ਆ ਗਿਆ ਬਿਨਾਂ ਪੈਟਰੋਲ ਤੋਂ ਚੱਲਣ ਵਾਲਾ ਸਕੂਟਰ, ਬੈਕ ਗੇਅਰ, 7 ਇੰਚ ਦੀ ਟੱਚ ਸਕਰੀਨ ਵਾਲਾ ਮੀਟਰ ਤੇ 75 ਦੀ ਐਵਰੇਜ, 80 ਦੀ ਸਪੀਡ

Prabhjot Kaur
3 Min Read

ਚੰਡੀਗੜ੍ਹ : ਦੁਨੀਆਂ ਭਰ ਵਿੱਚ ਜਿਉਂ ਜਿਉਂ ਧਰਤੀ ਹੇਠਲੇ ਪੈਟਰੋਲੀਅਮ ਪਦਾਰਥਾਂ ਦੇ ਕੁਦਰਤੀ ਸੋਮਿਆਂ ਦਾ ਭੰਡਾਰ ਮੁਕਦਾ ਜਾ ਰਿਹਾ ਹੈ ਤਿਉਂ ਤਿਉਂ ਨਾ ਸਿਰਫ ਪੈਟਰੋਲ ਤੇ ਡੀਜ਼ਲ ਵਰਗੇ ਇਨ੍ਹਾਂ ਕੁਦਰਤੀ ਸੋਮਿਆਂ ਦੀਆਂ ਕੀਮਤਾਂ ਅਸਮਾਨ ਛੂਹਨ ਲੱਗ ਪਈਆਂ ਹਨ, ਬਲਕਿ ਗਰੀਬ ਜਨਤਾ ਲਈ ਵਾਹਨ ਦੀ ਸਵਾਰੀ ਕਰਨਾ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ। ਅਜਿਹੇ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਪਹਿਲ ਹੋਈ ਸੀ ਇਲੈਕਟ੍ਰੋਨਿਕ ਵਾਹਨਾਂ ਦੀ, ਜਿਨ੍ਹਾਂ ਨੂੰ ਸ਼ਾਇਦ ਲੋਕ ਅਜੇ ਪੂਰੀ ਤਰ੍ਹਾਂ ਅਪਣਾਉਣ ਤੋਂ ਝਿਜਕ ਰਹੇ ਹਨ, ਪਰ ਹੁਣ ਭਾਰਤ ਵਿੱਚ ਬੈਂਗਲੌਰ ਦੀ ਆਟੋਮੋਬਾਇਲ ਸਟਾਰਟਅੱਪ ਕੰਪਨੀ ਅਥਰ ਐਨਰਜ਼ੀ ਆਪਣਾ ਪਹਿਲਾ ਈਸਕੂਟਰ ਅਥਰ ਐਸ 340 ਬਜ਼ਾਰ ਵਿੱਚ ਉਤਾਰਨ ਜਾ ਰਹੀ ਹੈ। ਜਿਹੜਾ ਕਿ ਜਦੋਂ ਸੜਕ ‘ਤੇ ਆਵੇਗਾ ਤਾਂ ਇਸ ਦੀ ਕੀਮਤ 1 ਲੱਖ 10 ਹਜ਼ਾਰ ਰੁਪਏ ਦੇ ਕਰੀਬ ਹੋਵੇਗੀ। ਜਿਸ ਵਿੱਚ ਵਾਹਨ ਦਾ ਬੀਮਾਂ, ਰਜ਼ਿਸ਼ਟ੍ਰੇਸ਼ਨ ਫੀਸ ਤੇ ਸਮਾਰਟ ਕਾਰਡ ਬਣਾਉਣ ਦੇ ਖਰਚੇ ਵੀ ਸ਼ਾਮਲ ਹੋਣਗੇ। ਇਸ ਈ ਸਕੂਟਰ ਦੀ ਖਾਸੀਅਤ ਇਹ ਹੋਵੇਗੀ ਕਿ ਇਸ ਅੰਦਰ ਸਮਾਰਟ ਫੋਨ ਵਾਂਗ ਅੰਡ੍ਰਾਇਡ ਆਪਰੇਟਿੰਗ ਸਿਸਟਮ ਸਪੋਟ ਕਰਨ ਵਾਲਾ ਟੱਚ ਸਕਰੀਨ ਇਨਫੋਟੇਨਮੈਂਟ ਸਿਸਟਮ ਵੀ ਦਿੱਤਾ ਗਿਆ ਹੈ।

ਜੇਕਰ ਇਸ ਨਵੇਂ ਜਮਾਨੇਂ ਦੇ ਸਕੂਟਰ ਅੰਦਰ ਦਿੱਤੀਆਂ ਗਈਆਂ ਸਹੂਲਤਾਂ ‘ਤੇ ਨਿਗ੍ਹਾ ਮਾਰੀਏ ਤਾਂ ਕੰਪਨੀ ਨੇ ਇਸ ਨੂੰ ਪੂਰੀ ਤਰ੍ਹਾਂ ਪਾਣੀ ਅਤੇ ਧੂੜ ਤੋਂ ਬਚਾਉਣ ਵਾਲੇ ਸਿਸਟਮ (ਵਾਟਰਪਰੂਫ ਅਤੇ ਡਸਟਪਰੂਫ) ਨਾਲ ਬਜ਼ਾਰ ਵਿੱਚ ਉਤਾਰਿਆ ਹੈ। ਇਸ ਤੋਂ ਇਲਾਵਾ ਇਸ ਅੰਦਰ ਅਜਿਹਾ ਸਿਸਟਮ ਲੱਗਾ ਹੈ ਜਿਸ ਨੂੰ ਇੱਕ ਵਾਰ ਸੈੱਟ ਕਰਨ ‘ਤੇ ਉਹ ਸਿਸਟਮ ਤੁਹਾਨੂੰ ਆਪਣੇ ਆਪ ਮੁਕਾਮ ‘ਤੇ ਪਹੁੰਚਣ ਦਾ ਰਸਤਾ ਦੱਸੇਗਾ। ਇਸ ਦੇ ਅੰਦਰਲਾ ਸਿਸਟਮ ਸਕੂਟਰ ਨੂੰ ਸਹੀ ਜਗ੍ਹਾ ‘ਤੇ ਪਾਰਕ ਕਰਵਾਵੇਗਾ। ਇਸ ਅੰਦਰ ਲੱਗਿਆ ਚਾਰਜ਼ਰ ਪੂਰੀ ਤਰ੍ਹਾਂ ਵਾਟਰਪਰੂਫ ਹੋਵੇਗਾ, ਤੇ ਇਸ ਅੰਦਰ ਲੱਗੇ ਕੰਪਿਊਟਰਆਈਜ਼ ਸਿਸਟਮ ਵਿੱਚ ਤੁਸੀਂ ਆਪਣਾ ਡ੍ਰਾਇਵਿੰਗ ਲਾਇਸਿੰਸ, ਆਰਸੀ ( ਰਜ਼ਿਸ਼ਟ੍ਰੇਸ਼ਨ ਸਰਟੀਫਿਕੇਟ) ਤੇ ਸਕੂਟਰ ਨਾਲ ਸਬੰਧਤ ਹੋਰ ਕਾਗਜ਼ ਪੱਤਰ ਤੁਸੀਂ ਕੰਪਿਊਟਰ ਵਾਂਗ ਸੁਰੱਖਿਅਤ (ਸੇਵ ਕਰਕੇ) ਰੱਖ ਸਕਦੇ ਹੋਂ। ਕੰਪਨੀ ਦਾ ਦਾਅਵਾ ਹੈ ਇਸ ਅੰਦਰ ਐਸ 340 ਲੀਥੀਅਮ ਆਯਨ ਬੈਟਰੀ ਹੋਵੇਗੀ ਜਿਸ ਨੂੰ ਪੂਰੀ ਚਾਰਜ਼ ਕਰਕੇ 75 ਕਿੱਲੋਮੀਟਰ ਤੱਕ ਦਾ ਸਫਰ ਤਹਿ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਇਸ ਬੈਟਰੀ ਨੂੰ 50 ਮਿੰਟਾਂ ਅੰਦਰ ਹੀ ਮੁੜ 80 ਪ੍ਰਤੀਸ਼ਤ ਚਾਰਜ਼ ਕੀਤਾ ਜਾ ਸਕੇਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਕੂਟਰ ਚਾਲਕ ਇਸ ਨੂੰ 80 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ‘ਤੇ ਭਜਾ ਸਕਦਾ ਹੈ ਤੇ ਕੰਪਨੀ ਦਾ ਦਾਅਵਾ ਹੈ ਕਿ ਸਕੂਟਰ ਸਟਾਰਟ ਕਰਕੇ 3.9 ਸਕਿੰਟ ਵਿੱਚ ਹੀ ਇਸ ਨੂੰ 40 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ‘ਤੇ ਭਜਾਇਆ ਜਾ ਸਕੇਗਾ। ਇਸ ਸਕੂਟਰ ਨੂੰ ਬੜੀ ਅਸਾਨੀ ਨਾਲ ਬੈਕ ਕੀਤਾ ਜਾ ਸਕਦਾ ਹੈ ਕਿਉਂਕਿ ਇਸ ਅੰਦਰ ਬੈਕ ਗੇਅਰ ਦੀ ਸਹੂਲਤ ਵੀ ਹੈ। ਖਾਸ ਗੱਲ ਇਹ ਹੈ ਕਿ ਸਕੂਟਰ ਦੇ ਅਗਲੇ ਅਤੇ ਪਿਛਲੇ ਦੋਵੇਂ ਟਾਇਰਾਂ ਅੰਦਰ ਰੇਅਰ ਡਿਸਕ ਬ੍ਰੇਕਾਂ ਦਿੱਤੀਆਂ ਗਈਆਂ ਹਨ, ਜਿਸ ਰਾਹੀਂ ਇਸ ਨੂੰ ਬੜੀ ਅਸਾਨੀ ਨਾਲ ਰੋਕਿਆ ਜਾ ਸਕੇਗਾ।

 

- Advertisement -

Share this Article
Leave a comment