ਕਮਾਲ ਐ! ਫੂਲਕਾ ਕਹਿੰਦੇ ਮੈਨੂੰ ਨਹੀਂ ਪਤਾ ਕਿਉਂ ਮਿਲ ਰਿਹੈ ਪਦਮ ਸ਼੍ਰੀ ਅਵਾਰਡ, ਸੁਣਕੇ 84 ਦੇ ਕੇਸਾਂ ਵਾਲੇ ਮੁਲਜ਼ਮਾਂ ਦੀਆਂ ਵਾਛਾਂ ਖਿਲੀਆਂ!!

Prabhjot Kaur
4 Min Read

ਲੁਧਿਆਣਾ : ਕੇਂਦਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜ਼ਾਰੀ ਕਰਕੇ ਕਈ ਹੋਰਨਾ ਪ੍ਰਸਿੱਧ ਸਖਸ਼ੀਅਤਾਂ ਦੇ ਨਾਲ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐਸ ਫੂਲਕਾ ਨੂੰ ਪਦਮ ਸ਼੍ਰੀ ਅਵਾਰਡ ਦੇਣ ਦਾ ਐਲਾਨ ਕੀਤਾ ਹੈ। ਭਾਵੇਂ ਕਿ ਸਰਕਾਰ ਵੱਲੋਂ ਫੂਲਕਾ ਨੂੰ ਇਹ ਅਵਾਰਡ ਸਮਾਜ ਵਿੱਚ ਕੀਤੇ ਜਾਣ ਵਾਲੇ ਚੰਗੇ ਕੰਮਾਂ ਲਈ ਦਿੱਤਾ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਜਦੋਂ ਫੂਲਕਾ ਨੂੰ ਇਸ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਬਿਲਕੁਲ ਪਤਾ ਨਹੀਂ ਹੈ ਕਿ ਇਹ ਇਨਾਮ ਉਨ੍ਹਾਂ ਨੂੰ ਕਿਉਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ  ਮੈਨੂੰ ਗ੍ਰਹਿ ਮੰਤਰਾਲਿਆ ਤੋਂ ਫੋਨ ਆਇਆ ਸੀ ਤੇ ਉਨ੍ਹਾਂ ਦੱਸਿਆ ਕਿ ਤੁਹਾਡਾ ਨਾਮ ਪਦਮ ਸ਼੍ਰੀ ਅਵਾਰਡ ਦਿੱਤੇ ਜਾਣ ਵਾਲੀ ਲਿਸਟ ਵਿੱਚ ਪਾਇਆ ਗਿਆ ਹੈ ਤੇ ਉਹ ਲੋਕ ਇਸ ਸਬੰਧੀ ਸ਼ਾਮ ਨੂੰ ਐਲਾਨ ਕਰਨ ਜਾ ਰਹੇ ਹਨ ਕਿ ਮੈਨੂੰ ਪਦਮ ਸ਼੍ਰੀ ਅਵਾਰਡ ਦਿੱਤਾ ਜਾ ਰਿਹਾ ਹੈ। ਫੂਲਕਾ ਦਾ ਇਹ ਬਿਆਨ ਭਾਵੇਂ ਬਿਲਕੁਲ ਸੱਚਾ ਹੈ ਪਰ ਮਾਹਿਰਾਂ ਅਨੁਸਾਰ ਇਸ ਨਾਲ 84 ਸਿੱਖ ਨਸ਼ਲਕੁਸੀ ਵਾਲੇ ਮਾਮਲਿਆਂ ਦੇ ਮੁਲਜ਼ਮਾਂ ਨੂੰ ਇਹ ਕਹਿਣ ਦਾ ਮੌਕਾ ਜਰੂਰ ਮਿਲ ਗਿਆ ਹੈ ਕਿ ਉਨ੍ਹਾਂ ਨੂੰ ਸਜ਼ਾ ਦਵਾਉਣ ਵਿੱਚ ਬੀਜੇਪੀ ਸਰਕਾਰ ਦਾ ਹੱਥ ਹੈ ਇਸੇ ਲਈ ਸਰਕਾਰ ਨੂੰ ਫੂਲਕਾ ਨੂੰ ਬਾਅਦ ਵਿੱਚ ਸਨਮਾਨਿਤ ਵੀ ਕਰ ਦਿੱਤਾ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਐਚ ਐਸ ਫੂਲਕਾ ਨੇ ਕਿਹਾ ਕਿ ਉਨ੍ਹਾਂ ਵਾਸਤੇ ਇਹ ਸੁਨੇਹਾ ਅਚਾਨਕ ਆਇਆ ਹੈ ਜਿਸ ਬਾਰੇ ਊਨ੍ਹਾਂ ਨੂੰ ਪਹਿਲਾ ਬਿਲਕੁਲ ਪਤਾ ਨਹੀਂ ਸੀ। ਫੂਲਕਾ ਅਨੁਸਾਰ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਅਵਾਰਡ ਉਨ੍ਹਾਂ ਨੂੰ 1984 ਸਿੱਖ ਨਸ਼ਲਕੁਸੀ ਦੇ ਪੀੜ੍ਹਤਾਂ ਨੂੰ ਇੰਨਸਾਫ ਦਵਾਉਣ ਲਈ ਲੜੀ ਜਾ ਰਹੀ ਲੜਾਈ ਲਈ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਉਹ ਇਹ ਅਵਾਰਡ ਦਿੱਤੇ ਜਾਣ ਲਈ ਭਾਰਤ ਸਰਕਾਰ ਅਤੇ ਰਾਸ਼ਟਰਪਤੀ ਦਾ ਧੰਨਵਾਦ ਕਰਦੇ ਹਨ ਤੇ ਉਹ ਸੋਚਦੇ ਹਨ ਕਿ ਇਹ ਸਨਮਾਨ ਹਰ ਉਸ ਵਿਅਕਤੀ ਲਈ ਹੈ ਜੋ ਇੰਨਸਾਫ ਦੀ ਲੜਾਈ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਇੱਕ ਤਰ੍ਹਾਂ ਨਾਲ ਉਤਸ਼ਾਹਿਤ ਕਰਦਾ ਹੈ ਕਿ ਜੇਕਰ ਤੁਸੀਂ ਇੰਨਸਾਫ ਲਈ ਲੜਾਈ ਲੜੋਂਗੇ ਤਾਂ ਕਿਤੇ-ਨਾ-ਕਿਤੇ ਜਾ ਕੇ ਤਾਂ ਤੁਹਾਡੀਆਂ ਸੇਵਾਵਾਂ ਨੂੰ ਮਾਨਤਾ ਦਿੱਤੀ ਜਾਵੇਗੀ ਤੇ ਇਹ ਲੜਾਈ ਵਿਅਰਥ ਨਹੀਂ ਜਾਵੇਗੀ।

ਉਨ੍ਹਾ ਕਿਹਾ ਕਿ ਮੈਂ ਇਹ ਲੜਾਈ ਸਾਰਿਆਂ ਲਈ ਲੜੀ ਹੈ, ਇਹ ਸਾਬਿਤ ਕਰਨ ਲਈ ਕਿ ਦੇਸ਼ ਦੇ ਕਾਨੂੰਨ ਤੋਂ ਉੱਪਰ ਕੋਈ ਨਹੀਂ। ਇਸ ਤਰ੍ਹਾਂ ਇਹ ਲੜਾਈ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਲੜੀ ਗਈ ਕਹੀ ਜਾ ਸਕਦੀ ਹੈ। ਜੋ ਕਿ ਇੱਕ ਸੁਨੇਹਾ ਦਿੰਦੀ ਹੈ ਕਿ ਸੱਤਾ ਦੇ ਨਸ਼ੇ ‘ਚ ਚੂਰ ਜਿਹੜੇ ਲੋਕ ਜਨ਼ਤਾ ਨਾਲ ਜਿਆਜ਼ਤੀਆਂ ਕਰਦੇ ਹਨ ਉਨ੍ਹਾਂ ਨੂੰ ਕਦੇ-ਨਾ-ਕਦੇ ਕਾਨੂੰਨ ਦੇ ਸਿਕੰਜੇ ‘ਚ ਆ ਕੇ ਸਜ਼ਾ ਭੁਗਤਣੀ ਹੀ ਪੈਣੀ ਹੈ।

- Advertisement -

ਉਨ੍ਹਾਂ ਕਿਹਾ ਕਿ ਇਹ ਲੜਾਈ ਸਾਬਿਤ ਕਰਦੀ ਹੈ ਕਿ ਜੇ ਲੋਕ ਜਵਾਨੀ ‘ਚ ਵੀ ਜੁਰਮ ਕਰਦੇ ਹਨ ਤਾਂ ਬੁਢਾਪਾ ਉਨ੍ਹਾਂ ਨੂੰ ਜੇਲ੍ਹ ‘ਚ ਬਿਤਾਉਣਾਂ ਪਵੇਗਾ। ਫੂਲਕਾ ਨੇ ਦੱਸਿਆ ਕਿ ਇਹ ਇਨਾਮ ਉਨ੍ਹਾਂ ਨੂੰ ਮਾਰਚ ਜਾਂ ਅਪ੍ਰੈਲ ਮਹੀਨੇ ਵਿੱਚ ਰਾਸ਼ਟਰਪਤੀ ਭਵਨ ਵਿਖੇ ਇੱਕ ਸਮਾਗਮ ਦੌਰਾਨ ਦਿੱਤਾ ਜਾਵੇਗਾ। ਐਚ ਐਸ ਫੂਲਕਾ ਅਨੁਸਾਰ ਇਹ ਸਨਮਾਨ ਮਿਲਣ ਤੋਂ ਬਾਅਦ ਵੀ ਉਹ ਸਮਾਜ ਸੇਵਾ ਦੇ ਕੰਮ ਜਾਰੀ ਰੱਖਣਗੇ।

ਇਸ ਮੌਕੇ ਫੂਲਕਾ ਨੇ ਇੱਕ ਵਾਰ ਫਿਰ ਕਿਹਾ ਕਿ ਨਾ ਤਾਂ ਉਹ ਲੋਕ ਸਭਾ ਚੋਣਾਂ ਲੜਨਗੇ ਤੇ ਨਾ ਹੀ ਕਿਸੇ ਪਾਰਟੀ ‘ਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਜ਼ਮਹੂਰੀ ਗਠਜੋੜ ਤੋਂ ਇਲਾਵਾ ਕਈ ਹੋਰ ਪਾਰਟੀਆਂ ਤੇ ਧੜਿਆਂ ਵੱਲੋਂ ਉਨ੍ਹਾਂ ਨੂੰ ਫੋਨ ਕੀਤੇ ਗਏ ਸਨ ਪਰ
ਉਨ੍ਹਾਂ ਨੇ ਸਾਰਿਆਂ ਨੂੰ ਇਹ ਕਹਿ ਕੇ ਮਣਾਂ ਕਰ ਦਿੱਤਾ ਹੈ ਕਿ ਨਾ ਉਨ੍ਹਾਂ ਨੇ ਚੋਣ ਲੜਨੀ ਹੈ ਤੇ ਨਾ ਕਿਸੇ ਪਾਰਟੀ ‘ਚ ਸ਼ਾਮਲ ਹੋਣਾ ਹੈ। ਅੰਤ ਵਿੱਚ ਫੂਲਕਾ ਨੇ ਕਿਹਾ ਕਿ ਵਿਧਾਇਕੀ ਦੀਆਂ ਚੋਣਾਂ ਅਜੇ ਬਹੁਤ ਦੂਰ ਹਨ ਤੇ ਇਸ ਬਾਰੇ ਫੈਸਲਾ ਉਹ ਅੱਗੇ ਚੱਲ ਕੇ ਲੈਣਗੇ ਕਿ ਉਹ ਚੋਣ ਲੜਨੀ ਹੈ ਜਾਂ ਨਹੀਂ।

Share this Article
Leave a comment