ਉਮੀਦਵਾਰ ਵਾਪਸ ਨਹੀਂ ਲਵਾਂਗੇ , ਬੀਬੀ ਖਾਲੜਾ ਕੋਲ ਇੱਕੋ ਹੱਲ, ‘ਆਪ’ ‘ਚ ਸ਼ਾਮਲ ਹੋ ਜਾਣ : ਅਮਨ ਅਰੋੜਾ

TeamGlobalPunjab
2 Min Read

ਖਡੂਰ ਸਾਹਿਬ : ਆਮ ਆਦਮੀ ਪਾਰਟੀ ਦੇ ਪੰਜਾਬ ਸਹਿ ਪ੍ਰਧਾਨ ਤੇ ਆਪ‘ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਨੇ ਕਿਹਾ ਹੈ ਕਿ ਪਾਰਟੀ ਹਲਕਾ ਖਡੂਰ ਸਾਹਿਬ ਤੋਂ  ਆਪਣਾ ਉਮੀਦਵਾਰ ਵਾਪਸ ਨਹੀਂ ਲਵੇਗੀ ਤੇ ਜਿਹੜੇ ਵਿਰੋਧੀ ਸਾਡਾ ਉਮੀਦਵਾਰ ਵਾਪਸ ਲੈਣ ਦੀਆਂ ਗੱਲਾਂ ਕਰ ਰਹੇ ਨੇ ਉਹ ਆਪ ਦੇ ਉਮੀਦਵਾਰ ਨੂੰ ਸਿਆਸੀ ਨੁਕਸਾਨ ਪਹੁੰਚਾਉਣ ਲਈ ਅਜਿਹੀਆਂ ਅਫਵਾਹਾਂ ਨੂੰ ਹਵਾ ਦੇ ਰਹੇ ਨੇ। ਉਨ੍ਹਾਂ ਕਿਹਾ ਕਿ ਬੀਬੀ ਖਾਲੜਾ ਜੇਕਰ ਲੋਕਾਂ ਨੂੰ ਇਨਸਾਫ ਦੁਆਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਕੋਲ ਇੱਕੋ ਇੱਕ ਹੱਲ ਹੈ, ਕਿ ਉਹ ਪੰਜਾਬ ਏਕਤਾ ਪਾਰਟੀ ਦੀ ਟਿਕਟ ਵਾਪਸ ਕਰਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਜਾਣ। 

ਅਮਨ ਅਰੋੜਾ ਨੇ ਪੰਜਾਬ ਏਕਤਾ ਪਾਰਟੀ ਦੇ ਆਡਹੌਕ ਪ੍ਰਧਾਨ ਸੁਖਪਾਲ ਸਿੰਘ ਖਹਿਰਾ ‘ਤੇ ਦੋਸ਼ ਲਾਉਦਿਆਂ ਕਿਹਾ ਕਿ ਖਹਿਰਾ ਆਪਣਾ ਸਿਆਸੀ ਲਾਹਾ ਲੈਣ ਲਈ ਜਸਵੰਤ ਸਿੰਘ ਖਾਲੜਾ ਵਰਗੇ ਸ਼ਹੀਦ ਦੀ ਸ਼ਹਾਦਤ ਨਾਲ ਮਜ਼ਾਕ ਕਰ ਰਹੇ ਹਨ, ਤਾਂ ਕਿ ਉਹ ਖਾਲੜਾ ਦੀ ਸ਼ਹਾਦਤ ਦਾ ਸਿਆਸੀ ਮੁੱਲ ਵੱਟ ਸਕਣ। ਜਿਸ ਗੱਲ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਬੀਬੀ ਖਾਲੜਾ ਖਹਿਰਾ ਦੀ ਪਾਰਟੀ ਦੀ ਟਿਕਟ ਵਾਪਸ ਕਰ ਦਿੰਦੀ ਹੈ ਤਾਂ ਇਹ ਉਨ੍ਹਾਂ ਦੇ ਪਤੀ ਜਸਵੰਤ ਸਿੰਘ ਖਾਲੜਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਬੀਬੀ ਖਾਲੜਾ ਦਾ ਆਮ ਆਦਮੀ ਪਾਰਟੀ ਵਿੱਚ ਸਵਾਗਤ ਹੈ। 

ਉਨ੍ਹਾਂ ਤਰਕ ਦਿੰਦਿਆਂ ਕਿਹਾ, ਕਿ ਪੰਜਾਬੀਆਂ ਨੂੰ ਇਨਸਾਫ ਦਵਾਉਣ ਦੀ ਜਿਹੜੀ ਲੜਾਈ ਲੜਦਿਆਂ ਬੀਬੀ ਖਾਲੜਾ ਦੇ ਪਤੀ ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੀ ਸ਼ਹਾਦਤ ਦਿੱਤੀ, ਆਮ ਆਦਮੀ ਪਾਰਟੀ ਵੀ ਠੀਕ ਉਹੋ ਜਿਹੀ ਹੀ ਲੜਾਈ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਵੀ ਪੰਜਾਬੀਆਂ ਨੂੰ ਇਨਸਾਫ ਦਵਾਉਣ, ਭ੍ਰਿਸ਼ਟਾਚਾਰ ਤੇ ਮਾਫੀਆ ਮੁਕਤ ਰਾਜ ਦੀ ਸਥਾਪਨਾਂ ਕਰਨ ਦਾ ਟੀਚਾ ਲੈ ਕੇ ਅੱਗੇ ਵਧ ਰਹੀ ਹੈ, ਤੇ ਇਨਸਾਫ ਦੀ ਠੀਕ ਇਹੋ ਲੜਾਈ ਲੜਦਿਆਂ ਹੀ ਭਾਈ ਜਸਵੰਤ ਸਿੰਘ ਖਾਲੜਾ ਨੇ ਵੀ ਆਪਣਾ ਬਲਿਦਾਨ ਦਿੱਤਾ ਸੀ। ਲਿਹਾਜਾ ਬੀਬੀ ਖਾਲੜਾ ‘ਆਪ’ ਵਿੱਚ ਸ਼ਾਮਲ ਹੋ ਕੇ ਇਸ ਲੜਾਈ ਨੂੰ ਅੱਗੇ ਵਧਾਉਣ।

Share this Article
Leave a comment