ਆਹ ਦੇਖੋ ਸਿੱਖਾਂ ਨੇ ਕਿਉਂ ਦਿੱਤਾ ਕਸ਼ਮੀਰੀਆਂ ਦਾ ਸਾਥ ?

Prabhjot Kaur
5 Min Read

ਜਗਤਾਰ ਸਿੰਘ ਸਿੱਧੂ ਐਡੀਟਰ

ਕਸ਼ਮੀਰ ਅੰਦਰ ਪੁਲਵਾਮਾ ‘ਚ ਸੀਆਰਪੀ ਦੇ ਕਾਫਲੇ ‘ਤੇ ਹਮਲਾ ਕਰਕੇ ਪਾਕਿਸਤਾਨ ਵਿਚਲੀ ਦਹਿਸ਼ਤ ਗਰਦ ਜਥੇਬੰਦੀ ਜੈਸ਼-ਏ-ਮੁਹੰਮਦ ਨੇ ਸਾਡੀ ਫੌਜ ਦੇ ਜਵਾਨਾਂ ਨੂੰ ਲਹੂ ਲੁਹਾਣ ਕਰਨ ਦੇ ਗੈਰ ਮਨੁੱਖੀ ਕਾਰੇ ਨੂੰ ਲੈ ਕੇ ਸਮੁੱਚੇ ਦੇਸ਼ ਵਿੱਚ ਗੁੱਸੇ ਅਤੇ ਰੋਸ ਦੀ ਲਹਿਰ ਹੈ। ਪਰੰਤੂ ਕੁਝ ਫਿਰਕੂ ਅਤੇ ਸੌੜੀ ਸੋਚ ਰੱਖਣ ਵਾਲੇ ਗਰੁੱਪਾਂ ਵੱਲੋਂ ਕਸ਼ਮੀਰੀ ਵਿਦਿਆਰਥੀਆਂ ‘ਤੇ ਕੁਝ ਥਾਂਈ ਹੋਏ ਹਮਲਿਆਂ ਕਾਰਨ ਜਿਹੜਾ ਨਫ਼ਰਤ ਦਾ ਵਾਤਾਵਰਨ ਬਣਿਆ ਹੈ ਉਸ ਨੂੰ ਕਿਸੇ ਤਰ੍ਹਾਂ ਵੀ ਵਾਜਿਬ ਨਹੀਂ ਠਹਿਰਾਇਆ ਜਾ ਸਕਦਾ। ਸਮੁੱਚੇ ਪੰਜਾਬੀ ਭਾਈਚਾਰੇ ਨੇ ਕਸ਼ਮੀਰੀ ਵਿਦਿਆਰਥੀਆਂ ਨੂੰ ਜਿਸ ਤਰ੍ਹਾਂ ਆਪਣੀ ਬੁੱਕਲ ਵਿੱਚ ਬਠਾ ਕੇ ਆਪਣੇ ਪਣ ਦਾ ਅਹਿਸਾਸ ਕਰਵਾਇਆ ਹੈ ਉਹ ਨਿਸ਼ਚਿਤ ਰੂਪ ਵਿੱਚ ਹੀ ਮਾਨਵਤਾ ਦਾ ਸੁਨੇਹਾ ਹੈ। ਗੁਰੂ ਨਾਨਕ ਦੇਵ ਨੇ ਸਦੀਆਂ ਪਹਿਲਾਂ ਮਾਨਵਤਾ ਦਾ ਸੁਨੇਹਾ ਦਿੱਤਾ ਸੀ ਅਤੇ ਉਹ ਸੁਨੇਹੇ ਦੀ ਪੰਜਾਬੀਆਂ ‘ਤੇ ਅੱਜ ਵੀ ਬਖਸ਼ਿਸ਼ ਹੈ। ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਗੁਰਦੁਵਾਰਾ ਸਹਿਬਾਂਨ ਵਿੱਚ ਵੱਖ ਵੱਖ ਰਾਜਾਂ ਤੋਂ ਆਸੁਰੱਖਿਆ ਦੀ ਭਾਵਨਾ ਕਾਰਨ ਆਏ ਕਸ਼ਮੀਰੀ ਵਿਦਿਆਰਥੀਆਂ ਨੂੰ ਰੱਖਿਆ ਗਿਆ ਅਤੇ ਉਨ੍ਹਾਂ ਦੀ ਸੁਰੱਖਿਆ ਦਾ ਵੀ ਪ੍ਰਬੰਧ ਕੀਤਾ ਗਿਆ।

ਇਸ ਕੰਮ ਵਿੱਚ ਕਈ ਹੋਰ ਸਿੱਖ ਸੰਸਥਾਵਾਂ ਅਤੇ ਸਮਾਜਿਕ ਜਥੇਬੰਦੀਆਂ ਦੀ ਭੂਮੀਕਾ ਵੀ ਸ਼ਲਾਘਾਯੋਗ ਹੈ। ਇਸ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਸ਼ਮੀਰੀ ਵਿਦਿਆਰਥੀਆਂ ਨੂੰ ਸੁਰੱਖਿਆ ਦੇਣ ਦੇ ਭਰੋਸੇ ਨਾਲ ਵੀ ਚੰਗੇ ਰੁਝਾਨ ਨੂੰ ਹੁਲਾਰਾ ਮਿਲਿਆ ਹੈ। ਅਸਲ ਵਿੱਚ ਜੇਕਰ ਦੇਖਿਆ ਜਾਵੇ ਤਾਂ ਅੱਤਵਾਦ ਵਿਰੁੱਧ ਕਸ਼ਮੀਰ ਵਿੱਚ ਸੁਨੇਹਾ ਦੇਣ ਲਈ ਕਸ਼ਮੀਰੀ ਵਿਦਿਆਰਥੀਆਂ ਦਾ ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਕਾਲਜ਼ਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਨਾਂ ਬਹੁਤ ਉਸਾਰੂ ਰੁਝਾਨ ਹੈ। ਇੱਕ ਪਾਸੇ ਤਾਂ ਅਸੀਂ ਇਹ ਆਖ ਰਹੇ ਹਾਂ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ ਪਰ ਦੂਜੇ ਪਾਸੇ ਕਸ਼ਮੀਰੀ ਵਿਦਿਆਰਥੀਆਂ ‘ਤੇ ਹਮਲੇ ਕਰਕੇ ਜਾਂ ਇਲਜ਼ਾਮ ਲਾ ਕੇ ਉਨ੍ਹਾਂ ਨੂੰ ਕਾਲਜ਼ਾਂ ਅਤੇ ਯੂਨੀਵਰਸਿਟੀਆਂ ਵਿੱਚ ਕੱਢਣਾ ਕਿਸੇ ਤਰ੍ਰਾਂ ਵੀ ਉਚਿਤ ਨਹੀਂ ਹੈ।

ਦੇਸ਼ ਦੇ ਕਈ ਭਾਗਾਂ ਵਿੱਚ ਇਸ ਤਰ੍ਹਾਂ ਦੇ ਨਫ਼ਰਤ ਵਾਲੇ ਰੁਝਾਨ ਨੇ ਦੇਸ਼ ਦੇ ਨਾਗਰਿਕਾਂ ਦੇ ਸੰਵਿਧਾਨਿਕ ਹੱਕਾਂ ਉੱਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਇਸ ਤੋਂ ਮੰਦ ਭਾਗਾ ਕੀ ਹੋ ਸਕਦਾ ਹੈ ਕਿ ਮੈਘਾਲਿਆ ਦੇ ਰਾਜਪਾਲ ਨੇ ਕਸ਼ਮੀਰੀ ਵਸਤਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਇਹ ਸੋਚਣ ਦੀ ਲੋੜ ਹੈ ਕਿ ਅਜਿਹੇ ਸੱਦੇ ਦੇਸ਼ ਨੂੰ ਕਿਸ ਪਾਸੇ ਵੱਲ ਨੂੰ ਲੈ ਜਾ ਰਹੇ ਹਨ? ਜਿੱਥੇ ਸਮੁੱਚੇ ਦੇਸ਼ ਦੇ ਲੋਕਾਂ ਨੇ ਪੁਲਵਾਮਾ ਦੇ ਖੂਨੀਂ ਹਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕੀਤਾ ਹੈ ਉੱਥੇ ਦੇਸ਼ ਦੇ ਲੋਕ ਇਹ ਵੀ ਚਾਹੁੰਦੇ ਹਨ ਕਿ ਦੇਸ਼ ਵਿੱਚ ਨਫ਼ਰਤ ਫਲਾਉਣ ਵਾਲੇ ਕਾਰਿਆਂ ਉੱਤੇ ਪ੍ਰਧਾਨ ਮੰਤਰੀ ਚੁੱਪ ਕਿਉਂ ਹਨ?

- Advertisement -

ਲੋਕ ਸਭਾ ਦੀਆਂ ਚੋਣਾਂ ਦੇ ਮੱਦੇ ਨਜ਼ਰ ਰਾਜਸੀ ਪਾਰਟੀਆਂ ਨੇ ਆਪੋ ਆਪਣੇ ਹਿੱਤਾਂ ਲਈ ਰਾਜਸੀ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜੇਕਰ ਰਾਜਸੀ ਧਿਰਾਂ ਦੇ ਰੁਝਾਨ ਨੂੰ ਵੇਖਿਆ ਜਾਵੇ ਤਾਂ ਪੰਜਾਬ ਵਿਧਾਨ ਸਭਾ ਦਾ ਮੌਜੂਦਾ ਸ਼ੈਸ਼ਨ ਇਸ ਦੀ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਸਦਨ ਵਿੱਚ ਜਿੱਥੇ 10 ਸਾਲ ਸੱਤਾ ਦਾ ਆਨੰਦ ਭੋਗਣ ਵਾਲੀ ਧਿਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿੱਪ ਨੂੰ ਬੇਅਦਬੀ ਅਤੇ ਬੇਕਸੂਰਾਂ ਨੂੰ ਮਾਰਨ ਦੇ ਮੁੱਦੇ ‘ਤੇ ਬਹੁਤ ਮੁਸ਼ਕਲ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਉਹ ਆਪਣੇ ‘ਤੇ ਲੱਗੇ ਦੋਸ਼ਾਂ ਦਾ ਜਵਾਬ ਦੇਣ ਦੀ ਥਾਂ ਕੈਬਨਿੱਟ ਮੰਤਰੀ ਨਵਜੋਤ ਸਿੰਘ ਸਿੱਧੂ ‘ਤੇ ਪਾਕਿਸਤਾਨ ਦਾ ਏਜੰਟ ਹੋਣ ਦਾ ਦੋਸ਼ ਲਾ ਰਹੇ ਹਨ।

ਇਸ ਤਰ੍ਹਾਂ ਸਾਡੇ ਦੇਸ਼ ਅੰਦਰ ਦੇਸ਼ ਭਗਤੀ ਦਾ ਠੇਕਾ  ਕੇਵਲ ਇੱਕ ਧਿਰ ਹੀ ਆਪਣੇ ਕੋਲ ਸਮਝਦੀ ਹੈ, ਹੋਰ ਕਿਸੇ ਨੂੰ ਵੀ ਜਦੋਂ ਚਾਹੁਣ ਦੇਸ਼ ਵਿਰੋਧੀ ਜਾਂ ਗਦਾਰ ਦਾ ਫਤਵਾ ਦਿੱਤਾ ਜਾ ਸਕਦਾ ਹੈ। ਬੇਸ਼ੱਕ ਹੁਣ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਮਾਮਲਾ ਨਵੇਂ ਸਿਰੇ ਤੋਂ ਉਭਰ ਕੇ ਸਾਹਮਣੇ ਆਇਆ ਹੈ। ਪਰ ਇਸ ਤੋਂ ਪਹਿਲਾਂ ਵੀ ਕਈ ਮੌਕਿਆਂ ‘ਤੇ ਘੱਟ ਗਿਣਤੀਆਂ ਉੱਪਰ ਹੋਏ ਹਮਲੇ ਬੇਗਾਨਗੀ ਦੇ ਅਹਿਸਾਸ ਵਿੱਚ ਵਾਧਾ ਕਰਦੇ ਹਨ।  ਇਸ ਬਾਰੇ ਕੋਈ ਦੋ ਰਾਏ ਨਹੀਂ ਕਿ ਦਹਿਸ਼ਤ ਗਰਦੀ ਫੈਲਾਅ ਰਹੀਆਂ ਅੱਤਵਾਦੀ ਜਥੇਬੰਦੀਆਂ ਨੂੰ ਸਖਤੀ ਨਾਲ ਨੱਪਿਆ ਜਾਵੇ ਪਰ ਇਸ ਦੀ ਆੜ ਵਿੱਚ ਕਿਸੇ ਨੂੰ ਨਫ਼ਰਤ ਫੈਲਾਉਣ ਦੀ ਆਗਿਆ ਵੀ ਨਹੀਂ ਦਿੱਤੀ ਜਾ ਸਕਦੀ।

ਇਸ ਦੀ ਸਭ ਤੋਂ ਵੱਡੀ ਜਿੰਮੇਵਾਰੀ ਸੱਤਾ ਵਿੱਚ ਬੈਠੀ ਰਾਜਸ਼ੀ ਧਿਰ ਦੀ ਬਣਦੀ ਹੈ। ਪੰਜਾਬ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਜਿਸ ਨੇ ਬਹੁਤ ਔਖੇ ਦਿਨਾਂ ਨੂੰ ਸਮੇਂ ਸਮੇਂ ‘ਤੇ ਆਪਣੇ ਪਿੰਡੇ ‘ਤੇ ਹੰਢਾਇਆ ਹੈ। ਪਰ ਪੰਜਾਬੀਆਂ ਨੇ ਮਾਨਵਤਾ ਦਾ ਪੱਲਾ ਨਹੀਂ ਛੱਡਿਆ। ਇਸੇ ਲਈ ਪੰਜਾਬ ਅੱਜ ਵੀ ਘੁੱਗ ਵਸਦਾ ਹੈ। ਇਸ ਲਈ ਕਸ਼ਮੀਰੀ ਵਿਦਿਆਰਥੀਆਂ ਨੂੰ ਧਮਕੀਆਂ ਦੇਣ ਵਾਲੇ ਰੁਝਾਨ ਨੂੰ ਵੀ ਫੌਰੀ ਤੌਰ ‘ਤੇ ਰੋਕਣ ਦੀ ਲੋੜ ਹੈ, ਤਾਂ ਜੋ ਦੇਸ਼ ਦੇ ਹਰ ਹਿੱਸੇ ਵਿੱਚ ਵਸਦੇ ਨਾਗਰਿਕਾਂ ਨੂੰ ਅਹਿਸਾਸ ਹੋਵੇ ਕਿ ਕਾਨੂੰਨ ਅਤੇ ਸੰਵਿਧਾਨ ਦੀਆਂ ਨਜ਼ਰਾ ਵਿੱਚ ਸਾਰੇ ਬਰਾਬਰ ਹਨ।

 

Share this Article
Leave a comment