ਐਂਬੂਲੈਂਸ ਨੂੰ ਰਸਤਾ ਨਾ ਦੇਣ ਵਾਲਿਆਂ ਨੂੰ ਹੁਣ ਲੱਗੇਗਾ ਭਾਰੀ ਜ਼ੁਰਮਾਨਾ, ਬਿੱਲ ਨੂੰ ਹਰੀ ਝੰਡੀ

TeamGlobalPunjab
3 Min Read

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਸੋਮਵਾਰ ਨੂੰ ‘ਮੋਟਰ ਵਾਹਨ ਕਾਨੂੰਨ-1988 ‘ਚ ਸੋਧਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਬਿੱਲ ਵਿੱਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਭਾਰੀ ਜ਼ੁਰਮਾਨਾ ਲੱਗੇਗਾ। ਮੌਜੂਦਾ ਸੰਸਦ ਇਜਲਾਸ ‘ਚ ਹੀ ਨਵਾਂ ‘ਮੋਟਰ ਵਾਹਨ’ ਬਿੱਲ ਪੇਸ਼ ਕੀਤਾ ਜਾ ਸਕਦਾ ਹੈ।

ਬਿੱਲ ‘ਚ ਐਂਬੂਲੈਂਸ, ਫਾਇਰ ਬ੍ਰਿਗੇਡ ਵਰਗੇ ਵਾਹਨਾਂ ਨੂੰ ਰਸਤਾ ਨਾ ਦੇਣ ‘ਤੇ 10,000 ਰੁਪਏ ਤਕ ਦਾ ਜੁਰਮਾਨਾ ਲਾਉਣ ਦਾ ਪ੍ਰਬੰਧ ਹੈ। ਇਸੇ ਤਰ੍ਹਾਂ ਆਯੋਗ ਐਲਾਨ ਕੀਤੇ ਜਾਣ ਦੇ ਬਾਵਜੂਦ ਵਾਹਨ ਚਲਾਉਂਦੇ ਰਹਿਣ ‘ਤੇ ਵੀ ਇੰਨਾ ਹੀ ਜੁਰਮਾਨਾ ਲੱਗੇਗਾ। ਸੂਤਰਾਂ ਮੁਤਾਬਕ, ਲਾਇੰਸੈਂਸ ਤੇ ਰਜਿਸਟਰੇਸ਼ਨ ਸਰਟੀਫਿਕੇਟ (ਆਰ. ਸੀ.) ਲੈਣ ਲਈ ‘ਆਧਾਰ’ ਜ਼ਰੂਰੀ ਹੋ ਸਕਦਾ ਹੈ।

ਨਾਬਾਲਗ ਨੂੰ ਬਾਈਕ-ਗੱਡੀ ਦੇਣਾ ਪਵੇਗਾ ਭਾਰੀ
ਹੁਣ ਟ੍ਰੈਫਿਕ ਨਿਯਮਾਂ ਨੂੰ ਤੋੜਨ ‘ਤੇ ਪਹਿਲਾਂ ਨਾਲੋਂ ਭਾਰੀ ਜੁਰਮਾਨਾ ਲੱਗੇਗਾ। ਕਿਸੇ ਨਾਬਾਲਗ ਵੱਲੋਂ ਗੱਡੀ, ਮੋਟਰਸਾਈਕਲ ਜਾਂ ਸਕੂਟਰ ਚਲਾਉਣ ਕਾਰਨ ਹਾਦਸਾ ਹੁੰਦਾ ਹੈ, ਤਾਂ ਉਸ ਸਥਿਤੀ ‘ਚ ਮਾਤਾ-ਪਿਤਾ ਜਾਂ ਜਿਸ ਦੇ ਨਾਂ ‘ਤੇ ਗੱਡੀ ਹੈ ਉਹ ਜਿੰਮੇਵਾਰ ਹੋਵੇਗਾ ਤੇ ਇਸ ਹਾਲਤ ‘ਚ ਗੱਡੀ ਮਾਲਕ ‘ਤੇ 25 ਹਜ਼ਾਰ ਰੁਪਏ ਤਕ ਜੁਰਮਾਨਾ ਲਾਉਣ ਦੇ ਨਾਲ ਤਿੰਨ ਸਾਲ ਤਕ ਦੀ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ। ਇੰਨਾ ਹੀ ਨਹੀਂ ਵਾਹਨ ਦਾ ਰਜਿਸਟਰੇਸ਼ਨ ਵੀ ਰੱਦ ਕੀਤੀ ਜਾਵੇਗੀ।

ਸ਼ਰਾਬ ਪੀ ਕੇ ਡਰਾਈਵਿੰਗ ਕਰਨ ਵਾਲੇ ਨੂੰ ਘੱਟੋ-ਘੱਟ 10,000 ਰੁਪਏ ਜੁਰਮਾਨਾ ਲੱਗੇਗਾ, ਜੋ ਹੁਣ ਤਕ 2,000 ਰੁਪਏ ਹੈ। ਖਰਾਬ ਡਰਾਈਵਿੰਗ ਲਈ ਜੁਰਮਾਨਾ 1,000 ਰੁਪਏ ਤੋਂ ਵਧਾ ਕੇ 5,000 ਰੁਪਏ ਕੀਤਾ ਜਾਵੇਗਾ। ਲਾਇੰਸੈਂਸ ਤੋਂ ਬਿਨਾਂ ਗੱਡੀ ਜਾਂ ਸਕੂਟਰ-ਮੋਟਰਸਾਈਕਲ ਚਲਾਉਣ ‘ਤੇ ਘੱਟੋ-ਘੱਟ 5,000 ਰੁਪਏ ਜੁਰਮਾਨਾ ਲੱਗੇਗਾ, ਜੋ ਹੁਣ 5,00 ਰੁਪਏ ਤਕ ਲੱਗਦਾ ਹੈ।

ਓਵਰ ਸਪੀਡਿੰਗ ਤੁਹਾਨੂੰ 1,000-2,000 ਰੁਪਏ ਤਕ ਮਹਿੰਗੀ ਪਵੇਗੀ, ਜਿਸ ਲਈ ਫਿਲਹਾਲ 4,00 ਰੁਪਏ ਭਰ ਕੇ ਬਚਾ ਹੋ ਜਾਂਦਾ ਹੈ। ਸੀਟ ਬੈਲਟ ਨਾ ਬੰਨਣ ‘ਤੇ 1,000 ਰੁਪਏ ਜੁਰਮਾਨਾ ਲਾਉਣ ਦੀ ਵਿਵਸਥਾ ਕੀਤੀ ਗਈ ਹੈ। ਡਰਾਈਵਿੰਗ ਕਰਦੇ ਮੋਬਾਇਲ ‘ਤੇ ਗੱਲ ਕੀਤੀ ਤਾਂ 5,000 ਰੁਪਏ ਜੁਰਮਾਨਾ ਲੱਗੇਗਾ, ਯਾਨੀ ਹੁਣ ਨਾਲੋਂ ਪੰਜ ਗੁਣਾ ਵੱਧ ਜੇਬ ਢਿੱਲੀ ਹੋਵੇਗੀ।

ਬਿਨਾਂ ਇੰਸ਼ੋਰੈਂਸ ਡਰਾਈਵਿੰਗ ਕਰਨ ‘ਤੇ 2,000 ਰੁਪਏ ਜੁਰਮਾਨਾ ਤੇ ਬਿਨਾਂ ਹੈਲਮਟ ਦੇ 1,000 ਰੁਪਏ ਜੁਰਮਾਨਾ ਲਾਉਣ ਦੀ ਵਿਵਸਥਾ ਕੀਤੀ ਗਈ ਹੈ ਤੇ ਨਾਲ ਹੀ ਤਿੰਨ ਮਹੀਨੇ ਲਈ ਲਾਇੰਸੈਂਸ ਵੀ ਰੱਦ ਹੋਵੇਗਾ। ਉੱਥੇ ਹੀ, ਨਿਯਮਾਂ ਦੀ ਦੇਖ-ਰੇਖ ਕਰਨ ਵਾਲੇ ਅਧਿਕਾਰੀਆਂ ਵੱਲੋਂ ਉਲੰਘਣਾ ਕਰਨ ‘ਤੇ ਜੁਰਮਾਨਾ ਦੁੱਗਣਾ ਕਰਨ ਦਾ ਪ੍ਰਸਤਾਵ ਹੈ।

Share this Article
Leave a comment