ਪਾਕਿ ਕ੍ਰਿਕਟ ਟੀਮ ਨੂੰ ਬੈਨ ਕਰਨ ਲਈ ਅਦਾਲਤ ‘ਚ ਪਈ ਅਰਜੀ, ਪੀਸੀਬੀ ਨੂੰ ਪਈਆਂ ਭਾਜੜਾਂ, ਸੱਦ ਲਈ ਮੀਟਿੰਗ

TeamGlobalPunjab
3 Min Read

ਨਵੀਂ ਦਿੱਲੀ : ਖੇਡ ਦੌਰਾਨ ਜਿੱਤ ਹਾਰ ਹੋਣਾ ਤਾਂ ਤੈਅ ਹੁੰਦਾ ਹੈ। ਚਾਹੇ ਕੋਈ ਵੀ ਖੇਡ ਕਿਉਂ ਨਾ ਹੋਵੇ ਉਸ ‘ਚ ਜੇਕਰ ਇੱਕ ਟੀਮ ਜਿੱਤ ਹਾਸਲ ਕਰਦੀ ਹੈ ਤਾਂ ਦੂਸਰੀ ਦਾ ਹਾਰਨਾ ਤੈਅ ਹੈ। ਇਸ ਹਾਰ ਨੂੰ ਕੋਈ ਖੁਸ਼ੀ ਖੁਸ਼ੀ ਕਬੂਲਦਾ ਹੈ ਤੇ ਕੋਈ ਇਸ ‘ਤੇ ਬਹੁਤ ਦੁਖੀ ਹੁੰਦਾ ਹੈ। ਕੁਝ ਅਜਿਹਾ ਹੀ ਮਾਹੌਲ ਹੈ ਪਾਕਿਸਤਾਨ ਟੀਮ ਦੇ ਭਾਰਤ ਤੋਂ ਹਾਰਨ ਤੋਂ ਬਾਅਦ। ਇਸ ਮੈਚ ਤੋਂ ਬਾਅਦ ਜਿੱਥੇ ਭਾਰਤ ਨੇ ਖੁਸ਼ੀ ਮਨਾਈ ਹੈ ਉੱਥੇ ਪਾਕਿਸਤਾਨੀ ਵਸਨੀਕ ਇਸ ਹੱਦ ਤੱਕ ਦੁਖੀ ਹੋ ਗਏ ਹਨ ਕਿ ਇੱਕ ਪਾਕਿਸਤਾਨੀ ਕ੍ਰਿਕਟ ਪ੍ਰਸ਼ੰਸਕ ਨੇ ਤਾਂ ਇਸ ਹਾਰ ਨੂੰ ਨਾ ਸਹਾਰਦਿਆਂ ਪਾਕਿਸਤਾਨ ਦੇ ਗੁਜਰਾਂਵਾਲਾ ਇਲਾਕੇ ਦੀ ਅਦਾਲਤ ‘ਚ ਅਰਜੀ ਪਾ ਕੇ ਆਪਣੇ ਦੇਸ਼ ਦੀ ਕ੍ਰਿਕਟ ਟੀਮ ‘ਤੇ ਰੋਕ ਲਾਉਣ ਦੇ ਨਾਲ ਨਾਲ ਇਸ ਦੀ ਚੋਣ ਕਮੇਟੀ ਨੂੰ ਵੀ ਬਰਖਾਸਤ ਕਰਨ ਦੀ ਮੰਗ ਕੀਤੀ ਹੈ।

ਦੱਸਣਯੋਗ ਹੈ ਕਿ ਬੀਤੇ ਐਤਵਾਰ ਯਾਨੀ 16 ਜੂਨ ਨੂੰ ਭਾਰਤ ਪਾਕਿ ਦਰਮਿਆਨ ਖੇਡੇ ਗਏ ਵਿਸ਼ਵ ਕੱਪ ‘ਚ ਭਾਰਤੀ ਟੀਮ ਨੇ ਪਾਕਿ ਟੀਮ ਨੂੰ ਲਗਾਤਾਰ 7ਵੀਂ ਵਾਰ 89 ਦੌੜਾਂ ਦੇ ਫਰਕ ਨਾਲ ਹਰਾਇਆ। ਇਸ ਹਾਰ ਤੋਂ ਬਾਅਦ ਪਾਕਿ ਖਿਡਾਰੀਆਂ ਨੂੰ ਕਾਫੀ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਹੁਣ ਅਦਾਲਤ ‘ਚ ਪਾਈ ਗਈ ਅਰਜੀ ‘ਚ ਸ਼ਿਕਾਇਤ ਕਰਤਾ ਨੇ ਕ੍ਰਿਕਟ ਟੀਮ ‘ਤੇ ਰੋਕ ਲਾਉਣ ਦੀ ਮੰਗ ਤਾਂ ਕੀਤੀ ਹੀ ਹੈ, ਪਰ ਇਸ ਦੇ ਨਾਲ ਹੀ ਕ੍ਰਿਕਿਟ ਟੀਮ ਦੇ ਮੁੱਖ ਚੋਣ ਅਧਿਕਾਰੀ ਇੰਜਮਾਮ-ਉਲ-ਹੁਕ ਦੀ ਚੋਣ ਕਮੇਟੀ ਨੂੰ ਵੀ ਭੰਗ ਕਰਨ ਦੀ ਮੰਗ ਕੀਤੀ ਹੈ, ਪਰ ਇਸ ਸ਼ਿਕਾਇਤਕਰਤਾ ਬਾਰੇ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ ਹੈ।

ਇਸ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਗੁਜਰਾਂਵਾਲਾ ਦੀ ਅਦਾਲਤ ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਅਧਿਕਾਰੀਆਂ ਨੂੰ ਤਲਬ ਕਰ ਲਿਆ ਹੈ। ਇੱਥੇ ਹੀ ਕਿਹਾ ਇਹ ਵੀ ਜਾ ਰਿਹਾ ਹੈ ਕਿ ਪੀਸੀਬੀ ਗਵਰਨਿੰਗ ਬੋਰਡ ਦੀ ਲਾਹੌਰ ‘ਚ ਇੱਕ ਮੀਟਿੰਗ ਵੀ ਬੁਲਾਈ ਗਈ ਹੈ ਅਤੇ ਇਸ ਮੀਟਿੰਗ ਦੌਰਾਨ ਪੀਸੀਬੀ ਦੇ ਕੋਚ ਅਤੇ ਚੋਣ ਅਧਿਕਾਰੀਆਂ ਦੇ ਨਾਲ ਪ੍ਰਬੰਧ ਕਰਨ ਵਾਲੇ ਕੁਝ ਅਧਿਕਾਰੀਆਂ ਦੀ ਛੁੱਟੀ ਕੀਤੀ ਜਾ ਸਕਦੀ ਹੈ। ਪਤਾ ਲੱਗਾ ਹੈ ਕਿ ਜਿਹੜੇ ਲੋਕਾਂ ਦੀ ਇਸ ਦੌਰਾਨ ਛੁੱਟੀ ਕੀਤੀ ਜਾ ਸਕਦੀ ਹੈ ਉਨ੍ਹਾਂ ‘ਚ ਪਾਕਿ ਟੀਮ ਦੇ ਮੈਨੇਜਰ ਤਲਤ ਅਲੀ, ਗੇਂਦਬਾਜ ਅਜਹਰ ਮਹਿਮੂਦ ਅਤੇ ਚੋਣ ਕਮੇਟੀ ਸ਼ਾਮਲ ਹੈ।

ਦੱਸ ਦਈਏ ਕਿ ਪਾਕਿਸਤਾਨ ਕ੍ਰਿਕਟ ਟੀਮ ਵੱਲੋਂ ਇਸ ਵਿਸ਼ਵ ਕੱਪ ਦੌਰਾਨ 5 ਮੁਕਾਬਲੇ ਖੇਡੇ ਗਏ ਹਨ, ਤੇ ਇਨ੍ਹਾਂ ਮੁਕਾਬਲਿਆਂ ‘ਚ ਟੀਮ ਦਾ ਪ੍ਰਦਰਸ਼ਣ ਬਿਲਕੁਲ ਵੀ ਵਧੀਆ ਨਹੀਂ ਰਿਹਾ ਕਿਉਂਕਿ ਇਨ੍ਹਾਂ 5 ਮੁਕਾਬਲਿਆਂ ‘ਚੋਂ 3 ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਦੋਂ ਕਿ ਅਜੇ ਤੱਕ ਸਿਰਫ 1 ਮੈਚ ‘ਚ ਹੀ ਜਿੱਤ ਹਾਸਲ ਕੀਤੀ ਹੈ ਤੇ ਇੱਕ ਮੈਚ ਮੀਂਹ ਕਾਰਨ ਧੋਤਾ ਗਿਆ। ਜਿਸ ਨਾਲ ਪਾਕਿ ਟੀਮ ਫਿਲਹਾਲ 3 ਅੰਕਾਂ ਅਤੇ 1.933 ਦੀ ਕਮਜੋਰ ਰਨ ਰੇਟ ਨਾਲ ਅੰਕ ਸਾਰਣੀ ਦੇ 9ਵੇਂ ਸਥਾਨ ‘ਤੇ ਹੈ।

- Advertisement -

 

Share this Article
Leave a comment