ਦੇਖੋ ਕਿਵੇਂ ਮਿਹਣੋ ਮਿਹਣੀ ਹੋਏ ਮਾਨ ਤੇ ਘੁੱਗੀ, ਪੁਰਾਣੇ ਯਾਰਾਂ ਨੇ ਖੋਲੇ ਇੱਕ ਦੂਜੇ ਰਾਜ

TeamGlobalPunjab
4 Min Read

ਸੰਗਰੂਰ : ਇੰਝ ਲਗਦਾ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਹਲਕਾ ਸੰਗਰੂਰ ‘ਚ ਲੱਗ ਰਹੀਆਂ ਸਿਆਸੀ ਸਟੇਜਾਂ ਦਾ ਮਾਹੌਲ ਰਾਜਨੀਤੀ ਤੋਂ ਹਟ ਕੇ ਕਿਸੇ ਕਮੇਡੀ ਸ਼ੋਅ ਵਾਲੀ ਸਟੇਜ ਬਣਦਾ ਜਾ ਰਿਹਾ ਹੈ। ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਤਾਂ ਵਿਰੋਧੀਆਂ ਵਿਰੁੱਧ ਮਜ਼ਾਕੀਆ ਬਿਆਨ ਦੇ ਕੇ ਪਹਿਲਾਂ ਹੀ ਲੋਕਾਂ ਦਾ ਮਨੋਰੰਜਨ ਕਰਨ ਲਈ ਮਸ਼ਹੂਰ ਮੰਨੇ ਹੀ ਜਾਂਦੇ ਹਨ, ਫਿਰ ਅਕਾਲੀ ਦਲ ਨੇ ਮਾਨ ਦੇ ਮੁਕਾਬਲੇ ਵਿੱਚ ਭੋਟੂ ਸ਼ਾਹ ਨੂੰ ਲੈਆਂਦਾ ਤੇ ਹੁਣ ਕਾਂਗਰਸ ਪਾਰਟੀ ਵੀ ਇਸ ਮਾਮਲੇ ਵਿੱਚ ਕਿਸੇ ਗੱਲੋਂ ਪਿੱਛੇ ਨਹੀਂ ਰਹਿਣਾ ਚਾਹੁੰਦੀ, ਸ਼ਾਇਦ ਇਸੇ ਲਈ ਸੂਬੇ ਦੇ ਸੱਤਾਧਾਰੀਆਂ ਨੇ ਵੀ ਇੱਕ ਹਾਸਰਸ ਕਲਾਕਾਰ ਨੂੰ ਮਾਨ ਦੇ ਚੁਟਕਲਿਆਂ ਦਾ ਜਵਾਬ ਦੇਣ ਲਈ ਸੰਗਰੂਰ ਦੇ ਚੋਣ ਮੈਦਾਨ ‘ਚ ਉਤਾਰ ਦਿੱਤਾ ਹੈ। ਜੀ ਹਾਂ ਉਹ ਹਾਸਰਸ ਕਲਾਕਾਰ ਹਨ ਗੁਰਪ੍ਰੀਤ ਸਿੰਘ ਘੁੱਗੀ, ਉਹ ਘੁੱਗੀ, ਜੋ ਕਦੇ ਭਗਵੰਤ ਮਾਨ ਦਾ ਸਾਥੀ ਹੁੰਦਾ ਸੀ, ਉਹ ਘੁੱਗੀ ਜੋ ਕਦੇ ਆਮ ਆਦਮੀ ਪਾਰਟੀ ਵਿੱਚ ਉਸੇ ਅਹੁਦੇ ‘ਤੇ ਤੈਨਾਤ ਸੀ, ਜਿਸ ਅਹੁਦੇ ‘ਤੇ ਅੱਜ ਭਗਵੰਤ ਮਾਨ ਬੈਠਾ ਹੈ। ਪਰ ਹੁਣ ਸੱਚਾਈ ਇਹ ਹੈ ਕਿ ਇਹ ਦੋਵੇਂ ਇਕ ਦੂਜੇ ਤੇ ਕੱਟੜ ਵਿਰੋਧੀ ਹਨ। ਅੱਜ ਕੱਲ੍ਹ ਇਹ ਸਾਬਕਾ ਸਿਆਸਤਦਾਨ ਤੇ ਹਾਸਰਸ ਕਲਾਕਾਰ ਗੁਰਪ੍ਰੀਤ ਘੁੱਗੀ ਕਾਂਗਰਸ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਿਹਾ ਹੈ। ਇਸ ਚੋਣ ਪ੍ਰਚਾਰ ਦੌਰਾਨ ਘੁੱਗੀ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਆਪਣੇ ਭਾਸ਼ਣਾਂ ਦੌਰਾਨ ਨਿਸ਼ਾਨੇ ‘ਤੇ ਰੱਖਿਆ ਹੈ। ਘੁੱਗੀ ਕਹਿੰਦੇ ਹਨ ਕਿ ਜਦੋਂ ਸਾਡਾ ਕਲਾਕਾਰ ਸਾਥੀ ਭਗਵੰਤ ਮਾਨ ਜਿੱਤਿਆ ਸੀ, ਤਾਂ ਸਾਰੇ ਸਾਥੀ ਕਲਾਕਾਰਾਂ ਨੇ ਖੁਸ਼ੀ ਮਨਾਈ ਸੀ, ਪਰ ਹੁਣ ਉਹ ਸਾਥੀ ਵੀ ਮੋਦੀ ਦੇ ਰਸਤੇ ਹੀ ਤੁਰ ਪਿਆ ਹੈ, ਤੇ ਲੋਕਾਂ ਨੂੰ ਕਾਮੇਡੀ ਦੇ ਅੰਨ੍ਹੇ ਭਗਤ ਬਣਾਉਣ ਲੱਗਾ ਹੈ। ਘੁੱਗੀ ਨੇ ਤਾਂ ਬੋਲਦਿਆਂ ਇਥੋਂ ਤਕ ਵੀ ਕਹਿ ਦਿੱਤਾ, ਕਿ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨਾਲ ਗੱਦਾਰੀ ਕੀਤੀ ਹੈ, ਪਰ ਭਗਵੰਤ ਮਾਨ ਉਸੇ ਇਨਸਾਨ ਦੀਆਂ ਜੁਰਾਬਾਂ ਵਿੱਚ ਵੜਿਆ ਰਹਿੰਦਾ ਹੈ।

ਇੱਧਰ ਦੂਜੇ ਪਾਸੇ ਘੁੱਗੀ ਵੱਲੋਂ ਦਿੱਤੇ ਇਸ ਬਿਆਨ ਤੋਂ ਬਾਅਦ ਭਗਵੰਤ ਮਾਨ ਵੀ ਪਿੱਛੇ ਨਹੀਂ ਰਹੇ। ਮਾਨ ਨੇ ਘੁੱਗੀ ‘ਤੇ ਹਮਲਾ ਬੋਲਦਿਆਂ ਕਿਹਾ, ਕਿ ਘੁੱਗੀ ਦਾ ਕੋਈ ਸਟੈਂਡ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਘੁੱਗੀ ਉਨ੍ਹਾਂ ਨੂੰ ਇਹ ਕਹਿੰਦਿਆਂ ਛੱਡ ਗਏ ਸਨ ਕਿ ਉਹ ਸ਼ਰਾਬੀ ਪ੍ਰਧਾਨ ਨਾਲ ਕੰਮ ਨਹੀਂ ਕਰ ਸਕਦੇ, ਪਰ ਹੁਣ ਘੁੱਗੀ ਦੱਸਣ ਕਿ ਇਹ ਕੈਪਟਨ ਤੇ ਕੇਵਲ ਢਿੱਲੋਂ ਕੀ ਮੈਂਗੋਸ਼ੇਕ ਪੀਂਦੇ ਹਨ? ਉਨ੍ਹਾਂ ਇੱਥੇ ਦੋਸ਼ ਲਾਉਂਦਿਆਂ ਇੱਥੋਂ ਤੱਕ ਕਹਿ ਦਿੱਤਾ, ਕਿ ਪੈਸੇ ਲਈ ਇੰਨੀ ਵੀ ਜ਼ਮੀਰ ਨਹੀਂ ਵੇਚਣੀ ਚਾਹੀਦੀ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਸੰਗਰੂਰ ਤੋਂ ਉਮੀਦਵਾਰ ਪਰਮਿੰਦਰ ਢੀਂਡਸਾ ਨੇ ਚੋਣ ਪ੍ਰਚਾਰ ਲਈ ਹਾਸਰਸ ਕਲਾਕਾਰ ਭੋਟੂ ਸ਼ਾਹ ਨੂੰ ਲੈ ਕੇ ਆਏ ਸਨ ਤੇ ਹੁਣ ਕਾਂਗਰਸ ਨੇ ਲੋਕਾਂ ਦਾ ਮਨੋਰੰਜਨ ਕਰਨ ਲਈ ਗੁਰਪ੍ਰੀਤ ਘੁੱਗੀ ਨੂੰ ਬੁਲਾਇਆ ਹੈ। ਇਨ੍ਹਾਂ ਸਿਆਸੀ ਪਾਰਟੀਆਂ ਵੱਲੋਂ ਆਪਣੇ ਚੋਣ ਜਲਸਿਆਂ ਦੌਰਾਨ ਭਾਵੇਂ ਲੋਕਾਂ ਦੇ ਮਨੋਰੰਜਨ ਲਈ ਅਤੇ ਆਪਣੇ ਚੋਣ ਪ੍ਰਚਾਰ ਲਈ ਹਾਸਰਸ ਕਲਾਕਾਰਾਂ ਦਾ ਸਹਾਰਾ ਲਿਆ ਜਾ ਰਿਹਾ ਹੋਵੇ, ਪਰ ਦੇਖਣਾ ਇਹ ਹੋਵੇਗਾ ਕਿ, ਕਿਹੜਾ ਹਾਸਰਸ ਕਲਾਕਾਰ ਲੋਕਾਂ ਦੇ ਮਨਾਂ ਨੂੰ ਭਾਉਂਦਾ ਹੈ ਤੇ ਲੋਕ ਕਿਸ ਪਾਰਟੀ ਨੂੰ ਆਪਣੀ ਵੋਟ ਦਿੰਦੇ ਹਨ।

 

- Advertisement -

Share this Article
Leave a comment