ਇਹ ਪੱਕਾ ਨਹੀਂ ਕਿ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਜਾਵੇਗਾ : ਕੈਪਟਨ ਅਮਰਿੰਦਰ ਸਿੰਘ

Prabhjot Kaur
6 Min Read

ਕਿਹਾ ਸਿੱਧੂ ਭੋਲਾ ਹੈ ਜਿਹੜਾ ਪਾਕਿਸਤਾਨ ਦੀ ਭਾਸ਼ਾ ਬੋਲ ਰਿਹੈ, ਪਰ ਉਹ ਰਾਸ਼ਟਰ ਵਿਰੋਧੀ ਨਹੀਂ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਯਾਦ ਨਹੀਂ ਕਿ ਲੰਘੇ ਸਮੇਂ ਦੌਰਾਨ ਉਨ੍ਹਾਂ ਨੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਕਦੇ ਬਿਕਰਮ ਮਜੀਠੀਆ ਦਾ ਨਾਮ ਲਿਆ ਹੋਵੇ। ਹਾਂ ! ਇੰਨਾਂ ਜਰੂਰ ਹੈ ਕਿ ਜਦੋਂ ਲੋਕਾਂ ਨੇ ਉਨ੍ਹਾਂ (ਕੈਪਟਨ) ਅੱਗੇ ਮਜੀਠੀਆ ਦਾ ਨਾਮ ਲਿਆ ਸੀ ਤਾਂ ਉਨ੍ਹਾਂ (ਕੈਪਟਨ) ਨੇ ਇੰਨਾਂ ਜਰੂਰ ਕਿਹਾ ਸੀ ਕਿ ਜੇਕਰ ਮਜੀਠੀਆ ਇਸ ਘਨੌਣੇ ਅਪਰਾਧ ਵਿੱਚ ਸ਼ਾਮਲ ਹੈ ਤਾਂ ਉਸ ਨੂੰ ਇਸ ਦੇ ਨਤੀਜੇ ਭੁਗਤਣੇ ਹੋਣਗੇ। ਨਵਜੋਤ ਸਿੰਘ ਸਿੱਧੂ ਦੇ ਮੁੱਦੇ ‘ਤੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਭੋਲਾ ਆਦਮੀ ਹੈ ਜਿਹੜਾ ਪਾਕਿਸਤਾਨ ਦੀ ਭਾਸ਼ਾ ਬੋਲ ਰਿਹਾ ਹੈ, ਪਰ ਇਸ ਦੇ ਬਾਵਜੂਦ ਉਸ ‘ਤੇ ਰਾਸ਼ਟਰ ਵਿਰੋਧੀ ਹੋਣ ਦਾ ਦੋਸ਼ ਨਹੀਂ ਲਾਇਆ ਜਾ ਸਕਦਾ। ਕੈਪਟਨ ਅਮਰਿੰਦਰ ਸਿੰਘ ਇੱਥੇ ਮੀਡੀਆ ਦੇ ਇੱਕ ਖ਼ਾਸ ਫਿਰਕੇ ਨਾਲ ਗੱਲਬਾਤ ਕਰ ਰਹੇ ਸਨ।

ਇਸ ਮੌਕੇ ਜਦੋਂ ਮੁੱਖ ਮੰਤਰੀ ਨੂੰ ਇਹ ਸਵਾਲ ਕੀਤਾ ਗਿਆ ਕਿ ਸੱਤਾ ‘ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਇਹ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਅਕਾਲੀ ਆਗੂਆਂ ਖ਼ਿਲਾਫ ਕਾਰਵਾਈ ਕਰਨਗੇ ਜਿਹੜੇ ਨਸ਼ੇ ਦੇ ਕਾਰੋਬਾਰ ‘ਚ ਸ਼ਾਮਲ ਹਨ ਤੇ ਇਸ ਦੌਰਾਨ ਉਹ ਅਕਸਰ ਬਿਕਰਮ ਸਿੰਘ ਮਜੀਠੀਆ ਦਾ ਨਾਮ ਲੈਂਦੇ ਸਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਕਿਸੇ ਵੀ ਵੱਡੇ ਅਕਾਲੀ ਆਗੂ ‘ਤੇ ਕਾਰਵਾਈ ਕਿਉਂ ਨਹੀਂ ਕੀਤੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਤੁਰੰਤ ਜਵਾਬ ਦਿੱਤਾ ਕਿ, ‘ ਮੈਂ ਕੋਈ ਨਾਮ ਲਿਆ ਹੈ ਇਹ ਮੈਨੂੰ ਯਾਦ ਨਹੀਂ, ਹਾਂ ! ਇੰਨਾ ਜਰੂਰ ਹੈ ਕਿ ਜਦੋਂ ਕਦੀ ਲੋਕਾਂ ਨੇ ਅਜਿਹੇ ਮਾਮਲੇ ਵਿੱਚ ਮਜੀਠੀਏ ਦਾ ਨਾਮ ਲਿਆ ਤਾਂ ਮੈਂ ਇਹ ਕਿਹਾ ਸੀ ਕਿ ਜੇਕਰ ਅਜਿਹੇ ਘਨੌਣੇ ਅਪਰਾਧ ਪਿੱਛੇ ਮਜੀਠੀਆ ਹੈ ਤਾਂ ਉਸ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ’। ਕੈਪਟਨ ਅਨੁਸਾਰ ਉਨ੍ਹਾਂ ਦੀ ਸਰਕਾਰ ਨੇ ਵੱਡੀ ਤਦਾਦ ਵਿੱਚ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਪਰ ਇਸ ਦੇ ਬਾਵਜੂਦ ਵੱਡੀਆਂ ਮੱਛੀਆਂ ਅਜੇ ਵੀ ਫਰਾਰ ਹਨ ਜਿਨ੍ਹਾਂ ਵਿੱਚੋਂ ਜਿਆਦਾਤਰ ਪੰਜਾਬ ਵਿੱਚ ਬਾਹਰ ਭੱਜ ਗਈਆਂ ਹਨ ਤੇ ਕੁਝ ਵਿਦੇਸ਼ਾਂ ਵਿੱਚ ਜਾ ਲੁਕੀਆਂ ਹਨ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਤੇ ਉਹ ਵੀ ਅਪੀਲ ਕਰਦੇ ਹਨ ਕਿ ਉਹ ਇੰਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਹੁਕਮ ਦੇਵੇ ਕਿ ਅਜਿਹੇ ਮੁਜ਼ਰਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ।

ਨਵਜੋਤ ਸਿੱਧੂ ਵੱਲੋਂ ਪਾਕਿਸਤਾਨ ਦੇ ਵਿਦੇਸ਼ ਮੰਤਰਾਲਿਆ ਵਾਲੀ ਭਾਸ਼ਾ ਬੋਲਣ ਦੇ ਲੱਗ ਰਹੇ ਦੋਸ਼ਾਂ ਬਾਰੇ ਕੈਪਟਨ ਨੇ ਖੁਲਾਸਾ ਕੀਤਾ ਕਿ ਸਿੱਧੂ ਹਲਾਤ ਨੂੰ ਸੰਭਾਲਣ ਅਤੇ ਬਿਆਨ ਦੇਣ ਦੇ ਮਾਮਲੇ ਵਿੱਚ ਭੋਲੇ ਹਨ ਪਰ ਉਨ੍ਹਾਂ ਨੂੰ ਰਾਸ਼ਟਰ ਵਿਰੋਧੀ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਪਾਕਿਸਤਾਨ ਦੀ ਭਾਸ਼ਾ ਬੋਲ ਰਿਹੇ ਹਨ ਪਰ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਉਹ ਇਨ੍ਹਾਂ ਹਲਾਤਾਂ ਨੂੰ ਇੱਕ ਸਿਆਸਤਦਾਨ ਜਾਂ ਫੌਜੀ ਦੇ ਨਜ਼ਰੀਏ ਨਾਲ ਦੇਖਣ ਦੀ ਬਜਾਏ ਇੱਕ ਖਿਡਾਰੀ ਦੇ ਨਜ਼ਰੀਏ ਨਾਲ ਦੇਖਣ ਦੀ ਗਲਤੀ ਕਰ ਰਹੇ ਹਨ, ਜੋ ਕਿ ਸਮਝ ਦੀ ਕਮੀ ਤਾਂ ਦਿਖਾ ਸਕਦਾ ਹੈ ਪਰ ਇਸ ਨੂੰ ਰਾਸ਼ਟਰ ਵਿਰੋਧੀ ਨਹੀਂ ਕਿਹਾ ਜਾ ਸਕਦਾ।

- Advertisement -

ਹੱਥ ਵਿੱਚ ਗੁਟਕਾ ਸਾਹਿਬ ਚੁੱਕ ਕੇ  4 ਹਫਤਿਆਂ ‘ਚ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਵਾਅਦਾ ਕਰਨ ਦੇ ਮਾਮਲੇ ‘ਤੇ ਕੈਪਟਨ ਨੇ ਕਿਹਾ ਕਿ, ‘ ਮੈਂ ਨਸ਼ਾਂ ਤਸਕਰਾਂ ਦਾ ਲੱਕ ਤੋੜਨ ਦਾ ਵਾਅਦਾ ਕੀਤਾ ਸੀ ਤੇ ਉਸ ਵਿੱਚ ਅਸੀਂ ਕਾਫੀ ਹੱਦ ਤੱਕ ਕਾਮਯਾਬ ਵੀ ਰਹੇ ਹਾਂ। ਸਾਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਅਸੀਂ ਅਜਿਹਾ ਨਹੀਂ ਕੀਤਾ। ਜਿਹੜੇ ਨੌਜਵਾਨ ਮਰ ਰਹੇ ਹਨ ਉਹ ਨਸ਼ਿਆਂ ਕਾਰਨ ਨਹੀਂ ਉਨ੍ਹਾਂ ਦਵਾਈਆਂ ਕਾਰਨ ਮਰ ਰਹੇ ਹਨ ਜਿਹੜੀਆਂ ਉਨ੍ਹਾਂ ਦੇ ਇਲਾਜ਼ ਲਈ ਵਰਤੀਆਂ ਜਾ ਰਹੀਆਂ ਹਨ ਜਿਹੜਾ ਕਿ ਪੀੜਤਾਂ ਦੇ ਪਰਿਵਾਰਾਂ ਅੰਦਰ ਜਾਗਰੁਕਤਾ ਦੀ ਕਮੀ ਦਰਸ਼ਾਉਂਦਾ ਹੈ। ਇਸ ਕਮੀ ਨੂੰ ਦੂਰ ਕਰਨ ਲਈ ਲੋਕਾਂ ਅਤੇ ਸਰਕਾਰ ਵਿਚਕਾਰ ਸਾਂਝ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।“ ਕੈਪਟਨ ਨੇ ਕਿਹਾ ਕਿ ਇਹ ਸਮੱਸਿਆ ਬੜੀ ਗੰਭੀਰ ਹੈ ਇਸ ਨੂੰ ਹੱਲ ਕਰਨ ਲਈ ਸਮਾਂ ਲੱਗੇਗਾ ਪਰ ਇਹ ਜਰੂਰ ਖਤਮ ਹੋਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਨਸ਼ਿਆਂ ਦੇ ਕਾਰੋਬਾਰ ਦਾ ਲੱਕ ਤੋੜਨ ਦਾ ਆਪਣਾ ਵਾਅਦਾ ਪੂਰਾ ਕੀਤਾ ਹੈ, ਤੇ ਹੁਣ ਉਹ ਵਾਅਦਾ ਕਰਦੇ ਹਨ ਕਿ ਹੁਣ ਸਾਡੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਉਹ ਨਸ਼ਿਆਂ ਤੋਂ ਛੁਟਕਾਰਾ ਦਵਾਉਣ ਲਈ ਜੋ ਕੀਤਾ ਜਾ ਸਕੇਗਾ ਉਹ ਕਰਨਗੇ।

ਕਿਸਾਨਾਂ ਦੀ ਵਧ ਰਹੀਆਂ ਆਤਮ ਹੱਤਿਆਵਾਂ ਦੇ ਸਵਾਲ ‘ਤੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਸੱਤਾ ਵਿੱਚ ਆਉਂਦਿਆਂ ਹੀ ਕਿਸਾਨ ਆਤਮ ਹੱਤਿਆਵਾਂ ਵਿੱਚ ਭਾਰੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਇੱਕ ਖੋਝ ਅਨੁਸਾਰ ਸਾਲ 2007 ਤੋਂ 2017 ਦੌਰਾਨ ਅਜਿਹੀਆਂ ਆਤਮ ਹੱਤਿਆਵਾਂ ਦੀ ਗਿਣਤੀ 9155 ਸੀ ਜੋ ਕਿ 915 ਆਤਮ ਹੱਤਿਆਵਾਂ ਪ੍ਰਤੀ ਸਾਲ ਦਾ ਹੈਰਾਨੀ ਜਨਕ ਅੰਕੜਾ ਬਣਦਾ ਹੈ ਜਦਕਿ 2017 ਤੋਂ ਹੁਣ ਤੱਕ ਕਿਸਾਨ ਆਤਮ ਹੱਤਿਆਵਾਂ ਦੇ ਅੰਕੜੇ 2 ਸਾਲਾਂ ‘ਚ 140 ਰਹਿ ਗਏ ਹਨ ਤੇ ਇਹ 70 ਮਾਮਲੇ ਪ੍ਰਤੀ ਸਾਲ ਬਣਦਾ ਹੈ ਜੋ ਕਿ 84 ਪ੍ਰਤੀਸ਼ਤ ਕਮੀ ਦਰਸ਼ਾਉਂਦਾ ਹੈ। ਪਰ ਉਹ ਅਜੇ ਵੀ ਇਨ੍ਹਾਂ ਅੰਕੜਿਆਂ ਤੋਂ ਸੰਤੁਸ਼ਟ ਨਹੀਂ ਹਨ ਕਿਉਂਕਿ ਜਦੋਂ ਤੱਕ ਸੂਬੇ ਦਾ ਇੱਕ ਕਿਸਾਨ ਵੀ ਆਰਥਿਕ ਮੰਦਹਾਲੀ ਕਾਰਨ ਆਪਣੀ ਜਾਨ ਗਵਾਉਂਦਾ ਹੈ ਉਦੋਂ ਤੱਕ ਉਹ ਸੰਤੁਸ਼ਟ ਨਹੀਂ ਹੋ ਸਕਦੇ।

 

 

Share this Article
Leave a comment