ਟਕਸਾਲੀ ਤੇ ‘ਆਪ’ ਵਾਲਿਆਂ ਦਾ ਵੀ ਪੈ ਗਿਆ ਰੌਲਾ, ਅਨੰਦਪੁਰ ਸਾਹਿਬ ਤੋਂ ਦੋਵੇਂ ਖੜ੍ਹੇ ਕਰਨਗੇ ਆਪੋ-ਆਪਣੇ ਉਮੀਦਵਾਰ

Prabhjot Kaur
3 Min Read

ਚੰਡੀਗੜ੍ਹ : ਪਹਿਲਾਂ ਬਾਦਲਾਂ ਤੇ ਫਿਰ ਪੰਜਾਬ ਜ਼ਮਹੂਰੀ ਗੱਠਜੋੜ ਨਾਲੋਂ ਵੱਖ ਹੋਣ ਵਾਲੇ ਟਕਸਾਲੀਆਂ ਦਾ ਪੇਚ ਹੁਣ ਆਮ ਆਦਮੀ ਪਾਰਟੀ ਵਾਲਿਆਂ ਨਾਲ ਵੀ ਫਸਦਾ ਦਿਖਾਈ ਦੇ ਰਿਹਾ ਹੈ। ਟਕਸਾਲੀਆਂ ਦਾ ਜਿਸ ਆਨੰਦਪੁਰ ਸਾਹਿਬ ਦੀ ਸੀਟ ਨੂੰ ਲੈ ਕੇ ਪੰਜਾਬ ਜ਼ਮਹੂਰੀ ਗੱਠਜੋੜ ਵਾਲਿਆਂ ਨਾਲ ਰੌਲਾ ਪਿਆ ਸੀ ਉਸੇ ਸੀਟ ‘ਤੇ ਹੁਣ ਬ੍ਰਹਮਪੁਰਾ ਦੀ ਪਾਰਟੀ ਦਾ ਆਪ ਨਾਲ ਵੀ ਤਕਰਾਰ ਹੁੰਦਾ ਨਜ਼ਰ ਆ ਰਿਹਾ ਹੈ। ਜੇਕਰ ਅਜਿਹਾ ਹੋਇਆ ਤਾਂ ਇਨ੍ਹਾਂ ਦੋਵਾਂ ਪਾਰਟੀਆਂ ਦੇ ਵਿਰੋਧੀ ਉਸੇ ਵੇਲੇ ਇਨ੍ਹਾਂ ਵਿਰੁੱਧ ਪ੍ਰਚਾਰ ਦਾ ਝੰਡਾ ਲੈ ਕੇ ਇਹ ਕਹਿੰਦੇ ਦਿਖਾਈ ਦੇਣਗੇ ਕਿ ਆਪ ਦਾ ਖਹਿਰਾ ਦੇ ਸਾਥੀਆਂ ਨਾਲ ਵੀ ਤਾਂ ਹੀ ਨਹੀਂ ਬਣੀ ਕਿ ਉਨ੍ਹਾਂ ‘ਚ ਨੁਕਸ਼ ਸੀ ਤੇ ਟਕਸਾਲੀਆਂ ਦੀ ਆਪ ਵਾਲਿਆਂ ਨਾਲ ਤੇ ਪੀਡੀਏ ਨਾਲ ਇਸ ਲਈ ਨਹੀਂ ਬਣੀ ਕਿਉਂਕਿ ਇਹ ਵੀ ਇਕੱਠੇ ਰਹਿਣ ਵਿੱਚ ਵਿਸ਼ਵਾਸ਼ ਘੱਟ ਹੀ ਕਰਦੇ ਹਨ।

ਇਸ ਸਬੰਧੀ ਸੂਤਰਾਂ ਤੋਂ ਇਕੱਤਰ ਕੀਤੀ ਜਾਣਕਾਰੀ ਨੂੰ ਸੱਚ ਮੰਨਿਆ ਜਾਵੇ ਤਾਂ ਆਨੰਦਪੁਰ ਸਾਹਿਬ ਸੀਟ ਲਈ ਰੌਲਾ ਅਜੇ ਵੀ ਨਹੀਂ ਮੁੱਕਿਆ ਹੈ। ਟਕਸਾਲੀ ਅਕਾਲੀ ਦਲ ਉੱਥੋਂ ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੂੰ ਚੋਣ ਲੜਾਉਂਣਾ ਚਾਹੁੰਦਾ ਹੈ ਕਿਉਂਕਿ ਟਕਸਾਲੀਆਂ ਦਾ ਤਰਕ ਹੈ ਕਿ ਪਿਛਲੇ 25 ਸਾਲ ਤੋਂ ਇੱਥੇ ਸਿਰਫ ਕਾਂਗਰਸੀ ਤੇ ਅਕਾਲੀ ਉਮੀਦਵਾਰ ਹੀ ਜਿੱਤ ਹਾਸਲ ਕਰਦੇ ਆਏ ਹਨ। ਲਿਹਾਜਾ ਉਨ੍ਹਾਂ ਨੂੰ ਲਗਦਾ ਹੈ ਕਿ ਇਹ ਹਲਕਾ ਪੰਥਕ ਵੋਟਾਂ ਨਾਲ ਭਰਪੂਰ ਹੈ ਇਸ ਲਈ ਇੱਥੋਂ ਉਨ੍ਹਾਂ ਦਾ ਉਮੀਦਵਾਰ ਜਿੱਤ ਹਾਸਲ ਕਰੇਗਾ। ਦੂਜੇ ਪਾਸੇ ਆਮ ਆਦਮੀ ਪਾਰਟੀ ਵਾਲੇ ਇੱਥੋਂ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਆਪਣਾ ਉਮੀਦਵਾਰ ਐਲਾਨ ਚੁੱਕੇ ਹਨ ਇਨ੍ਹਾਂ ਦਾ ਮੰਨਣਾ ਹੈ ਕਿ ਉਹ ਸ਼ੇਰਗਿੱਲ ਦੀ ਉਮੀਦਵਾਰੀ ਇਸ ਲਈ ਵਾਪਸ ਨਹੀਂ ਲੈ ਸਕਦੇ ਕਿਉਂਕਿ ਇਸ ਤੋਂ ਪਹਿਲਾਂ ਵਿਧਾਨ ਸਭਾ ਚੋਣਾ ਦੌਰਾਨ ਵੀ ਨਰਿੰਦਰ ਸਿੰਘ ਨੂੰ ਹਲਕਾ ਖਰੜ ਦੀ ਬਜਾਏ ਮੁਹਾਲੀ ਤੋਂ ਚੋਣ ਲੜਾਈ ਗਈ ਸੀ।

ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਵੀ ਮੰਨਿਆ ਹੈ ਕਿ ਉਨ੍ਹਾਂ ਦਾ ਟਕਸਾਲੀਆਂ ਨਾਲ ਸਮਝੌਤਾ ਤਾਂ ਹੋ  ਚੁੱਕਿਆ ਹੈ, ਪਰ ਆਨੰਦਪੁਰ ਸਾਹਿਬ ਸੀਟ ‘ਤੇ ਦੋਵਾਂ ਵਿਚਾਲੇ ਸਹਿਮਤੀ ਨਹੀਂ ਬਣ ਪਾਈ। ਮਾਨ ਅਨੁਸਾਰ ਇਸ ਸਮਝੌਤੇ ਦਾ ਰਸਮੀਂ ਐਲਾਨ ਤਾਂ ਉਹ ਕਰ ਦੇਣਗੇ ਪਰ ਆਨੰਦਪੁਰ ਸਾਹਿਬ ਤੋਂ ਦੋਵਾਂ ਪਾਰਟੀਆਂ ਦੇ ਉਮੀਦਵਾਰ ਚੋਣ ਲੜਨਗੇ। ਉੱਧਰ ਟਕਸਾਲੀ ਅਕਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਵੀ ਕਹਿੰਦੇ ਹਨ ਕਿ ਅਨੰਦਪੁਰ ਸਾਹਿਬ ਹਲਕੇ ਦੀ ਸੀਟ ਨੂੰ ਛੱਡ ਕੇ ਬਾਕੀ ਸੀਟਾਂ ‘ਤੇ ਸਮਝੌਤਾ ਹੋ ਚੁੱਕਿਆ ਹੈ, ਪਰ ਪੂਰਾ ਸਮਝੌਤਾ ਤਾਂ ਹੀ ਮੰਨਿਆ ਜਾਂਦਾ ਹੈ ਜੇਕਰ ਆਨੰਦਪੁਰ ਸਾਹਿਬ ਸੀਟ ‘ਤੇ ਵੀ ਦੋਵਾਂ ਵੱਲੋਂ ਇੱਕੋ ਉਮੀਦਵਾਰ ਚੋਣ ਲੜੇ। ਬ੍ਰਹਮਪੁਰਾ ਕਹਿੰਦੇ ਹਨ ਕਿ ਅਜੇ ਸਲਾਹ ਮਸ਼ਵਰਾ ਜ਼ਾਰੀ ਹੈ ਤੇ ਕਿਸੇ ਵੀ ਸਿੱਟੇ ਪਹੁੰਚਣ ਲਈ ਅਜੇ 3-4 ਦਿਨ ਹੋਰ ਲੱਗ ਜਾਣਗੇ।

 

- Advertisement -

Share this Article
Leave a comment