ਉਹ ਸ਼ਹਿਰ ਜਿੱਥੇ ਰੇਂਜ ਰੋਵਰ ਤੋਂ ਮਹਿੰਗੇ ਕਬੂਤਰਾਂ ਨੂੰ ਅਗਵਾ ਕਰਕੇ ਮੰਗੀ ਜਾਂਦੀ ਹੈ ਲੱਖਾਂ ਰੁਪਏ ਦੀ ਫਿਰੌਤੀ

Prabhjot Kaur
2 Min Read

ਚੰਡੀਗੜ੍ਹ : ਕਹਿੰਦੇ ਨੇ ਸੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਇਹ ਕਥਨ ਬਿਲਕੁਲ ਸੱਚ ਜਾਪਦਾ ਹੈ ਕਿਉਂਕਿ ਇਨਸਾਨ ਆਪਣੇ ਸੌਂਕ ਪੂਰੇ ਕਰਨ ਲਈ ਵੱਡੀ ਤੋਂ ਵੱਡੀ ਕੀਮਤ ਵੀ ਅਦਾ ਕਰਨ ਨੂੰ ਤਿਆਰ ਹੋ ਜਾਂਦਾ ਹੈ। ਅਜਿਹੇ ਹੀ ਸੌਂਕਾਂ ਵਿੱਚੋਂ ਸੌਂਕ ਹੁੰਦਾ ਹੈ ਕੁਝ ਲੋਕਾਂ ਨੂੰ ਕਬੂਤਰਬਾਜ਼ੀ ਦਾ, ਤੇ ਅੱਜ ਇਹੀ ਸੌਂਕ ਸਿਰ ਚੜ੍ਹਿਆ ਹੋਇਆ ਹੈ ਇਰਾਕ ਦੇ ਲੋਕਾਂ ਦੇ ਜਿਹੜੇ ਕਿ ਆਪਣੇ ਇਸ ਸੌਂਕ ਨੂੰ ਪੂਰਾ ਕਰਨ ਲਈ ਇਰਾਕ ‘ਚ ਹੋਣ ਵਾਲੇ ਕਬੂਤਰਬਾਜ਼ੀ ਮੁਕਾਬਲੇ ‘ਤੇ ਹਜ਼ਾਰਾਂ ਲੱਖਾਂ ਡਾਲਰ ਦਾਅ ‘ਤੇ ਲਾ ਰਹੇ ਨੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਕਬੂਤਰ ਇਸ ਮੁਕਾਬਲੇ ‘ਚ ਜਿੱਤ ਹਾਸਲ ਕਰਦਾ ਹੈ ਉਸ ਦੀ ਕੀਮਤ 4 ਹਜਾਰ ਡਾਲਰ ਯਾਨੀ ਕਿ 2 ਲੱਖ 82 ਹਜ਼ਾਰ 2 ਸੌ 96 ਰੁਪਏ ਹੁੰਦੀ ਹੈ । ਮਿਲੀ ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਇੱਥੋਂ ਦੇ ਬਸਰਾ ਸ਼ਹਿਰ ‘ਚ ਕਬੂਤਰਬਾਜ਼ੀ ਮੁਕਾਬਲਿਆਂ ‘ਚ ਜਿੱਤ ਹਾਸਲ ਕਰਨ ਵਾਲੇ ਇੱਕ ਕਬੂਤਰ ਦਾ ਮੁੱਲ 93 ਹਜਾਰ ਡਾਲਰ ਪਾਇਆ ਗਿਆ ਸੀ ਜੋ ਕਿ ਭਾਰਤੀ ਕ੍ਰਾਂਸੀ ਅਨੁਸਾਰ 65 ਲੱਖ 63 ਹਜਾਰ 5 ਸੌ 68 ਰੁਪਏ ਬਣਦੀ ਹੈ, ਤੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਕਬੂਤਰ ਇੱਕ ਰੇਂਜ ਰੋਵਰ ਗੱਡੀ ਤੋਂ ਵੀ ਮਹਿੰਗਾ ਸੀ।

ਦੱਸ ਦਈਏ ਕਿ ਇਰਾਕ ‘ਚ ਹੋਣ ਵਾਲੇ ਇਹ ਸਭ ਤੋਂ ਵੱਡੇ ਕਬੂਤਰਬਾਜ਼ੀ ਮੁਕਾਬਲੇ ਹਨ ਅਤੇ ਇਨ੍ਹਾਂ ਮੁਕਾਬਲਿਆਂ ‘ਚ ਬਹੁਤ  ਸਾਰੇ ਕਬੂਤਰਾਂ ਨੂੰ ਅਗਵਾ ਕੀਤੇ ਜਾਣ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ। ਇੱਥੇ ਹੀ ਬੱਸ ਨਹੀਂ ਬਲਕਿ ਕਬੂਤਰਾਂ ਬਦਲੇ ਫਿਰੌਤੀ ਦੀ ਰਕਮ ਵੀ ਮੰਗੀ ਜਾਂਦੀ ਹੈ। ਜਾਣਕਾਰੀ ਮੁਤਾਬਕ ਕਬੂਤਰਬਾਜ਼ੀ ਦੇ ਇਹ ਮੁਕਾਬਲੇ ਬਗਦਾਦ ਤੋਂ 100 ਮੀਲ ਦੂਰ ਇੱਕ ਖੁਲ੍ਹੇ ਮੈਦਾਨ ‘ਚ ਕਰਵਾਏ ਜਾਂਦੇ ਹਨ। ਇਨ੍ਹਾਂ ਮੁਕਾਬਲਿਆਂ ‘ਚ ਕੁੱਲ 14000 ਦੇ ਕਰੀਬ ਕਬੂਤਰ ਹਿੱਸਾ ਲੈਂਦੇ ਹਨ ਜਿਨ੍ਹਾਂ ਵਿੱਚੋਂ ਬਹੁਤੇ ਯੂਰੋਪੀਅਨ ਨਸਲ ਦੇ ਹੁੰਦੇ ਹਨ। ਦੱਸ ਦਈਏ ਕਿ ਇਨ੍ਹਾਂ ਮੁਕਾਬਲਿਆਂ ‘ਚ ਹਿੱਸਾ ਲੈਣ ਵਾਲੇ ਕਬੂਤਰਾਂ ਦੀ ਉਡਣ ਵਾਲੀ ਰਫਤਾਰ 90 ਮੀਲ ਪ੍ਰਤੀ ਘੰਟਾ ਤੱਕ ਵੀ ਹੁੰਦੀ ਹੈ। ਜੋ ਕਿ ਮੁਕਾਬਲ ਦੌਰਾਨ ਕੁੱਲ 600 ਮੀਲ ਦਾ ਸਫ਼ਰ ਤਹਿ ਕਰਦੇ ਹਨ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਕਬੂਤਰਾਂ ਨੂੰ ਪਹਿਲਾਂ 6-6 ਮਹੀਨੇ ਤੱਕ ਟ੍ਰੇਨਿੰਗ ‘ਤੇ ਰੱਖਿਆ ਜਾਂਦਾ ਹੈ ਅਤੇ ਇਨ੍ਹਾਂ ਨੂੰ ਮਹਿੰਗੇ ਤੋਂ ਮਹਿੰਗਾ ਪੋਸ਼ਟਿਕ ਚੋਗਾ ਵੀ ਚੁਗਾਇਆ ਜਾਂਦਾ ਹੈ।

 

Share this Article
Leave a comment