ਕੈਪਟਨ ਦੀ ਸਿੱਧੂ ਨੂੰ ਆਖਰੀ ਚੇਤਾਵਨੀ? ਬਿਜਲੀ ਵਿਭਾਗ ਦੀ ਕਮਾਂਡ ਖੁਦ ਸੰਭਾਲੀ, ਕੀਤੀ ਅਧਿਕਾਰੀਆਂ ਨਾਲ ਮੀਟਿੰਗ

TeamGlobalPunjab
4 Min Read

ਚੰਡੀਗੜ੍ਹ : ਪੰਜਾਬ ਕਾਂਗਰਸ ‘ਚ ਕੈਪਟਨ ਸਿੱਧੂ ਵਿਵਾਦ ਨੇ ਇੱਕ ਕਦਮ ਹੋਰ ਅੱਗੇ ਵਧਾ ਲਿਆ ਹੈ। ਨਵਜੋਤ ਸਿੰਘ ਸਿੱਧੂ ਵੱਲੋਂ ਬਿਜਲੀ ਮਹਿਕਮੇਂ ਦਾ ਚਾਰਜ ਨਾ ਸੰਭਾਲਣ ‘ਤੇ ਸੂਬੇ ਅੰਦਰ ਸਰਕਾਰ ਦੀ ਹੋ ਰਹੀ ਕਿਰਕਿਰੀ ਨੂੰ ਦੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੋਨੇ ਦੀ ਬਿਜਾਈ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ ਅਤੇ ਪੂਰੀ ਬਿਜਲੀ ਸਪਲਾਈ ਦੇਣ ਲਈ ਬਿਜਲੀ ਮਹਿਕਮੇਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਹੁਕਮ ਦਿੱਤੇ ਕਿ ਕਿਸੇ ਵੀ ਹਾਲਤ ਵਿੱਚ ਸੀਜ਼ਨ ਦੌਰਾਨ ਕਿਸਾਨਾਂ ਨੂੰ ਬਿਜਲੀ ਸਪਲਾਈ ਸਬੰਧੀ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਭਾਵੇਂ ਕਿ ਮਾਮਲਾ ਕਿਸਾਨਾਂ ਨਾਲ ਜੁੜੀਆਂ ਦਿੱਕਤਾਂ ਦਾ ਹੀ ਸਹੀ, ਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਦਿੱਤੇ ਬਿਜਲੀ ਮਹਿਕਮੇਂ ਦੇ ਅਧਿਕਾਰੀਆਂ ਦੀ ਕਮਾਂਡ ਆਪਣੇ ਹੱਥ ਵਿੱਚ ਲੈਣ ਦੀ ਇਹ ਘਟਨਾ ਸਿੱਧੂ ਨੂੰ ਕੈਪਟਨ ਦੀ ਇਹ ਆਖਰੀ ਚੇਤਾਵਨੀ ਮੰਨਿਆ ਜਾ ਰਿਹਾ ਹੈ।

ਇਸ ਸਬੰਧੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਮਹਿਕਮੇਂ ਦੇ ਸਕੱਤਰ, ਚੇਅਰਮੈਨ ਅਤੇ ਮੈਂਬਰਾਂ ਤੋਂ ਇਲਾਵਾ ਹੋਰ ਕਈ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਵਿਭਾਗ ਦੀ ਮੌਜੂਦਾ ਕਾਰਗੁਜਾਰੀ ਦੀ ਰਿਪੋਰਟ ਹਾਸਲ ਕੀਤੀ ਹੈ। ਜਿਸ ਦੀ ਪੁਸ਼ਟੀ ਸਕੱਤਰ ਪੱਧਰ ਦੇ ਇੱਕ ਅਧਿਕਾਰੀ ਨੇ ਵੀ ਇਹ ਕਹਿੰਦਿਆਂ ਕਰ ਦਿੱਤੀ ਹੈ ਕਿ ਮੁੱਖ ਮੰਤਰੀ ਨੇ ਬਿਜਲੀ ਮਹਿਕਮੇਂ ਦੀ ਨਿਗਰਾਨੀ ਲਈ ਕਦਮ ਅੱਗੇ ਵਧਾ ਦਿੱਤੇ ਹਨ।

ਦੱਸ ਦਈਏ ਕਿ ਲੋਕ ਸਭਾ ਚੋਣਾਂ ਦੌਰਾਨ ਜਦੋਂ ਚੋਣ ਪ੍ਰਚਾਰ ਦੇ ਆਖਰੀ ਦਿਨ ਨਵਜੋਤ ਸਿੰਘ ਸਿੱਧੂ ਨੇ ਬਠਿੰਡਾ ਹਲਕੇ ਵਿੱਚ ਇੱਕ ਰੈਲੀ ਵਿੱਚ ਬੋਲਦਿਆਂ ਇਹ ਕਿਹਾ ਸੀ ਕਿ ਕਾਂਗਰਸ ਦੀ ਪਿੱਠ ‘ਚ ਛੁਰਾ ਮਾਰਨ ਵਾਲੇ ਅਤੇ 75-25 ਦੀ ਸਾਂਝੇਦਾਰੀ ਕਰਨ ਵਾਲੇ ਲੋਕਾਂ ਨੂੰ ਠੋਕ ਦਿਓ, ਤਾਂ ਇਸ ਗੱਲ ਦਾ ਕੈਪਟਨ ਅਮਰਿੰਦਰ ਸਿੰਘ ਸਮੇਤ ਸੂਬੇ ਦੇ ਬਹੁਤ ਸਾਰੇ ਮੰਤਰੀਆਂ ਅਤੇ ਕਾਂਗਰਸੀ ਆਗੂਆਂ ਨੇ ਬਹੁਤ ਬੁਰਾ ਮਨਾਇਆ ਸੀ। ਇਸ ਤੋਂ ਬਾਅਦ ਨਾ ਸਿਰਫ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਵਿਰੁੱਧ ਸ਼ਰੇਆਮ ਬਿਆਨਬਾਜ਼ੀ ਕੀਤੀ ਸੀ ਬਲਕਿ ਲੋਕ ਸਭਾ ਚੋਣਾਂ ਵਿੱਚ ਪੰਜਾਬ ਅੰਦਰ 5 ਸੀਟਾਂ ਦੀ  ਹਾਰ ਦਾ ਠੀਕਰਾ ਵੀ ਸਿੱਧੂ ਦੇ ਸਥਾਨਕ ਸਰਕਾਰਾਂ ਮਹਿਕਮੇਂ ਸਿਰ ਇਹ ਕਹਿੰਦਿਆਂ ਭੰਨ੍ਹ ਦਿੱਤਾ ਸੀ ਕਿ ਸਿੱਧੂ ਦੇ ਇਸ ਮਹਿਕਮੇਂ ਦੀ ਮਾੜੀ ਕਾਰਗੁਜਾਰੀ ਕਾਰਨ ਹੀ ਉਨ੍ਹਾਂ ਨੂੰ ਸ਼ਹਿਰਾਂ ਅੰਦਰ ਵੋਟ ਬੈਂਕ ਦਾ ਨੁਕਸਾਨ ਹੋਇਆ ਹੈ। ਇਸ ਤੋਂ ਬਾਅਦ ਭਾਵੇਂ ਸਿੱਧੂ ਨੇ ਸਬੂਤਾਂ ਅਤੇ ਤੱਥਾਂ ਸਮੇਤ ਬਥੇਰੀ ਸਫਾਈ ਦਿੱਤੀ ਪਰ ਕੈਪਟਨ ਨੇ ਉਨ੍ਹਾਂ ਦੀ ਇੱਕ ਨਾ ਸੁਣੀ ਤੇ ਕੁਝ ਦਿਨਾਂ ਅੰਦਰ ਵਜ਼ਾਰਤੀ ਫੇਰਬਦਲ ਕਰਕੇ ਹੋਰਨਾਂ ਮੰਤਰੀਆਂ ਦੇ ਨਾਲ ਨਾਲ ਨਵਜੋਤ ਸਿੰਘ ਸਿੱਧੂ ਕੋਲੋਂ ਸਥਾਨਕ ਸਰਕਾਰਾਂ ਮਹਿਕਮੇਂ ਦਾ ਚਾਰਜ ਵਾਪਸ ਲੈ ਕੇ ਉਨ੍ਹਾਂ ਨੂੰ ਬਿਜਲੀ ਮਹਿਕਮਾਂ ਦੇ ਦਿੱਤਾ ਸੀ। ਇਸ ਗੱਲ ਤੋਂ ਨਾਰਾਜ ਹੋ ਕੇ ਨਵਜੋਤ ਸਿੰਘ ਸਿੱਧੂ ਨੇ 16 ਦਿਨ ਬੀਤ ਜਾਣ ਦੇ ਬਾਵਜੂਦ ਹੁਣ ਤੱਕ ਬਿਜਲੀ ਮਹਿਕਮੇਂ ਦਾ ਚਾਰਜ ਨਹੀਂ ਸੰਭਾਲਿਆ ਹੈ ਤੇ ਇੰਝ ਜਾਪਦਾ ਹੈ ਜਿਵੇਂ ਉਹ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਨੂੰ ਕੈਪਟਨ ਵਿਰੁੱਧ ਦਿੱਤੀ ਗਈ ਆਪਣੀ ਸ਼ਿਕਾਇਤ ‘ਤੇ ਫੈਸਲੇ ਦੀ ਉਡੀਕ ਵਿੱਚ ਹਨ।

ਇੱਧਰ ਦੂਜੇ ਪਾਸੇ ਸਿੱਧੂ ਵੱਲੋਂ ਬਿਜਲੀ ਮਹਿਕਮੇਂ ਦਾ ਚਾਰਜ ਨਾਂ ਸੰਭਾਲੇ ਜਾਣ ‘ਤੇ ਕੀ ਮੀਡੀਆ ਤੇ ਕੀ ਵਿਰੋਧੀ ਧਿਰਾਂ ਸਰਕਾਰ ਦੀ ਲਗਾਤਾਰ ਖਿਚਾਈ ਕਰਦੀਆਂ ਆ ਰਹੀਆਂ ਹਨ। ਉੱਤੋਂ ਝੋਨੇ ਦੀ ਬਿਜਾਈ ਦਾ ਸੀਜ਼ਨ ਹੋਣ ਕਾਰਨ ਬਿਜਲੀ ਸਪਲਾਈ ਵਿੱਚ ਕਿਸੇ ਕਿਸਮ ਦਾ ਵਿਘਣ ਪੈ ਜਾਣ ਕਾਰਨ ਕਿਸਾਨ ਜਥੇਬੰਦੀਆਂ ਦੇ ਵੀ ਨਰਾਜ਼ ਹੋਣ ਦਾ ਖਤਰਾ ਮੰਡਰਾਉਣ ਲੱਗ ਪਿਆ ਹੈ। ਇਸ ਤੋਂ ਇਲਾਵਾ ਕੈਪਟਨ ਨਵਜੋਤ ਸਿੰਘ ਸਿੱਧੂ ਦੀ ਜਿੱਤ ਅੱਗੇ ਵੀ ਝੁਕਣ ਨੂੰ ਤਿਆਰ ਨਹੀਂ ਹਨ ਤੇ ਸੂਤਰਾਂ ਅਨੁਸਾਰ ਉਹ ਸਿੱਧੂ ਨੂੰ  ਕੋਈ ਸਖਤ ਸੁਨੇਹਾ ਦੇਣਾ ਚਾਹੁੰਦੇ ਸਨ। ਲਿਹਾਜਾ ਸੂਤਰਾਂ ਅਨੁਸਾਰ ਬਿਜਲੀ ਮਹਿਕਮੇਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਇਸ਼ਾਰੇ ਇਸ਼ਾਰੇ ਵਿੱਚ ਸਖਤ ਚੇਤਾਵਨੀ ਦੇ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਮਹਿਕਮੇਂ ਦਾ ਚਾਰਜ ਨਹੀਂ ਸੰਭਾਲਿਆ ਤਾਂ ਆਉਣ ਵਾਲੇ ਸਮੇਂ ਵਿੱਚੋਂ ਉਨ੍ਹਾਂ ਤੋਂ ਇਹ ਮਹਿਕਮਾਂ ਵੀ ਵਾਪਸ ਲਿਆ ਜਾ ਸਕਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੈਪਟਨ ਦੇ ਇਸ ਸਖਤ ਕਦਮ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਅਤੇ ਸਿੱਧੂ ਕੀ ਰੁੱਖ ਅਪਣਾਉਂਦੇ ਹਨ।

- Advertisement -

Share this Article
Leave a comment