ਫੋਰਡ ਸਰਕਾਰ ਨੇ ਪਬਲਿਕ ਸੈਕਟਰ ਵੇਜਿਜ਼ ‘ਚ ਵਾਧੇ ਨੂੰ ਸੀਮਤ ਕਰਨ ਲਈ ਬਿੱਲ ਕੀਤਾ ਪੇਸ਼

TeamGlobalPunjab
3 Min Read

ਓਨਟਾਰੀਓ: ਫੋਰਡ ਸਰਕਾਰ ਨੇ ਪਬਲਿਕ ਸੈਕਟਰ ਵੇਜਿਜ਼ ‘ਚ ਵਾਧੇ ਨੂੰ ਸੀਮਤ ਕਰਨ ਲਈ ਬਿੱਲ ਪੇਸ਼ ਕੀਤਾ। ਇਸ ਬਿੱਲ ਵਿੱਚ ਅਗਲੇ ਤਿੰਨ ਸਾਲਾਂ ਵਿੱਚ ਇਨ੍ਹਾਂ ਭੱਤਿਆਂ ਵਿੱਚ ਔਸਤਨ ਇੱਕ ਫੀਸਦੀ ਵਾਧੇ ਦੀ ਗੱਲ ਕੀਤੀ ਗਈ ਹੈ। ਇਸ ਬਿੱਲ ਨੂੰ ਪ੍ਰੋਟੈਕਟਿੰਗ ਸਸਟੇਨੇਬਲ ਪਬਲਿਕ ਸੈਕਟਰ ਫੌਰ ਫਿਊਚਰ ਜੈਨਰੇਸ਼ਨਜ਼ ਐਕਟ ਦਾ ਨਾਂ ਦਿੱਤਾ ਗਿਆ ਹੈ।

ਇਸ ਬਿੱਲ ਨੂੰ ਬੁੱਧਵਾਰ ਦੁਪਹਿਰੇ ਬਹੁਗਿਣਤੀ ਪ੍ਰੋਗਰੈਸਿਵ ਕੰਜ਼ਰਵੇਟਿਵਜ਼ ਵੱਲੋਂ ਪੇਸ਼ ਕੀਤਾ ਗਿਆ। ਭੱਤਿਆਂ ਵਿੱਚ ਵਾਧੇ ਉੱਤੇ ਰੋਕ ਦਾ ਇਹ ਨਿਯਮ ਅਧਿਆਪਕਾਂ, ਪੋਸਟ ਸੈਕੰਡਰੀ ਸੰਸਥਾਵਾਂ ਦੇ ਸਟਾਫ ਤੇ ਹਸਪਤਾਲਾਂ ਉੱਤੇ ਲਾਗੂ ਹੋਵੇਗਾ। ਇਸ ਨਾਲ ਯੂਨੀਅਨਾਂ ਨਾਲ ਜੁੜੇ ਤੇ ਗੈਰ ਯੂਨੀਅਨਾਈਜ਼ਡ ਵਰਕਰਜ਼ ਦੋਵੇਂ ਪ੍ਰਭਾਵਿਤ ਹੋਣਗੇ।

ਖਜ਼ਾਨਾ ਬੋਰਡ ਦੇ ਪ੍ਰੈਜ਼ੀਡੈਂਟ ਅਤੇ ਐਮਪੀਪੀ ਪੀਟਰ ਨੇ ਆਖਿਆ ਕਿ ਸਾਡੇ ਪਬਲਿਕ ਸੈਕਟਰ ਕਾਮਿਆਂ ਲਈ ਇਹ ਚੰਗੀ ਖਬਰ ਹੈ ਕਿਉਂਕਿ ਅਸੀਂ ਰੋਜ਼ਗਾਰ ਦੀ ਹਿਫਾਜ਼ਤ ਕਰ ਰਹੇ ਹਾਂ। ਉਨ੍ਹਾਂ ਆਖਿਆ ਕਿ ਜੇ ਅਸੀਂ ਇਹ ਕਾਰਵਾਈ ਨਾ ਕਰਦੇ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਨੌਕਰੀਆਂ ਖਤਰੇ ਵਿੱਚ ਜਾ ਪੈਣੀਆਂ ਸਨ। ਉਨ੍ਹਾਂ ਵਿਧਾਨ ਸਭਾ ਵਿੱਚ ਦੱਸਿਆ ਕਿ ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਪਬਲਿਕ ਸੈਕਟਰ ਮੁਆਵਜ਼ਾ ਪ੍ਰੋਵਿੰਸ ਦੀ ਵਿੱਤੀ ਸਥਿਤੀ ਨੂੰ ਹੀ ਦਰਸਾਵੇ। ਇਹ ਵੀ ਉਮੀਦ ਹੈ ਕਿ ਪੀਸੀ ਪਾਰਟੀ ਇਸ ਸਬੰਧੀ ਵੈੱਬਸਾਈਟ ਲਾਂਚ ਕਰੇ ਤੇ ਗਰਮੀਆਂ ਦੇ ਮੌਸਮ ਵਿੱਚ ਆਪਣੀ ਇਸ ਯੋਜਨਾ ਬਾਰੇ ਕੰਸਲਟੇਸ਼ਨਜ਼ ਸ਼ੁਰੂ ਕਰੇ।

ਪ੍ਰੀਮੀਅਰ ਡੱਗ ਫੋਰਡ ਦੀ ਅਗਵਾਈ ਵਿੱਚ ਟੋਰੀਜ਼ ਦਾ ਕਹਿਣਾ ਹੈ ਕਿ ਭੱਤਿਆਂ ਨੂੰ ਸੀਮਤ ਕਰਨ ਨਾਲ ਪ੍ਰੋਵਿੰਸ ਨੂੰ ਆਪਣਾ 13.5 ਬਿਲੀਅਨ ਡਾਲਰ ਦਾ ਘਾਟਾ ਘਟਾਉਣ ਵਿੱਚ ਮਦਦ ਮਿਲੇਗੀ। ਇਸ ਉੱਤੇ ਤਿੱਖੀ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਐਨਡੀਪੀ ਆਗੂ ਐਂਡਰੀਆਂ ਹੌਰਵਥ ਨੇ ਆਖਿਆ ਕਿ ਇੱਕ ਵਾਰੀ ਫਿਰ ਇੰਝ ਲੱਗ ਰਿਹਾ ਹੈ ਕਿ ਡੱਗ ਫੋਰਡ ਖੁਦ ਨੂੰ ਓਨਟਾਰੀਓ ਦਾ ਰਾਜਾ ਸਮਝ ਰਹੇ ਹਨ। ਉਹ ਪੇਸੇ ਵਰਾਨਾ ਢੰਗ ਨਾਲ ਗੱਲਬਾਤ ਕਰਨ ਜਾਂ ਸਨਮਾਨਜਨਕ ਢੰਗ ਨਾਲ ਪੇਸ਼ ਆਉਣ ਦੀ ਥਾਂ ਇਸ ਤਰ੍ਹਾਂ ਦੇ ਸਖ਼ਤ ਫੈਸਲੇ ਲੈ ਰਹੇ ਹਨ।

- Advertisement -

ਹੌਰਵਥ ਨੇ ਇਹ ਦੋਸ਼ ਵੀ ਲਾਇਆ ਕਿ ਫੋਰਡ ਪਬਲਿਕ ਸੈਕਟਰ ਦੇ ਵਰਕਰਜ਼ ਨੂੰ ਇਸ ਲਈ ਨਿਸ਼ਾਨਾ ਬਣਾ ਰਹੇ ਹਨ ਕਿਉਂਕਿ ਉਨ੍ਹਾਂ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸੇਵਾਵਾਂ ਦੀ ਫੋਰਡ ਨੂੰ ਕੋਈ ਕਦਰ ਨਹੀਂ ਹੈ। ਇੱਥੇ ਦੱਸਣਾ ਬਣਦਾ ਹੈ ਕਿ ਸਟੈਟੇਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਅਪਰੈਲ ਵਿੱਚ ਕੌਮੀ ਮਹਿੰਗਾਈ ਦਰ ਦੋ ਫੀ ਸਦੀ ਤੱਕ ਪਹੁੰਚ ਗਈ ਹੈ।

Share this Article
Leave a comment