ਆਹ ਦੇਖੋ ! ਨਵਜੋਤ ਸਿੰਘ ਸਿੱਧੂ ਕਿਉਂ ਨਹੀਂ ਲੈਣਾ ਚਾਹੁੰਦੇ ਬਿਜਲੀ ਮਹਿਕਮਾਂ ?

TeamGlobalPunjab
10 Min Read

ਪਟਿਆਲਾ : ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਕਿਹਾ ਸੀ ਕਿ ਲੰਘੀਆਂ ਚੋਣਾਂ ਦੌਰਾਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਮਹਿਕਮੇ ਸਥਾਨਕ ਸਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਕਾਂਗਰਸ ਪਾਰਟੀ ਦੀ ਸ਼ਹਿਰੀ ਖੇਤਰਾਂ ਵਿੱਚ ਹਾਰ ਹੋਈ ਹੈ, ਉਸ ਗੱਲ ਤੋਂ ਪੈਦਾ ਹੋਏ ਵਿਵਾਦ ਨੇ ਇੱਥੋਂ ਤੱਕ ਵੱਡਾ ਰੂਪ ਧਾਰ ਲਿਆ ਹੈ, ਕਿ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਵਜ਼ਾਰਤ ‘ਚ ਸ਼ਾਮਲ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰਬਦਲ ਕਰਨ ਲੱਗਿਆਂ ਨਵਜੋਤ ਸਿੰਘ ਸਿੱਧੂ ਤੋਂ ਉਨ੍ਹਾਂ ਦਾ ਸਥਾਨਕ ਸਰਕਾਰਾਂ ਵਿਭਾਗ ਖੋਹ ਕੇ ਸਿੱਧੂ ਨੂੰ ਬਿਜਲੀ ਵਿਭਾਗ ਦੇ ਦਿੱਤਾ ਹੈ, ਉੱਥੇ ਦੂਜੇ ਪਾਸੇ ਸਿੱਧੂ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹਨ ਕਿ ਸਥਾਨਕ ਸਰਕਾਰਾਂ ਮਹਿਕਮੇਂ ਦੀ ਕਾਰਗੁਜ਼ਾਰੀ ਮਾੜੀ ਰਹੀ ਹੈ ਤੇ ਉਨ੍ਹਾਂ ਦੇ ਮਹਿਕਮੇਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਹੀ ਪਾਰਟੀ ਨੂੰ ਸ਼ਹਿਰਾਂ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਹੈ। ਕੈਪਟਨ ਦੇ ਇਸ ਬਿਆਨ ਤੋਂ ਨਵਜੋਤ ਸਿੰਘ ਸਿੱਧੂ ਇੰਨਾ ਭੜਕ ਗਏ ਕਿ ਨਾ ਸਿਰਫ ਉਨ੍ਹਾਂ ਨੇ ਇਸ ਦੇ ਖਿਲਾਫ 2 ਵਾਰ ਪੱਤਰਕਾਰ ਸੰਮੇਲਨ ਕਰਕੇ ਆਪਣੇ ਵਿਭਾਗ ਅਤੇ ਕਾਂਗਰਸ ਪਾਰਟੀ ਦੀ ਸ਼ਹਿਰਾਂ ਅੰਦਰਲੀ ਕਾਰਗੁਜ਼ਾਰੀ ਦੇ ਸਬੂਤ ਮੀਡੀਆ ਸਾਹਮਣੇ ਰੱਖ ਦਿੱਤੇ, ਬਲਕਿ ਸਾਰੇ ਤੱਥ ਸੋਸ਼ਲ ਮੀਡੀਆ ‘ਤੇ ਪਾ ਕੇ ਇਨ੍ਹਾਂ ਤੱਥਾਂ ਅਤੇ ਕੁਝ ਹੋਰ ਸਬੂਤਾਂ ਤੋਂ ਇਲਾਵਾ ਸਥਾਨਕ ਸਰਕਾਰਾਂ ਵਿਭਾਗ ਦੀਆਂ ਕੁਝ ਫਾਇਲਾਂ ਸਣੇ ਸਾਰੀ ਰਿਪੋਰਟ ਕੁੱਲ ਹਿੰਦ ਕਾਂਗਰਸ ਪਾਰਟੀ ਦੇ ਪ੍ਰਧਾਨ ਰਹੁਲ ਗਾਂਧੀ ਨੂੰ ਦੇਣ ਲਈ ਉਨ੍ਹਾਂ ਨੇ ਨਵੀਂ ਦਿੱਲੀ ਜਾ ਡੇਰੇ ਲਾਏ ਹਨ। ਸਿੱਧੂ ਦੇ ਨੇੜਲੇ ਸੂਤਰ ਦਸਦੇ ਹਨ, ਕਿ ਜੇਕਰ ਕਾਂਗਰਸ ਪ੍ਰਧਾਨ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਉਹ ਪੰਜਾਬ ਵਜ਼ਾਰਤ ਵਿੱਚੋਂ ਅਸਤੀਫਾ ਦੇ ਸਕਦੇ ਹਨ। ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ, ਕੀ ਨਵਜੋਤ ਸਿੰਘ ਸਿੱਧੂ ਦਾ ਮਹਿਕਮਾਂ ਬਦਲਕੇ ਉਨ੍ਹਾਂ ਨੂੰ ਬਿਜਲੀ ਮਹਿਕਮਾਂ ਦਿੱਤੇ ਜਾਣ ਸਬੰਧੀ ਸਿੱਧੂ ਵੱਲੋਂ ਕੀਤੇ ਜਾ ਰਹੇ ਵਿਰੋਧ ਦਾ ਜੋ ਕਾਰਨ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਦਿਖਾਈ ਦੇ ਰਿਹਾ ਹੈ, ਕੀ ਵਾਕਿਆ ਹੀ ਇਸ ਵਿਰੋਧ ਦਾ ਉਹ ਕਾਰਨ ਹੈ? ਜਾਂ ਇਸ ਤੋਂ ਇਲਾਵਾ ਕੁਝ ਹੋਰ ਕਾਰਨ ਵੀ ਹਨ ਜਿਸ ਲਈ ਸਿੱਧੂ ਬਿਜਲੀ ਮਹਿਕਮਾਂ ਲੈਣ ਨੂੰ ਤਿਆਰ ਨਹੀਂ ਹਨ? ਇਸ ਨੂੰ ਸਮਝਣ ਲਈ ਆਪਾਂ ਨੂੰ ਬਿਜਲੀ ਮਹਿਕਮੇਂ ਦੇ ਪੂਰੇ ਤਾਣੇ-ਬਾਣੇ ਨੂੰ ਸਮਝਣਾ ਪਵੇਗਾ। ਚਲੋ ਆਪਾਂ ਜਾਣਦੇ ਹਾਂ ਕਿ ਉਹ ਕਿਹੜੇ ਹਾਲਾਤ ਹਨ ਜਿਨ੍ਹਾਂ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਬਿਜਲੀ ਮਹਿਕਮੇਂ ਦਾ ਚਾਰਜ ਸੌਂਪਿਆ ਜਾ ਰਿਹਾ ਹੈ।

ਪੰਜਾਬ ਦੇ ਬਿਜਲੀ ਮਹਿਕਮੇਂ ‘ਤੇ ਝਾਤ ਮਾਰਨ ‘ਤੇ ਸਾਨੂੰ ਪਤਾ ਲੱਗੇਗਾ ਕਿ ਮੌਜੂਦਾ ਸਮੇਂ 52 ਹਜ਼ਾਰ ਕਰੋੜ ਰੁਪਏ ਦੀ ਕੁੱਲ ਜਾਇਦਾਦ ਵਾਲੇ ਇਸ ਮਹਿਕਮੇਂ ਅੰਦਰ ਕੁੱਲ 44 ਹਜ਼ਾਰ ਦੇ ਕਰੀਬ ਛੋਟੇ ਵੱਡੇ ਮੁਲਾਜ਼ਮ ਅਤੇ ਇੰਜਨੀਅਰ ਕੰਮ ਕਰ ਰਹੇ ਹਨ। ਜਿਸ ਦੀ ਕੁੱਲ ਸਲਾਨਾ ਆਮਦਨ 32 ਹਜ਼ਾਰ 7 ਸੌ 57 ਕਰੋੜ ਰੁਪਏ ਦੀ ਹੈ। ਜਿਸ ਵਿੱਚੋਂ ਇਹ ਮਹਿਕਮਾਂ 28 ਹਜ਼ਾਰ 8 ਸੌ 34 ਕਰੋੜ ਰੁਪਏ ਸਲਾਨਾ ਦੀ ਬਿਜਲੀ ਬਾਹਰੋਂ ਖਰੀਦਦਾ ਹੈ। ਇਹ ਮਹਿਕਮਾਂ ਸੂਬੇ ਦੇ ਕਿਸਾਨਾਂ ਨੂੰ ਹਰ ਸਾਲ 9 ਹਜ਼ਾਰ 6 ਸੌ 75 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਪਹਿਲਾਂ ਆਪਣੇ ਪੱਲਿਓਂ ਦਿੰਦਾ ਹੈ, ਤੇ ਬਾਅਦ ਵਿੱਚ ਇਹ ਸਬਸਿਡੀ ਇਸ ਵਿਭਾਗ ਨੂੰ ਸਰਕਾਰ ਵੱਲੋਂ ਦੇ ਦਿੱਤੀ ਜਾਂਦੀ ਹੈ, ਜਿਹੜੀ ਕਿ ਕਈ ਵਾਰ ਲਮਕ ਵੀ ਜਾਂਦੀ ਹੈ, ਜਿਵੇਂ ਕਿ ਪਿਛਲੇ ਸਾਲ ਦੀ 5 ਹਜ਼ਾਰ 2 ਸੌ 97 ਕਰੋੜ ਰੁਪਏ ਵਾਲੀ ਸਬਸਿਡੀ ਦਾ ਬਕਾਇਆ ਸਰਕਾਰ ਨੇ ਬਿਜਲੀ ਵਿਭਾਗ ਨੂੰ ਅਜੇ ਵੀ ਅਦਾ ਕਰਨਾ ਹੈ।

ਬਿਜਲੀ ਵਿਭਾਗ ਇਸ ਵੇਲੇ 31 ਹਜ਼ਾਰ 6 ਸੌ ਕਰੋੜ ਰੁਪਏ ਦਾ ਕਰਜਾਈ ਹੈ ਤੇ ਪਿਛਲੇ ਸਾਲ ਅਤੇ ਹੁਣ ਤੱਕ ਦੇ ਕੁੱਲ 14 ਹਜ਼ਾਰ 9 ਸੌ 72 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਵਾਲੇ ਬਕਾਏ ਇਸ ਮਹਿਕਮੇਂ ਨੇ ਸਰਕਾਰ ਕੋਲੋਂ ਅਜੇ ਵੀ ਲੈਣੇ ਹਨ। ਇਹ ਮਹਿਕਮਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (ਪੀਐਸਪੀਸੀਐਲ) ਤੇ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਡ (ਪੀਐਸਟੀਸੀਐਲ) ਨਾਮਕ  2 ਖੁਦ ਮੁਖਤਿਆਰ ਕੰਪਨੀਆਂ ਵਿੱਚ ਵੰਡਿਆ ਹੋਇਆ ਹੈ। ਜਿਸ ਦੀ ਨਿਗਰਾਨੀ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਕਰਦਾ ਹੈ। ਇਹ ਹੀ ਉਹ ਕਮਿਸ਼ਨ ਹੈ ਜਿਸ ਨੇ ਬਿਜਲੀ ਦੇ ਰੇਟ ਤੈਅ ਕਰਨੇ ਹੁੰਦੇ ਹਨ।

ਦੂਜੇ ਪਾਸੇ ਸੂਬੇ ਦੇ 93 ਲੱਖ ਬਿਜਲੀ ਖਪਤਕਾਰਾਂ ਨੂੰ ਦਿੱਤੀ ਜਾ ਰਹੀ ਬਿਜਲੀ ਦੇ ਭਾਅ ਲਗਾਤਾਰ ਵਧ ਰਹੇ ਹਨ, ਤੇ ਹਾਲਾਤ ਇਹ ਹਨ ਕਿ ਪੰਜਾਬ ਦੇ 14 ਲੱਖ ਟਿਊਵੈਂਲਾਂ ਨੂੰ ਸਰਕਾਰ ਵੱਲੋਂ ਜਿਹੜੀ ਬਿਜਲੀ ਸਬਸਿਡੀ ਦਿੱਤੀ ਜਾ ਰਹੀ ਹੈ, ਉਸ 9 ਹਜ਼ਾਰ 6 ਸੌ 75 ਕਰੋੜ ਰੁਪਏ ਦੀ ਕੁੱਲ ਬਿਜਲੀ ਸਬਸਿਡੀ ਵਿੱਚੋਂ 83 ਪ੍ਰਤੀਸ਼ਤ ਸਬਸਿਡੀ ਉਨ੍ਹਾਂ 12 ਪ੍ਰਤੀਸ਼ਤ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਜਿਨ੍ਹਾਂ ਕੋਲ 7 ਏਕੜ ਜਾਂ ਇਸ ਤੋਂ ਵੀ ਵੱਧ ਜਮੀਨ ਹੈ। ਇਸ ਤੋਂ ਇਲਾਵਾ ਜੇਕਰ ਪੰਜਾਬ  ਵਿਧਾਨ ਸਭਾ ਅੰਦਰ ਉੱਠੇ ਮੁੱਦੇ ਅਤੇ ਆਮ ਆਦਮੀ ਪਾਰਟੀ ਦੇ ਸਹਿ ਪ੍ਰਧਾਨ ਅਮਨ ਅਰੋੜਾ ਦੀ ਗੱਲ ਮੰਨੀਏ ਤਾਂ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ 3 ਅਜਿਹੇ ਨਿੱਜੀ ਥਰਮਲ ਪਲਾਂਟਾਂ ਨਾਲ ਬਿਜਲੀ ਖਰੀਦ ਦੇ ਸਮਝੌਤੇ ਕੀਤੇ ਸਨ, ਜਿਨ੍ਹਾਂ ਬਾਰੇ ਦੋਸ਼ ਹੈ ਕਿ ਉਸ ਸਮਝੌਤੇ ਤਹਿਤ ਹੱਦੋਂ ਵੱਧ ਮਹਿੰਗੀ ਬਿਜਲੀ ਖਰੀਦੀ ਜਾ ਰਹੀ ਹੈ। ਲੱਗ ਰਹੇ ਦੋਸ਼ਾਂ ਨੂੰ ਜੇਕਰ ਸਹੀ ਮੰਨੀਏ ਤਾਂ ਇਹ ਸਮਝੌਤਾ ਇੰਨਾ ਖ਼ਤਰਨਾਕ ਹੈ ਕਿ ਜੇਕਰ ਇਨ੍ਹਾਂ ਤਿੰਨਾਂ ਨਿੱਜੀ ਥਰਮਲ ਪਲਾਟਾਂ ਤੋਂ ਬਿਜਲੀ ਖਰੀਦਣੀ ਬੰਦ ਕਰ ਦਿੱਤੀ ਜਾਵੇ ਤਾਂ ਵੀ ਇਨ੍ਹਾਂ ਥਰਮਲ ਪਲਾਂਟਾਂ ਨੂੰ ਸਰਕਾਰ ਵੱਲੋਂ ਆਉਣ ਵਾਲੇ 25 ਸਾਲ ਤੱਕ 2 ਹਜ਼ਾਰ 8 ਸੌ ਕਰੋੜ ਰੁਪਏ ਸਲਾਨਾ ਅਦਾ ਕਰਨੇ ਪੈਣਗੇ। ਜਿਹੜੀ ਕਿ 25 ਸਾਲਾਂ ਅੰਦਰ ਕੁੱਲ 70 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਬਣਦੀ ਹੈ। ਲਗਭਗ ਉਨੀ ਜਿੰਨੀ ਸੂਬੇ ਦੇ ਕਿਸਾਨਾਂ ਸਿਰ ਮੌਜੂਦਾ ਸਮੇਂ ਕਰਜਾ ਹੈ। ਹਾਲਾਤ ਇਹ ਹਨ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਕੀਤੇ ਗਏ ਇਨ੍ਹਾਂ ਮਹਿੰਗੇ ਸਮਝੌਤਿਆਂ ਨੂੰ ਨਾ ਸਿਰਫ ਸੂਬੇ ਦੀ ਮੌਜੂਦਾ ਸਰਕਾਰ ਦੇ ਪਿਛਲੇ 2 ਮੰਤਰੀਆਂ ਰਾਣਾ ਗੁਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਕਾਂਗੜ ਨੇ ਵੀ ਕਬੂਲ ਕੀਤਾ ਹੈ, ਬਲਕਿ ਪੰਜਾਬ ਵਿਧਾਨ ਸਭਾ ਦੇ ਲੰਘੇ ਬਜ਼ਟ ਸੈਸ਼ਨ ਦੌਰਾਨ ਵੀ ਇਹ ਮੁੱਦਾ ਸਦਨ ਵਿੱਚ ਚੁੱਕੇ ਜਾਣ ਦੇ ਬਾਵਜੂਦ ਸਾਰੇ ਤੱਥਾਂ, ਅਪੀਲਾਂ ਅਤੇ ਦਲੀਲਾਂ ਨੂੰ ਅਣਸੁਣਿਆ ਕਰ ਦਿੱਤਾ ਗਿਆ ਸੀ।

- Advertisement -

ਉੱਧਰ ਇਨ੍ਹਾਂ ਤੱਥਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਦੇਸ਼ ਅਤੇ ਖਾਸ ਕਰ ਪੰਜਾਬ ਅੰਦਰ ਚੋਣਾਂ ਦੌਰਾਨ ਬੁਰੀ ਤਰ੍ਹਾਂ ਹਾਰੀ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਆਪਣੀ ਸਿਆਸੀ ਜ਼ਮੀਨ ਦੀ ਤਲਾਸ਼ ਪੰਜਾਬ ਦੀ ਧਰਤੀ ਤੋਂ ਕਰਨ ਦਾ ਐਲਾਨ ਕਰਦਿਆਂ ਲੋਕਾਂ ਦੀ ਦੁਖਦੀ ਰਗ ਮਹਿੰਗੀ ਬਿਜਲੀ ਦੇ ਖਿਲਾਫ ਅੰਦੋਲਨ ਛੇੜਣ ਦੇ ਸੱਦੇ ਤੋਂ ਸ਼ੁਰੂ ਕੀਤੀ ਹੈ। ਲਿਹਾਜਾ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਵਾਲੇ ਸਿਆਸੀ ਸਟੇਜ਼ਾਂ ਤੋਂ ਗੱਲ ਗੱਲ ‘ਤੇ ਬਿਜਲੀ ਮਹਿਕਮੇਂ ਨੂੰ ਨਿਸ਼ਾਨੇ ‘ਤੇ ਲੈਣਗੇ। ਇਸ ਤੋਂ ਇਲਾਵਾ ਇਸ ਗੱਲ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਹੈ ਕਿ ਬਿਜਲੀ ਮਹਿਕਮਾਂ ਪੂਰੀ ਤਰ੍ਹਾਂ ਤਕਨੀਕ ‘ਤੇ ਅਧਾਰਿਤ ਹੈ ਤੇ ਇਸ ਨੂੰ ਇੰਜਨੀਅਰਾਂ ਦੀ ਵੱਡੀ ਜ਼ਮਾਤ ਨੇ ਸੰਭਾਲਣਾ ਹੁੰਦਾ ਹੈ। ਜੇਕਰ ਸਿੱਧੂ ਵਰਗੀ ਇਮਾਨਦਾਰ ਦਿੱਖ ਵਾਲੇ ਮੰਤਰੀ ਨੇ ਇਸ ਮਹਿਕਮੇਂ ਵਿੱਚ ਸੁਧਾਰ ਕਰਨਾ ਹੋਵੇ ਤਾਂ ਵੀ ਉਨ੍ਹਾਂ ਨੂੰ ਬਹੁਤ ਹੱਦ ਤੱਕ ਇਨ੍ਹਾਂ ਇੰਜਨੀਅਰਾਂ ‘ਤੇ ਹੀ ਨਿਰਭਰ ਕਰਨਾ ਪਵੇਗਾ। ਉਹ ਵੀ ਉਨ੍ਹਾਂ ਹਾਲਾਤਾਂ ਵਿੱਚ ਜਦੋਂ ਸੂਬੇ ਦੇ ਕਿਸਾਨ ਬਿਜਲੀ ਮਹਿਕਮੇਂ ਦੇ ਖਿਲਾਫ ਪਹਿਲਾਂ ਹੀ ਝੰਡੇ ਚੁੱਕੀ ਰਖਦੇ ਹਨ। ਅਜਿਹੇ ਵਿੱਚ ਜੇਕਰ ਨਰਾਜ਼ ਕਿਸਾਨ ਵਰਗ ਕਾਂਗਰਸ ਪਾਰਟੀ ਤੋਂ ਥੋੜਾ ਬਹੁਤ ਵੀ ਕਿਨਾਂਰਾ ਕਰਦੇ ਹਨ ਤਾਂ ਕੈਪਟਨ ਅਮਰਿੰਦਰ ਸਿੰਘ ਪੇਂਡੂ ਖੇਤਰ ਦੇ ਵੋਟਰਾਂ ਨੂੰ ਵੀ ਨਰਾਜ਼ ਕਰਨ ਦਾ ਭਾਂਡਾ ਸਿੱਧੂ ‘ਤੇ ਭੰਨ੍ਹਦੇ ਨਜਰ ਆਉਣਗੇ।

ਭਾਵੇਂ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਚੇਅਰਮੈਨ ਇੰਜਨੀਅਰ ਬੀ. ਐਸ. ਸਰਾਂ ਨੇ ਸਿੱਧੂ ਦਾ ਇਹ ਕਹਿੰਦਿਆਂ ਸਵਾਗਤ ਕੀਤਾ ਹੈ ਕਿ ਬਿਜਲੀ ਮਹਿਕਮੇਂ ਨੂੰ ਨਵਜੋਤ ਸਿੰਘ ਸਿੱਧੂ ਵਰਗੇ ਬੰਦੇ ਬਤੌਰ ਮੁਖੀ ਵਜੋਂ ਲੋੜੀਂਦੇ ਹਨ ਤੇ ਉਨ੍ਹਾਂ ਨੂੰ ਯਕੀਨ ਹੈ ਕਿ ਉਹ ਇਸ ਮਹਿਕਮੇਂ ਨੂੰ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਲਈ ਯੋਗ ਦਿਸਾ ਨਿਰਦੇਸ ਦੇਣਗੇ। ਪਰ ਇਸ ਦੇ ਬਾਵਜੂਦ ਇਹ ਕਿਹਾ ਜਾ ਰਿਹਾ ਹੈ ਕਿ ਇੰਨੀਆਂ ਔਕੜਾਂ ਵਾਲਾ ਮਹਿਕਮਾਂ ਲੈਣਾ ਸਿੱਧੂ ਲਈ ਕੰਡਿਆਂ ਦਾ ਤਾਜ਼ ਪਹਿਣਨ ਦੇ ਬਰਾਬਰ ਹੋਵੇਗਾ। ਵੈਸੇ ਇੱਕ ਗੱਲ ਤਾਂ ਹੈ ਕਿ ਸੂਬੇ ਦੇ ਲੋਕ ਚਾਹੁੰਦੇ ਇਹੋ ਹੀ ਹਨ ਕਿ ਇਸ ਮਹਿਕਮੇਂ ਦਾ ਮੰਤਰੀ ਕੋਈ ਨਵਜੋਤ ਸਿੰਘ ਸਿੱਧੂ ਵਰਗਾ ਬੰਦਾ ਬਣੇ ਜਿਹੜਾ ਕਿ ਡੁੱਬਦੇ ਹੋਏ ਮਹਿਕਮੇਂ ਨੂੰ ਵੀ ਪੈਂਰਾਂ ਸਿਰ ਕਰਕੇ ਵਧੀਆ ਕਾਰਗੁਜ਼ਾਰੀ ਵਖਾਵੇ, ਕਿਉਂਕਿ ਚਲਦੇ ਨੂੰ ਤਾਂ ਹਰ ਕੋਈ ਚਲਾ ਲੈਂਦਾ ਹੈ ਪਰ ਮਜ਼ਾ ਤਾਂ ਤਾਂ ਹੈ ਜੇ ਕੋਈ ਡੁੱਬਦੇ ਨੂੰ ਚਲਾਵੇ।

ਅੰਤ ਵਿੱਚ ਸੱਚ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਇਸ ਵੇਲੇ ਦਿੱਲੀ ਵਿੱਚ ਡੇਰੇ ਲਾਈ ਬੈਠੇ ਹਨ, ਤੇ ਸੂਬੇ ਦੇ ਲੋਕਾਂ ਦੀ ਨਜ਼ਰ ਇਸ ਗੱਲ ‘ਤੇ ਲੱਗੀ ਹੋਈ ਹੈ ਕਿ ਰਹੁਲ ਗਾਂਧੀ ਉਨ੍ਹਾਂ ਨੂੰ ਮਿਲਣ ਦਾ ਸਮਾਂ ਦੇਣਗੇ ਜਾਂ ਨਹੀਂ? ਤੇ ਜੇਕਰ ਦਿੰਦੇ ਵੀ ਹਨ ਤਾਂ ਕੀ ਉਹ ਨਵਜੋਤ ਸਿੰਘ ਸਿੱਧੂ ਦੀ ਸੰਤੁਸ਼ਟੀ ਕਰਵਾ ਪਾਉਂਦੇ ਹਨ ਜਾਂ ਨਹੀਂ? ਤੇ ਜੇਕਰ ਸੰਤੁਸ਼ਟੀ ਨਾ ਹੋ ਪਾਈ ਤਾਂ ਕੀ ਨਵਜੋਤ ਸਿੰਘ ਸਿੱਧੂ ਪੰਜਾਬ ਵਜ਼ਾਰਤ ਵਿੱਚ ਅਸਤੀਫਾ ਦੇਣਗੇ? ਤੇ ਜੇਕਰ ਉਹ ਅਸਤੀਫਾ ਦਿੰਦੇ ਹਨ ਤਾਂ ਫਿਰ ਕੌਣ ਕੌਣ ਸੋਸ਼ਲ ਮੀਡੀਆ ‘ਤੇ ਟਿੱਚਰਾਂ ਕਰਦਾ ਹੈ, ਤੇ ਕੌਣ ਕੌਣ ਸਿੱਧੂ ਨੂੰ ਆਪਣੀ ਪਾਰਟੀ ਵਿੱਚ ਆ ਕੇ ਕੈਪਟਨ ਸਣੇ ਦੂਜੇ ਵਿਰੋਧੀਆਂ ਨੂੰ ਖੁੱਲ੍ਹ ਕੇ ਜਵਾਬ ਦੇਣ ਦੇ ਸੱਦੇ ਦਿੰਦਾ ਹੈ? ਵੈਸੇ ਇੱਕ ਗੱਲ ਤਾਂ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਜਿੰਦਗੀ ਦਾ ਪਿਛਲਾ ਇਤਿਹਾਸ ਤਾਂ ਇਹੋ ਕਹਿੰਦਾ ਹੈ ਕਿ ਜਦੋਂ ਜਦੋਂ ਲੋਕਾਂ ਨੇ ਉਨ੍ਹਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਸਿੱਧੂ ਉਨਾ ਹੀ ਵੱਡਾ ਕੱਦ ਕੱਢ ਕੇ ਉਸ ਵਿਵਾਦ ਵਿੱਚੋਂ ਬਾਹਰ ਆਏ ਹਨ। ਹੁਣ ਮੰਤਰੀ ਤਾਂ ਉਹ ਪਹਿਲਾਂ ਹੀ ਹਨ, ਲਿਹਾਜਾ ਵੇਖਣਾ ਇਹ ਹੋਵੇਗਾ ਕਿ ਇਸ ਵਾਰ ਮੰਤਰੀ ਤੋਂ ਵੱਡਾ ਕੱਦ ਸਿੱਧੂ ਕਿਹੜਾ ਕੱਢ ਕੇ ਬਾਹਰ ਆਉਂਦੇ ਹਨ?

 

 

- Advertisement -
Share this Article
Leave a comment