ਧਰਮਿੰਦਰ ਤੇ ਹੇਮਾ ਮਾਲਿਨੀ ਕਾਰਨ ਹਾਰ ਸਕਦਾ ਹੈ ਸੰਨੀ ਦਿਓਲ! ਇਨ੍ਹਾਂ ਦੋਵਾਂ ਬਾਰੇ ਲੋਕਾਂ ਨੇ ਕੀਤੇ ਹੈਰਾਨੀਜਨਕ ਖੁਲਾਸੇ

TeamGlobalPunjab
5 Min Read

ਪਠਾਨਕੋਟ : ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਰਹਿ ਚੁੱਕੇ ਬਾਲੀਵੁੱਡ ਅਦਾਕਾਰ ਧਰਮਿੰਦਰ ਤੇ ਉਨ੍ਹਾਂ ਦੀ ਮੌਜੂਦਾ ਸੰਸਦ ਮੈਂਬਰ ਪਤਨੀ ਹੇਮਾ ਮਾਲਿਨੀ ਦੇ ਸੰਸਦੀ ਹਲਕਿਆਂ ਬੀਕਾਨੇਰ ਤੇ ਮਥੁਰਾ ਦੇ ਵਸਨੀਕਾਂ ਨੇ ਦਾਅਵਾ ਕੀਤਾ ਹੈ, ਇਨ੍ਹਾਂ ਦੋਵਾਂ ਨੇ ਸੰਸਦ ਮੈਂਬਰ ਬਣਨ ਤੋਂ ਬਾਅਦ ਉਨ੍ਹਾਂ ਦੇ ਹਲਕਿਆਂ ਵਿੱਚ ਕੋਈ ਕੰਮ ਨਹੀਂ ਕੀਤਾ, ਤੇ ਜਿਹੜੇ ਵਾਅਦੇ ਇਨ੍ਹਾਂ ਕਲਾਕਾਰਾਂ ਵੱਲੋਂ ਇਨ੍ਹਾਂ ਦੇ ਇਲਾਕਿਆਂ ਵਿੱਚ ਕੀਤੇ ਗਏ ਸਨ, ਉਹ ਵਾਅਦੇ ਲੈ ਕੇ ਇਹ ਲੋਕ ਹੁਣ ਗੁਰਦਾਸਪੁਰ ਦੇ ਲੋਕਾਂ ਵਿੱਚ ਆਏ ਹਨ ਇਸ ਲਈ  ਇੱਥੋਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ, ਕਿਉਂਕਿ ਉਨ੍ਹਾਂ ਦਾ ਦਾਅਵਾ ਹੈ ਕਿ ਜਿੱਤਣ ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਬੀਕਾਨੇਰ ਤੇ ਮਥੁਰਾ ਦੇ ਲੋਕਾਂ ਲਈ ਕੁਝ ਨਹੀਂ ਕੀਤਾ ਤਾਂ ਇਹ ਗੁਰਦਾਸਪੁਰ ਦੇ ਲੋਕਾਂ ਲਈ ਕੀ ਕਰਨਗੇ?

ਪੰਜਾਬ ਪੁੱਜੇ ਇਨ੍ਹਾਂ ਲੋਕਾਂ ਨੇ ਦੋਵਾਂ ਕਲਾਕਾਰ ਤੋਂ ਸਿਆਸਤਦਾਨ ਬਣਨ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈਇਨ੍ਹਾਂ ਵਿੱਚੋਂ ਬੀਕਾਨੇਰ ਦੇ ਰਹਿਣ ਵਾਲੇ ਨਰਿੰਦਰ ਚੌਧਰੀ ਨੇ ਦਾਅਵਾ ਕੀਤਾ ਹੈ, ਕਿ ਧਰਮਿੰਦਰ ਨੇ ਉਨ੍ਹਾਂ ਦੇ ਇਲਾਕਾ ਬਾਸੀਆਂ ਨਾਲ ਵੀ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਜਿੱਤਣ ਤੋਂ ਬਾਅਦ ਇਨ੍ਹਾਂ ਨੇ ਪੰਜ ਸਾਲਾਂ ਤਕ ਉੱਥੋਂ ਦੇ ਲੋਕਾਂ ਨੂੰ ਆਪਣੀ ਸ਼ਕਲ ਤੱਕ ਨਹੀਂ ਦਿਖਾਈ, ਤੇ ਨਾ ਹੀ ਕੋਈ ਕੰਮ ਕਰਵਾਇਆ। ਇਸ ਤੋਂ ਇਲਾਵਾ ਮਥੁਰਾ ਦੇ ਰਹਿਣ ਵਾਲੇ ਰਾਮ ਕੁਮਾਰ ਕਹਿੰਦੇ ਹਨ, ਕਿ ਉਹ ਜਦੋਂ ਵੀ ਆਪਣੇ ਹਲਕੇ ਦੀਆਂ ਸਮੱਸਿਆਵਾਂ ਬਾਰੇ ਦੱਸਣ ਲਈ ਹੇਮਾ ਮਾਲਿਨੀ ਕੋਲ ਜਾਂਦੇ ਸਨ ਤਾਂ ਉਨ੍ਹਾਂ ਦੇ ਪੀਏ ਨੇ ਕਦੇ ਉਨ੍ਹਾਂ ਨੂੰ ਹੇਮਾ ਮਾਲਿਨੀ ਨਾਲ ਮਿਲਣ ਨਹੀਂ ਦਿੱਤਾ।

ਇੱਥੇ ਬੋਲਦਿਆਂ ਬੀਕਾਨੇਰ ਵਾਸੀ ਨਰਿੰਦਰ ਚੌਧਰੀ ਨੇ ਕਿਹਾ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਦੇਖਿਆ ਹੈ ਕਿ ਫਿਲਮ ਅਦਾਕਾਰ ਧਰਮਿੰਦਰ ਨੇ ਜਿਹੜੇ ਵਾਅਦੇ ਸਾਲ 2004 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੀਕਾਨੇਰ ਦੇ ਲੋਕਾਂ ਨਾਲ ਕੀਤੇ ਸਨ, ਉਹ ਹੀ ਵਾਅਦੇ ਇਹ ਲੋਕ ਹੁਣ ਗੁਰਦਾਸਪੁਰ ਦੇ ਲੋਕਾਂ ਨਾਲ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਲ 2004 ਤੋਂ ਲੈ ਕੇ 2009 ਤੱਕ ਸੰਸਦ ਮੈਂਬਰ ਰਹਿੰਦਿਆਂ ਧਰਮਿੰਦਰ ਨੇ ਜਦੋਂ ਬੀਕਾਨੇਰ ਵਿੱਚ ਕੁਝ ਨਹੀਂ ਕਰਵਾਇਆ ਤਾਂ ਇਹ ਲੋਕ ਇੱਥੇ ਕੀ ਕਰਵਾਉਣਗੇ? ਚੌਧਰੀ ਅਨੁਸਾਰ ਬੀਕਾਨੇਰ ਵਿੱਚ ਵੀ ਇਨ੍ਹਾਂ ਲੋਕਾਂ ਨੇ ਵੱਡੇ ਵੱਡੇ ਉਦਯੋਗ ਲਾਉਣ ਦੇ ਵਾਅਦੇ ਕੀਤੇ ਸਨ, ਉੱਥੇ ਵੀ ਇਨ੍ਹਾਂ ਨੇ ਵੱਡੇ ਵੱਡੇ ਕਾਰਖਾਨੇ ਲਾਉਣ ਦੀ ਗੱਲ ਕੀਤੀ ਸੀ, ਉੱਥੇ ਵੀ ਇਨ੍ਹਾਂ ਨੇ ਵੱਡੇ ਵੱਡੇ ਪੁੰਜੀ ਨਿਵੇਸ਼ ਕਰਵਾਉਣ ਅਤੇ ਮੁੰਬਈ ਤੋਂ ਪੈਸਾ ਲਿਆ ਕੇ ਬੀਕਾਨੇਰ ਵਿੱਚ ਲਗਵਾਉਣ ਦੀ ਗੱਲ ਕੀਤੀ ਸੀ, ਤੇ ਇੱਥੇ ਵੀ ਉਨ੍ਹਾਂ ਹੀ ਵਾਅਦਿਆਂ ਨੂੰ ਦੁਹਰਾਇਆ ਜਾ ਰਿਹਾ ਹੈ।

ਨਰਿੰਦਰ ਚੌਧਰੀ ਨੇ ਕਿਹਾ ਕਿ 15 ਸਾਲ ਹੋ ਗਏ ਹਨ, ਅੱਜ ਵੀ ਬੀਕਾਨੇਰ ਅੰਦਰ ਧਰਮਿੰਦਰ ਨੇ ਵੱਡੇ ਵੱਡੇ ਉਦਯੋਗ ਤੇ ਬਾਹਰੋ ਪੈਸਾ ਲਿਆ ਕੇ ਤਾਂ ਉੱਥੇ ਕੀ ਲਗਵਾਉਣਾ ਸੀ, ਇਨ੍ਹਾਂ ਲੋਕਾਂ ਨੇ ਉੱਥੇ ਕਿਸੇ ਨੂੰ ਚਾਹ ਦੀ ਦੁਕਾਨ ਤੇ ਪਾਨ ਦਾ ਖੋਖਾ ਵੀ ਖੁਲਵਾ ਕੇ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਇਹੋ ਕੁਝ ਇੱਥੇ ਕੀਤਾ ਜਾ ਰਿਹਾ ਹੈ। ਚੌਧਰੀ ਅਨੁਸਾਰ ਉਹ ਇੱਥੇ ਆ ਕੇ ਲੋਕਾਂ ਨੂੰ ਸਿਰਫ ਇਹ ਦੱਸਣ ਆਏ ਹਨ ਕਿ ਜੋ ਕੁਝ ਸਾਡੇ ਨਾਲ ਬੀਕਾਨੇਰ ਵਿੱਚ ਹੋ ਚੁੱਕਾ ਹੈ, ਉਹ ਇਹ ਲੋਕ ਇੱਥੋਂ ਦੇ ਲੋਕਾਂ ਨਾਲ ਨਾ ਕਰ ਸਕਣ, ਕਿਉਂਕਿ ਜਿਨ੍ਹਾਂ ਲੋਕਾਂ ਨੇ 2004 ਤੋਂ ਲੈ ਕੇ 2009 ਦੌਰਾਨ ਜਨਤਾ ਨੂੰ ਮਿਲਣ ਤੱਕ ਦਾ ਟਾਇਮ ਨਹੀਂ ਦਿੱਤਾ ਉਹ ਵਾਅਦੇ ਕੀ ਪੂਰੇ ਕਰਨਗੇ?

- Advertisement -

ਇਸੇ ਤਰ੍ਹਾਂ ਮਥੂਰਾ ਵਾਸੀ ਰਾਮ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਹੇਮਾ ਮਾਲਿਨੀ ਦਾ ਉਸ ਵੇਲੇ ਤਨ, ਮਨ, ਧਨ ਨਾਲ ਸਾਥ ਦਿੱਤਾ, ਜਦੋਂ ਉਹ ਉਨ੍ਹਾਂ ਦੇ ਇਲਾਕੇ ਵਿੱਚੋਂ ਚੋਣ ਲੜਨ ਆਏ ਸੀ। ਉਨ੍ਹਾਂ ਕਿਹਾ ਕਿ ਜਦੋਂ ਹੇਮਾ ਮਾਲਿਨੀ ਮਥੁਰਾ ਆਏ ਸੀ ਤਾਂ ਉਸ ਵੇਲੇ ਉਹ ਵੀ ਸੰਨੀ ਦਿਓਲ ਵਾਂਗ ਵੱਡੇ ਵੱਡੇ ਵਾਅਦੇ ਕਰਦੀ ਸੀ। ਉਸ ਵੇਲੇ ਹੇਮਾ ਮਾਲਿਨੀ ਵੀ ਕਹਿੰਦੀ ਸੀ ਕਿ, “ਜਿੱਥੇ ਸੜਕਾਂ ਨਹੀਂ ਹੋਣਗੀਆਂ ਮੈਂ ਉੱਥੇ ਸੜਕਾਂ ਬਣਾ ਦਿਆਂਗੀ, ਪੂਰੇ ਬਿੰਦਰਾਵਨ ਦਾ ਵਿਕਾਸ ਕਰਵਾਵਾਂਗੀ, ਪਿੰਡਾਂ ‘ਚ ਸੜਕਾਂ ਬਣਵਾ ਦਿਆਂਗੀ, ਪਰ ਕੁਝ ਵੀ ਨਹੀਂ ਹੋਇਆ, ਕਿਉਂਕਿ ਹੇਮਾ ਮਾਲਿਨੀ ਦੇ ਜਿੱਤਦੇ ਸਾਰ ਉੱਥੇ ਕੰਮ ਇੰਝ ਬੰਦ ਹੋ ਗਿਆ ਜਿਵੇਂ ਪਰਦੇ ਤੋਂ ਫਿਲਮ ਬੰਦ ਹੋ ਜਾਂਦੀ ਹੈ।”

 ਇਨ੍ਹਾਂ ਲੋਕਾਂ ਵੱਲੋਂ ਕੀਤੇ ਜਾ ਰਹੇ ਖੁਲਾਸੇ ਬੀਕਾਨੇਰ ਅਤੇ ਮਥੁਰਾ ਵਾਸੀਆਂ ਦੇ ਅਸਲ ਦੁਖੜੇ ਹਨ ਜਾਂ ਉਨ੍ਹਾਂ ਦੀ ਸਿਆਸੀ ਖੁੰਦਕ, ਇਸ ਬਾਰੇ ਤਾਂ ਪਤਾ ਨਹੀਂ ਪਰ ਇੰਨਾ ਜਰੂਰ ਹੈ ਕਿ ਇਨ੍ਹਾਂ ਨੂੰ ਵੇਖ ਕੇ ਇਹ ਜਰੂਰ ਕਿਹਾ ਜਾ ਸਕਦਾ ਹੈ ਪਿੱਛੇ ਪੈਣ ਵਾਲੇ ਲੋਕ ਫਾਸਲਾ ਨਹੀਂ ਦੇਖਿਆ ਕਰਦੇ, ਬੱਸ ਪਿੱਛੇ ਪੈ ਜਾਇਆ ਕਰਦੇ ਹਨ, ਫਿਰ ਭਾਵੇਂ ਉਨ੍ਹਾਂ ਨੂੰ ਆਪਣੇ ਵਿਰੋਧੀ ਨੂੰ ਸਬਕ ਸਿਖਾਉਣ ਲਈ ਉਸ ਦੇ ਪਿੱਛੇ ਪੈਦਲ ਜਾਣਾ ਪਵੇ, ਗੱਡੇ ‘ਚ ਜਾਣਾ ਪਵੇ, ਰੇਲ ‘ਚ ਜਾਣਾ ਪਵੇ ਜਾਂ ਹਵਾਈ ਜਹਾਜ ‘ਤੇ। ਅਗਲੇ ਰੰਗ ਬਰੰਗੀਆਂ ਪੱਗਾਂ ਬੰਨ੍ਹ ਕੇ ਖੁਲਾਸੇ ਕਰਨ ਆ ਹੀ ਜਾਂਦੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਮੁਥਰਾ ਤੇ ਬੀਕਾਨੇਰ ਤੋਂ ਆਏ ਇਨ੍ਹਾਂ ਰੰਗ ਬਰੰਗੀਆਂ ਪੱਗਾਂ ਵਾਲੇ ਲੋਕਾਂ ਦੀਆਂ ਗੱਲਾਂ ਦਾ ਅਸਰ ਸੰਨੀ ਦਿਓਲ ਦੇ ਵੋਟ ਬੈਂਕ ‘ਤੇ ਕਿੰਨਾ ਹੋਵੇਗਾ।

Share this Article
Leave a comment