ਪਾਕਿਸਤਾਨ ਨੇ ਸ਼ਾਦਮਾਨ ਚੌਂਕ ਨੂੰ ਦਿੱਤਾ ਸ਼ਹੀਦ ਭਗਤ ਸਿੰਘ ਦਾ ਨਾਮ

Prabhjot Kaur
2 Min Read

ਅੰਮ੍ਰਿਤਸਰ/ਲਾਹੌਰ : ਪਾਕਿਸਤਾਨ ਦੇ ਲਾਹੌਰ ਵਿਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ 88ਵਾਂ ਸ਼ਹੀਦੀ ਸਮਾਗਮ ਅੱਜ ਮਨਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਲਾਹੌਰ ਪ੍ਰਸ਼ਾਸਨ ਨੇ ਇਕ ਪੱਤਰ ਜਾਰੀ ਕੀਤਾ, ਜਿਸ ਵਿਚ ਤਿੰਨਾਂ ਦੀ ਸ਼ਹਾਦਤ ਸਥਾਨ ਸ਼ਾਦਮਾਨ ਚੌਂਕ ਨੂੰ ਭਗਤ ਸਿੰਘ ਚੌਂਕ ਦੇ ਨਾਮ ਨਾਲ ਜ਼ਿਕਰ ਕੀਤਾ। ਉਥੇ ਹੀ, ਪ੍ਰਸ਼ਾਸਨ ਨੇ ਭਗਤ ਸਿੰਘ ਨੂੰ ਇਨਕਲਾਬੀ ਆਗੂ ਵੀ ਦੱਸਿਆ ਉਥੇ ਹੀ ਸ਼ਹੀਦੀ ਸਮਾਗਮ ਲਈ ਕੜੀ ਸੁਰੱਖਿਆ ਮੁਹੱਈਆ ਕਰਨ ਦੇ ਵੀ ਹੁਕਮ ਦਿਤੇ।

ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਇਮਤਿਆਜ਼ ਰਾਸ਼ਿਦ ਕੁਰੈਸ਼ੀ ਦੀ ਪਹਿਲ ‘ਤੇ ਸ਼ਾਦਮਾਨ ਚੌਂਕ ‘ਤੇ ਹਰ ਸਾਲ ਸ਼ਹੀਦੀ ਸਮਾਗਮ ਹੁੰਦਾ ਹੈ। ਕਈ ਵਾਰ ਕੱਟੜਪੰਥੀਆਂ ਨੇ ਇਤਰਾਜ਼ ਜਤਾਇਆ ਪਰ ਕੁਰੈਸ਼ੀ ਨੇ ਸਮਾਗਮ ਮਨਾਉਣਾ ਬੰਦ ਨਹੀਂ ਕੀਤਾ। ਡੀਸੀ ਵਲੋਂ ਜਾਰੀ ਲੈਟਰ ਵਿਚ ਸਮਾਗਮ ਵਾਲੇ ਸਥਾਨ ਨੂੰ ਭਗਤ ਸਿੰਘ ਚੌਕ (ਸ਼ਾਦਮਾਨ ਚੌਕ) ਲਿਖਿਆ ਗਿਆ ਹੈ। ਪਹਿਲਾ ਮੌਕਾ ਹੈ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਭਗਤ ਸਿੰਘ ਨੂੰ ਇਨਕਲਾਬੀ ਮੰਨਿਆ ਹੈ। ਇਮਤਿਆਜ਼ ਇਹ ਮੰਗ ਲੰਮੇ ਸਮੇਂ ਚੁੱਕਦੇ ਆ ਰਹੇ ਹਨ। ਉਨ੍ਹਾਂ ਨੇ ਇਸ ਦੇ ਲਈ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਸੀ ਅਦਾਲਤ ਨੇ ਲਾਹੌਰ ਦੇ ਮੇਅਰ ਨੂੰ ਇਸ ‘ਤੇ ਕੰਮ ਕਰਨ ਦੇ ਨਿਰਦੇਸ਼ ਦਿਤੇ ਸਨ।

ਸ਼ਾਦਮਾਨ ਚੌਕ ਉਹੀ ਜਗ੍ਹਾ ਹੈ ਜਿੱਥੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਅੰਗਰੇਜ਼ਾਂ ਨੇ (23 ਮਾਰਚ 1931 ਨੂੰ) ਫ਼ਾਂਸੀ ਦਿਤੀ ਸੀ। ਕੁਰੈਸ਼ੀ ਨੇ ਦੱਸਿਆ ਕਿ ਅਸੀਂ ਚੌਂਕ ਦਾ ਨਾਮ ਬਦਲਣ ਦੀ ਮੰਗ ਲੰਮੇ ਸਮੇਂ ਤੋਂ ਕਰਦੇ ਆ ਰਹੇ ਸੀ। ਹੁਣ ਚਾਹੁੰਦੇ ਹਾਂ ਇਸ ਚੌਂਕ ਉਤੇ ਭਗਤ ਸਿੰਘ ਦੀ ਪ੍ਰਤਿਮਾ ਲਗਾਈ ਜਾਵੇ। ਇਸ ਤੋਂ ਇਲਾਵਾ ਅਸੀਂ ਉਨ੍ਹਾਂ ਨੂੰ (ਭਗਤ ਸਿੰਘ) ਨਿਸ਼ਾਨ-ਏ-ਹੈਦਰ ਦਾ ਖਿਤਾਬ ਦੇਣ ਦੀ ਵੀ ਮੰਗ ਵੀ ਕਰ ਰਹੇ ਹਾਂ। ਪ੍ਰਸ਼ਾਸਨ ਨੇ ਭਗਤ ਸਿੰਘ ਨੂੰ ਪਹਿਲੀ ਵਾਰ ਇਨਕਲਾਬੀ ਮੰਨਿਆ, ਇਹ ਚੰਗੀ ਪਹਿਲ ਹੈ।

Share this Article
Leave a comment