ਆਹ ਦੇਖੋ ਅੱਧੀ ਰਾਤ ਨੂੰ ਦਰਜ਼ਨਾਂ ਬੰਦਿਆਂ ਨੇ ਘੇਰ ਲਈ ਚੂੜੇ ਵਾਲੀ ‘ਆਪ’ ਉਮੀਦਵਾਰ, ਗੱਡੀ ਭੰਨ੍ਹੀ ਤੇ ਉੱਤੇ ਚੜ੍ਹ ਕੇ ਨੱਚਦੇ ਰਹੇ ਬਦਮਾਸ਼

TeamGlobalPunjab
5 Min Read

ਬਠਿੰਡਾ : ਸਾਲ 2019 ਵਿੱਚ ਦੀਆਂ ਲੋਕ ਸਭਾ ਚੋਣਾਂ ਵਿੱਚ ਵੋਟਾਂ ਪਾਏ ਜਾਣ ਦਾ ਦਿਨ ਆਉਣ ਵਿੱਚ ਸਿਰਫ ਇਕ ਹਫਤੇ ਦਾ ਸਮਾਂ ਰਹਿ ਗਿਆ ਹੈ, ਤੇ ਇਸ ਦੌਰਾਨ ਲਗਭਗ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਤੇ ਵਰਕਰ ਆਪੋ-ਆਪਣੀ ਪਾਰਟੀ ਲਈ ਚੋਣ ਪ੍ਰਚਾਰ ਕਰਦੇ ਹੋਏ ਜੀਅ-ਜਾਨ ਲਗਾ ਰਹੇ ਨੇ। ਇਸ ਦੌਰਾਨ ਸਿਆਸੀ ਘਟਨਾਕ੍ਰਮ ਵੀ ਤੇਜੀ ਨਾਲ ਬਦਲ ਰਹੇ ਹਨ। ਕਿਤੇ ਲੋਕ ਆਗੂਆਂ ਨੂੰ ਘੇਰ ਕੇ ਸਵਾਲ ਕਰ ਰਹੇ ਹਨ, ਕਿਤੇ ਸਿਆਸਤਦਾਨਾਂ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਜਾ ਰਹੀਆਂ ਹਨ ਤੇ ਕਿਤੇ ਧਰਨੇ ਮੁਜ਼ਾਹਰੇ ਤੇ ਨਾਅਰੇਬਾਜੀ ਕੀਤੀ ਜਾ ਰਹੀ ਹੈ। ਇੱਥੋਂ ਤੱਕ ਤਾਂ ਸਭ ਠੀਕ ਸੀ, ਪਰ ਜਿਹੜੀ ਘਟਨਾ ਬੀਤੀ ਰਾਤ ਤਲਵੰਡੀ ਸਾਬੋ ਨੇੜੇ ਆਮ ਆਦਮੀ ਪਾਰਟੀ ਦੀ ਬਠਿੰਡਾ ਤੋਂ ਉਮੀਦਵਾਰ ਬੀਬੀ ਬਲਜਿੰਦਰ ਕੌਰ ਨਾਲ ਵਾਪਰੀ ਹੈ ਉਸ ਨੇ ਨਾ ਸਿਰਫ ਸਾਰੀਆਂ ਪਾਰਟੀਆਂ ਨੂੰ ਸਤਰਕ ਕਰ ਦਿੱਤਾ ਹੈ, ਬਲਕਿ ਕਿਹਾ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਵੀ ਜੇਕਰ ਸਮਾਂ ਰਹਿੰਦੇ ਇਸ ਮਾਮਲੇ ਵਿੱਚ ਗੰਭੀਰ ਨਾ ਹੋਇਆ, ਤਾਂ ਆਉਣ 19 ਤਾਰੀਖ ਦੀ ਸ਼ਾਮ ਨੂੰ ਉਹ ਸ਼ਾਇਦ ਇਹ ਨਾ ਕਹਿ ਸਕੇ ਕਿ ਪੰਜਾਬ ਵਿੱਚ ਚੋਣਾਂ ਅਮਨ ਅਮਾਨ ਨਾਲ ਨਿਪਟ ਗਈਆਂ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਸੋਸ਼ਲ ਮੀਡੀਆ ਰਾਹੀਂ ਕੁਝ ਅਜਿਹੀਆਂ ਤਸਵੀਰਾਂ ਵਾਇਰਲ ਹੁੰਦਿਆਂ ਹੋਇਆਂ ਸਾਹਮਣੇ ਆਈਆਂ ਹਨ, ਜਿਸ ਵਿੱਚ ਦਿਖਾਈ ਦਿੰਦਾ ਹੈ ਕਿ ਰਾਤ ਦੇ ਸਮਾਂ ਬਠਿੰਡਾਂ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋ: ਬਲਜਿੰਦਰ ਕੌਰ ਆਪਣੇ ਕੁਝ ਵਰਕਰਾਂ ਨਾਲ ਘਰ ਘਰ ਚੋਣ ਪ੍ਰਚਾਰ ਕਰਕੇ ਵਾਪਸ ਮੁੜਨ ਦੌਰਾਨ ਇੱਕ ਜਗ੍ਹਾ ਪਾਰਟੀ ਵਰਕਰਾਂ ਸਮੇਤ ਧਰਨੇ ‘ਤੇ ਬੈਠੀ ਹੈ। ਇਸ ਵੀਡੀਓ ‘ਚ ਬਲਜਿੰਦਰ ਕੌਰ ਦਾਅਵਾ ਕਰਦੀ ਹੈ, ਕਿ ਦੇਰ ਰਾਤ 11 ਵਜੇ  ਦੇ ਕਰੀਬ ਕੁਝ ਗੱਡੀਆਂ ਤੇ ਮੋਟਰਸਾਈਕਲਾਂ ‘ਤੇ ਬੈਠ ਕੇ 40-50 ਬੰਦੇ ਉਨ੍ਹਾਂ ਦੀਆਂ ਗੱਡੀਆਂ ਦੇ ਕਾਫ਼ਲੇ ਵਿੱਚ ਆ ਵੜੇ, ਤੇ ਉਨ੍ਹਾਂ ਨੇ ‘ਆਪ’ ਵਰਕਰਾਂ ਦੀਆਂ ਗੱਡੀਆਂ ‘ਚ ਗੱਡੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਵੀਡੀਓ ‘ਚ ਬਲਜਿੰਦਰ ਕੌਰ ਵੱਲੋਂ ਇਲਜ਼ਾਮ ਇਹ ਵੀ ਲਾਏ ਗਏ ਨੇ ਕਿ ਹਮਲਾ ਕਰਨ ਵਾਲੇ ਲੋਕਾਂ ਵਲੋਂ ਉਨ੍ਹਾਂ ਦੇ ਗੰਨਮੈਨਾਂ ਨਾਲ ਵੀ ਧੱਕਾ-ਮੁੱਕੀ ਕੀਤੀ ਗਈ ਹੈ, ਤੇ ਉਨ੍ਹਾਂ ਦੀ ਵਰਦੀ ਤੱਕ ਪਾੜ ਦਿੱਤੀ ਗਈ ਹੈ। ਇਸ ਦੌਰਾਨ ਉੱਥੇ ਕਾਲੀ ਵਰਦੀ ‘ਚ ਖਲੋਤਾ ਇੱਕ ਸਰਦਾਰ ਸੁਰੱਖਿਆ ਕਰਮੀਂ ਆਪਣੀ ਮੋਡੇ ਤੋਂ ਫਟੀ ਹੋਈ ਵਰਦੀ ਵੀ ਦਿਖਾਉਂਦਾ ਹੈ ਤੇ ਦਾਅਵਾ ਕਰਦਾ ਹੈ ਕਿ ਇਹ ਸਭ ਉਨ੍ਹਾਂ ਹਮਲਾਵਰਾਂ ਦਾ ਕਾਰਾ ਹੈ। ਬਲਜਿੰਦਰ ਕੌਰ ਅਨੁਸਾਰ ਹਮਲਾਵਰ ਇੰਨੇ ਬੇਖੌਫ ਹੋ ਕੇ ਆਏ ਸਨ ਕਿ ਉਹ ਉਨ੍ਹਾਂ ਦੀ ਗੱਡੀ ‘ਤੇ ਚੜ੍ਹ ਕੇ ਨੱਚਣ ਲੱਗ ਪਏ, ਤੇ ਉਨ੍ਹਾਂ ਹਮਲਾਵਰਾਂ ਨੇ ਉਨ੍ਹਾਂ (ਬਲਜਿੰਦਰ ਕੌਰ) ਦੀ ਗੱਡੀ ਦੀ ਭੰਨ੍ਹ ਤੋੜ ਵੀ ਕੀਤੀ। ਬੀਬੀ ਨੇ ਕਿਹਾ ਕਿ ਇਨ੍ਹਾਂ ਹਮਲਾਵਰਾਂ ਨੇ ਸਿਰਫ ਗੱਡੀ ‘ਚੋਂ ਉਨ੍ਹਾਂ ਨੂੰ ਹੀ ਖਿੱਚ ਕੇ ਬਾਹਰ ਹੀ ਨਹੀਂ ਕੱਢਿਆ, ਬਾਕੀ ਸਾਰਾ ਉਹ ਕੰਮ ਕੀਤਾ ਜਿਸ ਨਾਲ ਸਾਡੇ ਮਨਾਂ ਅੰਦਰ ਦਹਿਸ਼ਤ ਪੈਦਾ ਹੋਵੇ। ਇਸ ਦੌਰਾਨ ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ‘ਆਪ’ ਵਰਕਰ ਬਠਿੰਡਾ ਪ੍ਰਸਾਸ਼ਨ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਕਰਦੇ ਹਨ। ਉੱਥੇ ਹੀ ਮੌਜੂਦ ਕੁਝ ਪੁਲਿਸ ਵਾਲੇ ਇਸ ਘਟਨਾ ਸਬੰਧੀ ਧਰਨੇ ‘ਤੇ ਬੈਠੇ ਲੋਕਾਂ ਦੇ ਬਿਆਨ ਲੈਂਦੇ ਹਨ। ਜਿਸ ਦਾ ਕਿ ਆਪਣੇ ਆਪ ਨੂੰ ਪੀੜਤ ਦੱਸ ਰਹੇ ਲੋਕ ਇਹ ਕਹਿ ਕੇ ਵਿਰੋਧ ਕਰ ਰਹੇ ਹਨ ਕਿ ਪੁਲਿਸ ਕਸੂਰਵਾਰਾਂ ਨੂੰ ਬਚਾਉਣ ਲਈ ਜਾਣ ਬੁੱਝ ਕੇ ਗਲਤ ਬਿਆਨ ਲਿਖ ਰਹੀ ਹੈ। ਇਸ ਦੌਰਾਨ ਪੁਲਿਸ ਅਧਿਕਾਰੀ ਉਨ੍ਹਾਂ ਨੂੰ ਮੁੜ ਤੋਂ ਬਿਆਨ ਦੇਣ ਲਈ ਭਰੋਸਾ ਦਿੰਦੇ ਹਨ।

ਫਿਲਹਾਲ ਬਲਜਿੰਦਰ ਕੌਰ ਵਲੋਂ ਗੱਡੀਆਂ ਦੀ ਭੰਨਤੋੜ ਤੇ ਗੰਨਮੈਨਾਂ ਨੂੰ ਕੁੱਟਣ ਦੇ ਇਲਜ਼ਾਮ ਲਾ ਕੇ ਪੁਲਿਸ ਨੂੰ ਬਿਆਨ ਦੇ ਦਿੱਤੇ ਹਨ, ਪਰ ਅਜੇ ਤੱਕ ਅਜਿਹੀਆਂ ਤਸਵੀਰਾਂ ਸਾਹਮਣੇ ਨਹੀਂ ਆਈਆਂ ਜਿਸ ‘ਚ ਬਲਜਿੰਦਰ ਕੌਰ ਵੱਲੋਂ ਲਾਏ ਗਏ ਇਲਜ਼ਾਮਾਂ ਦੀ ਪੁਸ਼ਟੀ ਹੋ ਸਕੇ। ਕਿਉਂਕਿ ਸੋਸ਼ਲ ਮੀਡੀਆ ਇਕ ਅਜਿਹਾ ਜਰੀਆ, ਜਿਸ ਤੇ ਛੋਟੀ ਤੋਂ ਛੋਟੀ ਵੀਡੀਓ ਵੀ ਅੱਗ ਵਾਂਗ ਫੈਲਦੀ ਹੈ, ਤੇ ਅੱਜ ਕੱਲ ਹਰ ਇੱਕ ਬੰਦੇ ਦੇ ਹੱਥ ਵਿੱਚ ਕੈਮਰੇ ਵਾਲਾ ਮੋਬਾਇਲ ਹੈ। ਸੋ ਆਸ ਇਹ ਕੀਤੀ ਜਾ ਰਹੀ ਹੈ ਕਿ ਮੌਕੇ ‘ਤੇ ਪੈਦਾ ਕੀਤਾ ਗਿਆ ਕੋਈ ਅਜਿਹਾ ਸਬੂਤ ਜਲਦ ਸਾਹਮਣੇ ਆਵੇਗਾ, ਜਿਸ ਰਾਹੀਂ ਅਸਲ ਕਸੂਰਵਾਰਾਂ ਨੂੰ ਸਜ਼ਾ ਦਵਾ ਕੇ ਉਨ੍ਹਾਂ ਦੇ ਚਿਹਰੇ ਲੋਕਾਂ ਸਾਹਮਣੇ ਨੰਗੇ ਕੀਤੇ ਜਾ ਸਕਣ। ਬਲਜਿੰਦਰ ਕੌਰ ਦਾ ਇਹ ਦਾਅਵਾ ਹੈ ਕਿ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਦੀ ਗੱਡੀ ਅਤੇ ਨਾਲ ਤੁਰ ਰਹੇ ਕਾਫਲੇ ‘ਤੇ ਹਮਲਾ ਕੀਤਾ ਹੈ, ਉਨ੍ਹਾਂ ਹਮਲਾਵਰਾਂ ਦੀਆਂ ਗੱਡੀਆਂ ‘ਤੇ ਕਾਂਗਰਸ ਪਾਰਟੀ ਦੇ ਸਟੀਕਰ ਲੱਗੇ ਹੋਏ ਸਨ, ਜੋ ਕਿ ਸਿੱਧਾ ਸਿੱਧਾ ਪੰਜਾਬ ਦੀ ਸੱਤਾਧਾਰੀ ਪਾਰਟੀ ਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦੀ ਹੈ।

 

https://youtu.be/ff1BnHw5Glo

- Advertisement -

Share this Article
Leave a comment