ਫਤਹਿਵੀਰ ਕਾਂਡ : ਕੀ ਕਹਿੰਦੇ ਨੇ ਸੂਬੇ ਦੇ ਪੰਜਾਬੀ ਭਾਸ਼ਾਈ ਅਖ਼ਬਾਰ

TeamGlobalPunjab
7 Min Read

ਪੰਜਾਬੀ ਟ੍ਰਿਬਿਊਨ : ਅਖ਼ਬਾਰ ਨੇ ਫਤਹਿਵੀਰ ਦੀ ਮੌਤ ਤੋਂ ਬਾਅਦ ਦੇ ਹਾਲਾਤ ਪੇਸ਼ ਕਰਦੀ ਖ਼ਬਰ “ਫ਼ਤਹਿਵੀਰ ਦੁਖਾਂਤ : ਹਾਈ ਕੋਰਟ ‘ਚ ਪਟੀਸ਼ਨ ਦਾਇਰ” ਨਾਂ ਦੀ ਸੁਰਖੀ ਹੇਠ ਖ਼ਬਰ ਨੂੰ ਛਾਪਿਆ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਇਸ ਬੱਚੇ ਦੀ ਮੌਤ ਤੋਂ ਬਾਅਦ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਪਹੁੰਚ ਗਿਆ ਹੈ। ਅਖ਼ਬਾਰ ਅਨੁਸਾਰ ਇੱਕ ਵਕੀਲ ਵੱਲੋਂ ਪੰਜਾਬ ਸਰਕਾਰ ਖਿਲਾਫ ਲੋਕ ਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਪਟੀਸ਼ਨ ‘ਤੇ ਹਾਈ ਕੋਰਟ ਦਾ ਵਕੇਸ਼ਨਲ ਬੈਂਚ 17 ਜੂਨ ਯਾਨੀ ਸੋਮਵਾਰ ਨੂੰ ਸੁਣਵਾਈ ਕਰੇਗਾ। ਇਹ ਪਟੀਸ਼ਨ ਸੰਗਰੂਰ ਨਾਲ ਸਬੰਧਤ ਇੱਕ ਅਜਿਹੇ ਵਕੀਲ ਪਰਮਿੰਦਰ ਸਿੰਘ ਸੇਖੋਂ ਵੱਲੋਂ ਦਾਖਲ ਕੀਤੀ ਗਈ ਹੈ ਜੋ ਹਾਈ ਕੋਰਟ ‘ਚ ਪ੍ਰੈਕਟਿਸ ਕਰ ਰਹੇ ਹਨ।ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਸੂਬਾ ਸਰਕਾਰ ਬਚਾਅ ਕਾਰਜਾਂ ‘ਚ ਨਾਕਾਮ ਰਹੀ ਹੈ ਤੇ ਮੰਗ ਕੀਤੀ ਗਈ ਹੈ ਕਿ ਫਤਹਿਵੀਰ ਨੂੰ ਬੋਰਵੈੱਲ ‘ਚੋਂ ਕੱਢਣ ਲਈ ਛੇ ਦਿਨ ਚੱਲੇ ਅਭਿਆਨ ਬਾਰੇ ਪੂਰੀ ਰਿਪੋਰਟ ਪੰਜਾਬ ਸਰਕਾਰ ਤੋਂ ਤਲਬ ਕੀਤੀ ਜਾਵੇ ਤੇ ਇਹ ਜਾਣਕਾਰੀ ਵੀ ਮੰਗੀ ਜਾਵੇ ਕਿ ਇਸ ਸਭ ਦਾ ਇੰਚਾਰਜ ਕੌਣ ਸੀ? ਇਸ ਤੋਂ ਇਲਾਵਾ ਜਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਕਨੂੰਨੀ ਤੇ ਵਿਭਾਗੀ ਕਾਰਵਾਈ ਵੀ ਕੀਤੀ ਜਾਵੇ। ਪਟੀਸ਼ਨ ਕਰਤਾ ਇਹ ਵੀ ਚਾਹੁੰਦਾ ਹੈ ਕਿ ਅਦਾਲਤ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਰੋਕਣ ਲਈ ਸਰਕਾਰ ਨੂੰ ਕੋਈ ਠੋਸ ਨੀਤੀ ਤਿਆਰ ਕਰਨ ਦੇ ਹੁਕਮ ਦੇਵੇ। ਇਸ ਦੇ ਨਾਲ ਹੀ ਪਟੀਸ਼ਨ ਪਾਉਣ ਵਾਲੇ ਨੇ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।

ਅਜੀਤ ਅਨੁਸਾਰ : ਇਸੇ ਮਾਮਲੇ ਨੂੰ ਅਖ਼ਬਾਰ ਅਜੀਤ ਨੇ “ਫਤਹਿਵੀਰ ਦੀ ਮੌਤ ਤੋਂ ਬਾਅਦ ਰਾਜ ਵਿਚਲੇ ਖੁੱਲ੍ਹੇ ਬੋਰਵੈੱਲਾਂ ਦਾ ਮਾਮਲਾ ਹਾਈਕੋਰਟ ਪੁੱਜਾ” ਦੇ ਸਿਰਲੇਖ ਛਾਪਿਆ ਹੈ ਜਿਸ ਵਿੱਚ ਅਖ਼ਬਾਰ ਲਿਖਦਾ ਹੈ ਬੇਸ਼ੱਕ ਫਤਹਿਵੀਰ ਦੀ ਮੌਤ ਵਰਗੀ ਦੁਖਦਾਈ ਘਟਨਾ ਤੋਂ ਬਾਅਦ ਸੂਬਾ ਸਰਕਾਰ ਨੇ ਖੁੱਲ੍ਹੇ ਬੋਰਵੈੱਲ ਬੰਦ ਕਰਨ ਦੇ ਹੁਕਮ ਦਿੱਤੇ ਹਨ ਪਰ ਇਸ ਦੇ ਬਾਵਜੂਦ ਲੁਧਿਆਣਾ ਜਿਲ੍ਹੇ ਦੇ ਇੱਕ ਸਮਾਜ ਸੇਵੀ ਗੁਰਦੀਪ ਸਿੰਘ ਵੱਲੋਂ ਆਪਣੇ ਵਕੀਲ ਫ਼ਰਿਆਦ ਸਿੰਘ ਵਿਰਕ ਰਾਹੀਂ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਪਾਈ ਹੈ ਜਿਸ ਵਿੱਚ ਪਟੀਸ਼ਨ ਕਰਤਾ ਨੇ ਫਤਹਿਵੀਰ ਦੀ ਮੌਤ ਲਈ ਸੂਬਾ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ। ਗੁਰਦੀਪ ਸਿੰਘ ਦਾ ਮੰਨਣਾ ਹੈ ਕਿ ਸਰਕਾਰ ਨੇ ਸੁਪਰੀਮ ਕੋਰਟ ਵੱਲੋਂ ਇਸ ਸਬੰਧ ਵਿੱਚ ਸਾਲ 2010 ਵਿੱਚ ਜਾਰੀ ਕੀਤੇ ਗਏ 10 ਦਿਸ਼ਾ ਨਿਰਦੇਸ਼ਾਂ ਨੂੰ ਨਹੀਂ ਮੰਨਿਆ ਤਾਂ ਇਹ ਹਾਦਸਾ ਵਾਪਰਿਆ ਹੈ। ਇਸ ਵਿੱਚ ਸੂਬੇ ਦੇ ਮੁੱਖ ਅਤੇ ਗ੍ਰਹਿ ਸਕੱਤਰ ਤੋਂ ਇਲਾਵਾ ਸੰਗਰੂਰ ਦੇ ਡੀਸੀ ਨੂੰ ਵੀ ਪਾਰਟੀ ਬਣਾਇਆ ਗਿਆ ਹੈ। ਅਦਾਲਤ ਨੇ ਇਸ ਪਟੀਸ਼ਨ ਦੀ 3 ਜੁਲਾਈ ਨੂੰ ਸੁਣਵਾਈ ਦੀ ਤਾਰੀਖ ਨਿਰਧਾਰਿਤ ਕੀਤੀ ਹੈ।

ਜਗ ਬਾਣੀ : ਇਸ ਅਖ਼ਬਾਰ ਨੇ ਭਾਈ ਬਲਜੀਤ ਸਿੰਘ ਦਾਦੂਵਾਲ ਦੇ ਇੱਕ ਬਿਆਨ “ਐਨਡੀਆਰਐਫ ਨੂੰ ਮਿਸ਼ਨ ਫਤਹਿਵੀਰ ਵਰਗੇ ਆਪ੍ਰੇਸ਼ਨ ਨਹੀਂ ਦੇਣੇ ਚਾਹੀਦੇ : ਭਾਈ ਦਾਦੂਵਾਲ” ਸਿਰਲੇਖ ਹੇਠ ਛਾਪਿਆ ਹੈ। ਜਿਸ ਵਿੱਚ ਦਾਦੂਵਾਲ ਦਾ ਕਹਿਣਾ ਹੈ ਕਿ ਅਜਿਹੇ ਮਿਸ਼ਨ ਫੌਜ਼ ਦੇ ਹਵਾਲੇ ਨਾ ਕਰਨ ਲਈ ਪ੍ਰਸ਼ਾਸਨ ਸਿੱਧਾ ਸਿੱਧਾ ਜਿੰਮੇਵਾਰ ਹੈ। ਦਾਦੁਵਾਲ ਦਾ ਦੋਸ਼ ਹੈ ਕਿ ਜਿਹੜਾ ਖੱਡਾ ਬੋਰਵੈੱਲ ਨੇੜੇ ਪੁੱਟਿਆ ਸੀ ਉਹ ਤਾਂ ਕੋਈ ਕੰਮ ਹੀ ਨਹੀਂ ਆਇਆ ਕਿਉਂਕਿ ਇਕੱਠੇ ਹੋਏ ਲੋਕਾਂ ਨੇ ਪਰਿਵਾਰ ਦੀਆਂ ਅੱਖਾਂ ‘ਚ ਘੱਟਾ ਪਾ ਕੇ ਉਸੇ ਬੋਰਵੈੱਲ ‘ਚੋਂ ਬੱਚੇ ਨੂੰ ਕੁੰਡੀ ਪਾ ਕੇ ਬਾਹਰ ਕੱਢ ਲਿਆ ਜਿਸ ‘ਚ ਉਹ ਡਿੱਗਿਆ ਸੀ। ਦਾਦੂਵਾਲ ਅਨੁਸਾਰ ਜੇਕਰ ਇਹ ਕੰਮ ਪਹਿਲੇ ਦਿਨ ਹੀ ਕਰ ਲਿਆ ਜਾਂਦਾ ਤਾਂ ਫਤਹਿਵੀਰ ਜਿੰਦਾ ਹੁੰਦਾ। ਉਨ੍ਹਾਂ ਦੋਸ਼ ਲਾਇਆ ਕਿ ਇਸ ਆਪ੍ਰੇਸ਼ਨ ਵਿੱਚ ਸਰਕਾਰ ਫੇਲ੍ਹ ਹੋਈ ਹੈ। ਖ਼ਬਰ ਵਿੱਚ ਭਾਈ ਦਾਦੂਵਾਲ ਨੇ ਤਰਕ ਦਿੱਤਾ ਹੈ ਕਿ ਸਰਕਾਰਾਂ 3 ਹਜ਼ਾਰ ਕਰੋੜ ਰੁਪਏ ਖਰਚ ਕੇ ਤਾਂਬੇ, ਲੋਹੇ ਕਾਂਸ਼ੀ ਦੇ ਬੁੱਤ ਬਣਾਈ ਜਾਂਦੀ ਹੈ ਪਰ ਰੱਬ ਦੀ ਬਣਾਈ ਫਤਹਿਵੀਰ ਜਿਹੀ ਮੂਰਤ ਜਦੋਂ ਕਿਸੇ ਬੋਰ ‘ਚ ਡਿੱਗ ਜਾਵੇ ਤਾਂ ਉਸ ਨੂੰ ਬਚਾਉਣ ਲਈ ਉਨ੍ਹਾਂ ਕੋਲ ਕੋਈ ਤਕਨੀਕ ਨਹੀਂ ਹੈ। ਇਸ ਲਈ ਰਾਜ ਅਤੇ ਕੇਂਦਰ ਸਰਕਾਰਾਂ ਦੋਵੇਂ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਉਨ੍ਹਾਂ ਲੋਕਾਂ ਨੂੰ ਨੇੜੇ ਨਹੀਂ ਲੱਗਣ ਦਿੱਤਾ ਜਿਹੜੇ ਅਜਿਹੇ ਕੰਮ ਕਰਨ ਦੇ ਮਾਹਰ ਹਨ ਤਾਂ ਹੀ ਇਹ ਹਾਦਸਾ ਵਾਪਰਿਆ ਹੈ।

ਇਸ ਤੋਂ ਇਲਾਵਾ ਇਸ ਅਖ਼ਬਾਰ ਨੇ ਫਤਹਿਵੀਰ ਦੀ ਮੌਤ ਤੋਂ ਬਾਅਦ ਸੰਗਰੂਰ ਸ਼ਹਿਰ ਵਿੱਚ ਕੀਤੇ ਗਏ ਮੁਕੰਮਲ ਬੰਦ ਦੀ ਖ਼ਬਰ ਨੂੰ ਵੀ “ਫਤਹਿਵੀਰ ਦੀ ਮੌਤ ਦੇ ਰੋਸ ਵਜੋਂ ਸੰਗਰੂਰ ਰਿਹਾ ਮੁਕੰਮਲ ਬੰਦ” ਦੇ ਸਿਰਲੇਖ ਹੇਠ ਛਾਪਿਆ ਹੈ। ਜਿਸ ਵਿੱਚ ਬੰਦ ਦੌਰਾਨ ਵੱਖ ਵੱਖ ਜਥੇਬੰਦੀਆਂ ਵੱਲੋਂ ਡੀ.ਸੀ ਦਫਤਰ ਅੱਗੇ ਲਾਏ ਧਰਨੇ, ਡੀਸੀ ਦੀ ਕੋਠੀ ਘੇਰਨ, ਅਤੇ ਨਾਅਰੇਬਾਜੀ ਦੌਰਾਨ ਮੁੱਖ ਮੰਤਰੀ ਦੇ ਅਸਤੀਫੇ ਤੇ ਡੀਸੀ ਨੂੰ ਬਦਲਣ ਦੀ ਕੀਤੀ ਗਈ ਮੰਗ ਦੀ ਜਾਣਕਾਰੀ ਦਿੱਤੀ ਗਈ ਹੈ।

- Advertisement -

ਪੰਜਾਬੀ ਜਾਗਰਣ : ਇਸ ਅਖ਼ਬਾਰ ਨੇ ਰਿਪੋਰਟ ਕੀਤਾ ਹੈ ਕਿ ਸੰਗਰੂਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਇਲਾਕੇ ਨਿਵਾਸੀਆਂ ਨੇ ਫਤਹਿਵੀਰ ਦੀ ਮੌਤ ਤੋਂ ਬਾਅਦ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦਿਆਂ ਇਸ ਬੱਚੇ ਦੇ ਭੋਗ ਸਮਾਗਮ ਵਿੱਚ ਸਿਆਸੀ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਖਲ ਨਾ ਦੇਣ ਦਾ ਐਲਾਨ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਜਿਸ ਵਿੱਚ ਕੋਈ ਸਿਆਸਤਦਾਨ ਜਾਂ ਅਧਿਕਾਰੀ ਫਤਹਿਵੀਰ ਦੀ ਅੰਤਿਮ ਅਰਦਾਸ ਦੌਰਾਨ ਪੁੱਜਾ ਤਾਂ ਉਸ ਦਾ ਸਖਤ ਵਿਰੋਧ ਕੀਤਾ ਜਾਵੇਗਾ ਕਿਉਂਕਿ ਇਨ੍ਹਾਂ ਵਿੱਚੋਂ ਹਰ ਕਿਸੇ ਨੇ ਫਤਹਿਵੀਰ ਨੂੰ ਬਚਾਉਣ ਦੀ ਥਾਂ ਸਿਰਫ ਸਿਆਸਤ ਕੀਤੀ ਹੈ।

ਇਸ ਅਖ਼ਬਾਰ ਨੇ ਹੀ ਬੱਚੇ ਦੀ ਮੌਤ ਦਾ ਮਾਮਲਾ ਹਾਈ ਕੋਰਟ ਪਹੁੰਚਣ ਬਾਰੇ ਰਿਪੋਰਟ ਤੋਂ ਇਲਾਵਾ ਸੰਗਰੂਰ ‘ਚ ਰੱਖੇ ਗਏ ਬੰਦ ਦੌਰਾਨ ਕੀਤੀ ਗਈ ਨਾਂਅਰੇਬਾਜ਼ੀ ਅਤੇ ਪੰਜਾਬ ‘ਚ 45 ਖੁੱਲ੍ਹੇ ਬੋਰਵੈੱਲ ਬੰਦ ਕੀਤੇ ਜਾਣ ਦੀਆਂ ਖ਼ਬਰਾਂ ਨੂੰ ਜਗ੍ਹਾ ਦਿੱਤੀ ਹੈ। ਇਸ ਤੋਂ ਇਲਾਵਾ ਅਖ਼ਬਾਰ ਨੇ ਰਿਪੋਰਟ ਕੀਤਾ ਹੈ ਕਿ ਫਤਹਿਵੀਰ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 24 ਘੰਟਿਆਂ ਅੰਦਰ ਸੂਬੇ ਅੰਦਰਲੇ ਖੁੱਲ੍ਹੇ ਬੋਰਵੈੱਲਾਂ ਨੂੰ ਇੱਕ ਟਵੀਟੀ ਹੁਕਮ ਰਾਹੀਂ ਬੰਦ ਕਰਨ ਦੀ ਖ਼ਬਰ ਨੂੰ ਕੈਪਟਨ ਦੇ ਟਵੀਟ ਨੇ ਪਾਈਆਂ ਭਾਜੜਾਂ ਅਤੇ “ਪਿੰਡ ਪੱਧਰ ‘ਤੇ ਕਰਵਾਈ ਜਾ ਰਹੀ ਹੈ ਮੁਨਾਦੀ” ਸਿਰਲੇਖ ਹੇਠ ਇੱਕ ਅਜਿਹਾ ਕਾਰਟੂਨ ਛਾਪ ਕੇ ਜਗ੍ਹਾ ਦਿੱਤੀ ਹੈ ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਆਪਣੇ ਅਧਿਕਾਰੀਆਂ ਨੂੰ ਖੁੱਲ੍ਹੇ ਬੋਰਵੈੱਲ ਲੱਭਣ ਦੇ ਹੁਕਮ ਦੇ ਰਹੇ ਹਨ ਤੇ ਅਧਿਕਾਰੀ ਖੇਤਾਂ ਦੀਆਂ ਪਗਡੰਡੀਆਂ ‘ਤੇ ਲੈੰਜ ਲੈ ਕੇ ਬੋਰਵੈੱਲ ਲੱਭਦੇ ਦਿਖਾਈ ਦੇ ਰਹੇ ਹਨ।

Share this Article
Leave a comment