ਚਰਨਜੀਤ ਸ਼ਰਮਾਂ ਦੇ ਪੁਲਿਸ ਰਿਮਾਂਡ ਵਾਲੀ ਪਲ-ਪਲ ਦੀ ਖ਼ਬਰ ਲੈ ਰਿਹੈ ਬਾਦਲ ਤੇ ਸੈਣੀ ਖ਼ੇਮਾਂ

Prabhjot Kaur
3 Min Read

ਚੰਡੀਗੜ੍ਹ : ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ‘ਚ ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾਂ ਨੂੰ ਐਸ ਆਈ ਟੀ ਨੇ ਗ੍ਰਿਫਤਾਰ ਵੀ ਕਰ ਲਿਆ, ਤੇ ਅਦਾਲਤ ਨੇ ਉਸ ਨੂੰ 8 ਦਿਨਾਂ ਪੁਲਿਸ ਰਿਮਾਂਡ ‘ਤੇ ਵੀ ਭੇਜ ਦਿੱਤਾ ਹੈ, ਪਰ ਬਾਦਲ ਤੇ ਸੁਮੇਧ ਸੈਣੀ ਖੇਮਿਆਂ ‘ਚ ਕੱਲ੍ਹ ਤੋਂ ਹੀ ਇਹ ਸੋਚ ਕੇ ਚਿੰਤਾ ਦਾ ਮਾਹੌਲ ਹੈ ਕਿ ਫਿਰ ਕੀ ਬਣੂੰ ਜੇ ਸ਼ਰਮੇ ਨੇ ਬਾਦਲਾਂ ਜਾਂ ਸੈਣੀ ਦਾ ਨਾਮ ਵੀ ਇਹ ਕਹਿ ਕੇ ਲੈ ਲਿਆ ਕਿ ਉਹ ਇਕੱਲਾ ਨਹੀਂ ਇਸ ਮਾਮਲੇ ‘ਚ ਵੀ ਇਹ ਲੋਕ ਵੀ ਬਰਾਬਰ ਦੇ ਜ਼ਿੰਮੇਵਾਰ ਹਨ। ਲਿਹਾਜ਼ਾ ਇਨ੍ਹਾਂ ਲੋਕਾਂ ਵੱਲੋਂ ਪੁਲਿਸ ਰਿਮਾਂਡ ‘ਤੇ ਚੱਲ ਰਹੇ ਚਰਨਜੀਤ ਸ਼ਰਮਾਂ ਵੱਲੋਂ ਕੀਤੇ ਜਾ ਰਹੇ ਖੁਲਾਸਿਆਂ ਸਬੰਧੀ ਆਪੋ ਆਪਣੇ ਸੂਤਰਾਂ ਰਾਹੀਂ ਪਲ-ਪਲ ਦੀ ਜਾਣਕਾਰੀ ਲਈ ਜਾ ਰਹੀ ਹੈ।

ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਬਾਦਲਾਂ ਅਤੇ ਸੁਮੇਧ ਸੈਣੀ ਦਾ ਭਵਿੱਖ ਚਰਨਜੀਤ ਸ਼ਰਮਾਂ ਵੱਲੋਂ ਦਿੱਤੇ ਗਏ ਇੱਕ ਬਿਆਨ ਦੇ ਨਾਲ ਹੀ ਹਨੇਰੇ ਵਿੱਚ ਜਾ ਸਕਦਾ ਹੈ ਕਿਉਂਕਿ ਕਹਿੰਦੇ ਨੇ ਕਿ ਜਿਸ ਵੇਲੇ ਤੁਸੀਂ ਪੂਰੀ ਚੜ੍ਹਾਈ ਵਿੱਚ ਹੁੰਦੇ ਹੋ ਤਾਂ ਉਸ ਵੇਲੇ ਲੋਕ ਤੁਹਾਡੇ ‘ਤੇ ਅੰਨ੍ਹਾਂ ਵਿਸ਼ਵਾਸ ਕਰਦੇ ਹਨ, ਪਰ ਜਦੋਂ ਇੱਕ ਵਾਰ ਤੁਹਾਡਾ ਵਿਸ਼ਵਾਸ ਟੁੱਟਦਾ ਹੈ ਤਾਂ ਉਸ ਵਿਸ਼ਵਾਸ ਨੂੰ ਮੁੜ ਬਹਾਲ ਕਰਨ ਲਈ ਲੰਮਾ ਸਮਾਂ ਲੱਗ ਜਾਂਦਾ ਹੈ। ਉਸ ਸਮੇਂ ਲੋਕ ਹਰ ਉਸ ਛੋਟੀ-ਤੋਂ-ਛੋਟੀ ਗੱਲ ਨੂੰ ਵੀ ਬਹੁਤ ਜਲਦੀ ਮੰਨ ਲੈਂਦੇ ਹਨ ਜਿਹੜੀ ਤੁਹਾਡੇ ਖਿਲਾਫ ਜਾ ਰਹੀ ਹੋਵੇ। ਇਹੋ ਕੁਝ ਬਾਦਲਾਂ ਤੇ ਸੁਮੇਧ ਸੈਣੀ ਦੇ ਮਾਮਲੇ ਵਿੱਚ ਵਾਪਰ ਰਿਹਾ ਹੈ ਕਿਉਂਕਿ ਨਿਹੱਥੇ ਅਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਲੋਕਾਂ ‘ਤੇ ਗੋਲੀਆਂ ਚਲਾਉਣ, ਦੋ ਸਿੰਘਾਂ ਨੂੰ ਸ਼ਹੀਦ ਕਰਨ ਅਤੇ 50 ਦੇ ਕਰੀਬ ਨੂੰ ਜ਼ਖਮੀ ਕਰ ਦੇਣ ਨਾਲ ਸੂਬੇ ਦੇ ਲੋਕਾਂ ਦੇ ਮਨਾਂ ਅੰਦਰ ਉਨ੍ਹਾਂ ਪੁਲਿਸ ਵਾਲਿਆਂ ਅਤੇ ਬਾਦਲਾਂ ਖ਼ਿਲਾਫ ਭਾਰੀ ਰੋਸ ਹੈ ਜੋ ਕਿ ਅਸਾਨੀ ਨਾਲ ਸ਼ਾਂਤ ਹੁੰਦਾ ਦਿਖਾਈ ਨਹੀਂ ਦਿੰਦਾ। ਐਸੇ ਮਾਹੌਲ ਵਿੱਚ ਚੋਣਾਂ ਦੇ ਨੇੜੇ ਜੇਕਰ ਚਰਨਜੀਤ ਸ਼ਰਮਾਂ ਨੇ ਬਾਦਲਾਂ ਜਾਂ ਸੈਣੀ ਦਾ ਨਾਮ ਲੈ ਲਿਆ ਤਾਂ ਲੋਕਾਂ ਦਾ ਗੁੱਸਾ ਹੋਰ ਭੜਕ ਜਾਵੇਗਾ ਜਿਸ ਦਾ ਸਿੱਧਾ ਅਸਰ ਲੋਕ ਸਭਾ ਚੋਣਾਂ ‘ਤੇ ਪਵੇਗਾ। ਇਹੋ ਨਾ ਤਾਂ ਬਾਦਲ  ਚਾਹੁੰਦੇ ਤੇ ਨਾ ਹੀ ਸੁਮੇਧ ਸੈਣੀ। ਲਿਹਾਜ਼ਾ ਹਾਲਾਤ ‘ਤੇ ਨਜ਼ਰ ਰੱਖਣੀ ਇਨ੍ਹਾਂ ਲੋਕਾਂ ਦੀ ਮਜ਼ਬੂਰੀ ਬਣ ਚੁਕਿਆ ਹੈ ਤਾਂ ਕਿ ਜੇਕਰ ਸ਼ਰਮਾ ਪੁਲਿਸ ਰਿਮਾਂਡ ਤੇ ਕੁਝ ਵੀ ਬਾਦਲਾਂ ਜਾਂ ਸੈਣੀ ਦੇ ਖ਼ਿਲਾਫ ਬੋਲੇ ਤਾਂ ਉਸ ਦਾ ਤੋੜ ਤੁਰੰਤ ਕੱਡ ਲਿਆ ਜਾਵੇ।

 

Share this Article
Leave a comment