ਕੈਨੇਡੀਅਨ ਸਿੱਖ ਮੋਟਰਸਾਈਕਲ ਕਲੱਬ ਦਾ ਜੱਥਾ ਸ੍ਰੀ ਹਰਮੰਦਿਰ ਸਾਹਿਬ ਵਿਖੇ ਹੋਇਆ ਨਤਮਸਤਕ

TeamGlobalPunjab
2 Min Read

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੈਨੇਡਾ ਦੇ ਸਰੀ ਸ਼ਹਿਰ ਤੋਂ ਚੱਲ ਕੇ 21 ਵੱਖ-ਵੱਖ ਦੇਸ਼ਾਂ ਦੀ ਯਾਤਰਾ ਕਰਦਿਆਂ ਸਿੱਖ ਮੋਟਰਸਾਈਕਲ ਕਲੱਬ ਬਿ੍ਟਿਸ਼ ਕੋਲੰਬੀਆ ਦੇ 6 ਕੈਨੇਡੀਅਨ ਸਿੱਖ ਨੌਜਵਾਨ ਪੰਜਾਬ ਪਹੁੰਚੇ ਜਿਥੇ ਸਿੱਖ ਸੰਗਤਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

ਇਹ ਨੌਜਵਾਨ ਕੈਨੈਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਅਮਰੀਕਾ, ਇੰਗਲੈਂਡ, ਯੂਰਪ ਦੇ ਕਈ ਦੇਸ਼ਾਂ, ਮਿਡਲ ਈਸਟ ਮੁਲਕਾਂ, ਈਰਾਨ, ਅਫ਼ਗਾਨਿਸਤਾਨ ਤੇ ਪਾਕਿਸਤਾਨ ਹੁੰਦੇ ਹੋਏ ਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਦੇ ਹੋਏ ਅਟਾਰੀ ਵਾਹਘਾ ਸਰਹੱਦ ਰਸਤੇ ਗੁਰੂ ਨਗਰੀ ਪੁੱਜੇ। ਉਕਤ ਨੌਜਵਾਨਾਂ ਨੇ ਸਿੱਖ ਕੌਮ ਦੇ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਅਦਾ ਕੀਤਾ।

ਉਥੇ ਹੀ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਦੇਖ-ਰੇਖ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਸਿੱਖ ਮੋਟਰਸਾਈਕਲ ਕਲੱਬ ਕੈਨੇਡਾ ਦੇ 6 ਮੈਂਬਰ ਸ੍ਰੀ ਗੋਇੰਦਵਾਲ ਸਾਹਿਬ ਪੁੱਜੇ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਦੀਆਂ ਸਿੱਖ ਸੰਗਤਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲਾ, ਮੈਨੇਜਰ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਗੁਰਪ੍ਰੀਤ ਸਿੰਘ ਰੋਡੇ, ਸਾਬਕਾ ਸਕੱਤਰ ਹਰਭਜਨ ਸਿੰਘ ਮਨਾਵਾਂ, ਐਡੀਸ਼ਨਲ ਸਕੱਤਰ ਸੁਖਦੇਵ ਸਿੰਘ ਭੂਰਾ, ਜਥੇਬੰਦਕ ਸਕੱਤਰ ਸ਼੍ਰੋਮਣੀ ਅਕਾਲੀ ਦਲ ਕੁਲਦੀਪ ਸਿੰਘ ਔਲਖ, ਸੀਨੀਅਰ ਅਕਾਲੀ ਆਗੂ ਜਥੇਦਾਰ ਪ੍ਰੇਮ ਸਿੰਘ ਪੰਨੂ, ਗੁਰਿੰਦਰ ਸਿੰਘ ਟੋਨੀ ਬ੍ਰਹਮਪੁਰਾ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਭਲਾਈਪੁਰ, ਹੈੱਡ ਗ੍ੰਥੀ ਗਿਆਨੀ ਕੁਲਵੰਤ ਸਿੰਘ ਅਤੇ ਬਾਵਾ ਸੁਜਿੰਦਰ ਸਿੰਘ ਲਾਲੀ ਵੱਲੋਂ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ, ਬਾਬਾ ਸੇਵਾ ਸਿੰਘ ਅਤੇ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰਾਂ ਨੂੰ ਸਨਮਾਨਤ ਕੀਤਾ ਗਿਆ।

Share this Article
Leave a comment