੋਈ ਮਾਫੀ ਮੰਗੀ ਹੀ ਨਹੀਂ, ਇਹ ਸਾਰਾ ਕੁਝ ਤਾਂ ਫਿਲਮ ਚਲਾਉਣ ਲਈ ਹੋਇਆ ਸੀ ਤਾਂ ਫਿਰ ਅੱਗੇ ਜੋ ਹੋਵੇਗਾ ਉਸ ਦਾ ਅੰਦਾਜ਼ਾ ਸਾਰੇ ਭਲੀ ਭਾਂਤ ਲਾ ਸਕਦੇ ਹਨ। ਦੋਸ਼ ਹੈ ਕਿ ਸ਼ਾਇਦ ਇਹੋ ਕਾਰਨ ਹੈ ਕਿ ਇੱਧਰ ਅਕਾਲੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਤਬਦੀਲ ਕਰਨ ਦੀ ਮੰਗ ਕਰ ਰਹੇ ਹਨ, ਤੇ ਉੱਧਰ ਹਰਿਆਣਾ ਸਰਕਾਰ ਦੇ ਅਧਿਕਾਰੀ ਐਸਆਈਟੀ ਨੂੰ ਮਿਲਣ ਨਹੀਂ ਦੇ ਰਹੇ, ਬਾਬੇ ਦਾ ਬਿਆਨ ਬਾਹਰ ਆਪੇ ਆ ਨਹੀਂ ਸਕਦਾ, ਤੇ ਚੋਣਾਂ ਸਿਰ ‘ਤੇ ਹਨ। ਬਾਕੀ ਅੱਗੇ ਕਹਾਣੀ ਕੀ ਹੈ? ਤੁਸੀਂ ਆਪੇ ਸਮਝਦਾਰ ਹੋ।

 

Share this Article
Leave a comment