ਆਮ ਆਦਮੀ ਪਾਰਟੀ ‘ਚ ਰਹਿਣਾ ਸਮਾਂ ਖਰਾਬ ਕਰਨ ਦੇ ਬਰਾਬਰ : ਆਪ ਵਿਧਾਇਕਾ

Prabhjot Kaur
4 Min Read

ਨਵੀਂ ਦਿੱਲੀ : ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ, ਤੇ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਵਾਲੇ ਦਿੱਲੀ ‘ਚ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਗਏ ਕੰਮ ਅਤੇ ਤਰੱਕੀ ਵਿਖਾ ਕੇ ਪੰਜਾਬ ਵਿੱਚ ਚੋਣ ਪ੍ਰਚਾਰ ਕਰਨ ਦੇ ਕਮਰਕੱਸੇ ਕਰੀ ਬੈਠੇ ਹਨ ਉੱਥੇ ਦੂਜੇ ਪਾਸੇ ਪਾਰਟੀ ਦੀ ਦਿੱਲੀ ਇਕਾਈ ਦੇ ਵਿਧਾਇਕਾਂ ਨੇ ਆਪਣੀ ਹੀ ਪਾਰਟੀ ਦੀਆਂ ਪੋਲਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹਲਾਤ ਇਹ ਹਨ ਕਿ ਉੱਥੋਂ ਦੀ ਇੱਕ ਵਿਧਾਇਕ ਅਲਕਾ ਲਾਂਬਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਆਪ ਅੰਦਰ ਰਹਿਣਾ ਸਮਾਂ ਖਰਾਬ ਕਰਨ ਦੇ ਬਰਾਬਰ ਹੈ, ਤੇ ਉਹ ਅਜਿਹਾ ਨਾ ਕਰਕੇ ਹੁਣ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਵੇਗੀ।

ਦਿੱਲੀ ਦੇ ਚਾਂਦਨੀ ਚੌਂਕ ਹਲਕੇ ਦੀ ਵਿਧਾਇਕ ਅਲਕਾ ਲਾਂਬਾ ਨੇ ‘ਆਪ’ ਦੀ ਵਿਰੋਧੀ ਪਾਰਟੀ ਕਾਂਗਰਸ ਦੀ ਖੁੱਲ੍ਹ ਕੇ ਤਰੀਫ ਕਰਦਿਆਂ ਕਿਹਾ ਹੈ ਕਿ ਉਹ ਹੁਣ ‘ਆਪ’ ‘ਚ ਰਹਿ ਕੇ ਹੋਰ ਸਮਾਂ ਬਰਬਾਦ ਨਹੀਂ ਕਰਨਗੇ ਤੇ ਜਿਉਂ ਹੀ ਉਨ੍ਹਾਂ ਨੂੰ ਕਾਂਗਰਸ ਵੱਲੋਂ ਸੱਦਾ ਆਉਂਦਾ ਹੈ ਉਹ ਉਸੇ ਵੇਲੇ ਆਮ ਆਦਮੀ ਪਾਰਟੀ ਦਾ ਸਾਥ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਜਾਣਗੇ। ਵਿਧਾਇਕਾ ਅਨੁਸਾਰ ਹਿੰਦੁਸਤਾਨ ਵਿੱਚ ਕਾਂਗਰਸ ਪਾਰਟੀ ਲਗਾਤਾਰ ਮਜ਼ਬੂਤੀ ਵੱਲ ਵੱਧ ਰਹੀ ਹੈ ਤੇ ਅਜਿਹੇ ਸਮੇਂ ਉਹ ਇਸ ਪਾਰਟੀ ‘ਚ ਸ਼ਾਮਲ ਹੋ ਕੇ ਆਪਣਾ ਯੋਗਦਾਨ ਵੀ ਪਾਉਣਾ ਚਾਹੁੰਦੇ ਹਨ। ਲਾਂਬਾ ਨੇ ਦਾਅਵਾ ਕੀਤਾ ਕਿ ਇਸ ਵਾਰ ਦੇਸ਼ ਵਿੱਚ ਕਾਂਗਰਸ ਦੀ ਲਹਿਰ ਚੱਲ ਰਹੀ ਹੈ ਤੇ ਇਸ ਲਹਿਰ ਕਾਰਨ ਭਾਰਤ ਵਿੱਚੋਂ ਬੀਜੇਪੀ ਦਾ ਸਫਾਇਆ ਹੋ ਜਾਵੇਗਾ। ਅਲਕਾ ਲਾਂਬਾ ਨੇ ਕਾਂਗਰਸ ਦੀਆਂ ਤਰੀਫਾਂ ਦੇ ਪੁਲ ਬੰਨ੍ਹਦਿਆਂ ਕਿਹਾ ਕਿ ਨਾ ਸਿਰਫ ਦਿੱਲੀ, ਬਲਕਿ ਸਾਰੇ ਦੇਸ਼ ਅੰਦਰ ਬੀਜੇਪੀ ਦਾ ਸਫਾਇਆ ਹੋ ਜਾਵੇਗਾ। ਅਲਕਾ ਅਨੁਸਾਰ ਇਹ ਗਲਤ ਹੈ ਕਿ ਕਾਂਗਰਸ ਆਮ ਆਦਮੀ ਪਾਰਟੀ ਨਾਲ ਗੱਠਜੋੜ ਦੇ ਖਿਲਾਫ ਹੈ। ਇਸ ਪਾਰਟੀ ਦੇ ਆਗੂ ਸਿਰਫ ਇੰਨਾ ਚਾਹੁੰਦੇ ਹਨ ਕਿ ਉਹ ਗੱਠਜੋੜ ਸਬੰਧੀ ਜਿਹੜਾ ਵੀ ਫੈਸਲਾ ਲੈਣ ਆਪਣੇ ਵਰਕਰਾਂ ਨੂੰ ਪੁੱਛ ਕੇ ਲੈਣ, ਤੇ ਅਜਿਹੇ ਵਿੱਚ ਇੱਕ ਗੱਲ ਬੜੀ ਤੇਜ਼ੀ ਨਾਲ ਨਿੱਕਲ ਕੇ ਸਾਹਮਣੇ ਆਈ ਹੈ ਕਿ ਆਮ ਆਦਮੀ ਪਾਰਟੀ ਵਿੱਚ ਅਜਿਹਾ ਕੁਝ ਨਹੀਂ ਕਿ ਕਾਂਗਰਸ ਉਸ ਨਾਲ ਗੱਠਜੋੜ ਕਰੇ।

ਚਾਂਦਨੀ ਚੌਂਕ ਦੀ ਵਿਧਾਇਕ ਅਲਕਾ ਲਾਂਬਾ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਹਾਲਤ ਇਸ ਵੇਲੇ ਪਤਲੀ ਹੈ। ਜਿਸ ਦੀ ਵਜ੍ਹਾ ਇਹ ਹੈ ਕਿ ‘ਆਪ’ ਅੰਦਰ ਜਿਹੜੇ ਵੀ ਫੈਸਲੇ ਲਏ ਜਾ ਰਹੇ ਹਨ ਉਹ ਲੋਕਤੰਤਰਿਕ ਤਰੀਕੇ ਨਾਲ ਨਹੀਂ ਲਏ ਜਾ ਰਹੇ। ਉਨ੍ਹਾਂ ਕਿਹਾ ਕਿ ਜਿਸ ਵੇਲੇ ‘ਆਪ’ ਨੇ ਵਿਧਾਨ ਸਭਾ ‘ਚ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦਾ ਮਤਾ ਰੱਖਿਆ ਗਿਆ ਸੀ ਤਾਂ ਉਸ ਨੂੰ ਦੇਖ ਕੇ ਉਨ੍ਹਾਂ ਦੇ ਮਨ ਨੂੰ ਬਹੁਤ ਸੱਟ ਲੱਗੀ ਸੀ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਕਾਂਗਰਸ  ‘ਤੇ ਦਬਾਅ ਪਾਉਣ ਲਈ ਇੱਕ ਰਣਨੀਤੀ ਤਹਿਤ ਕੀਤਾ ਗਿਆ ਸੀ। ਲਾਂਬਾ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਇਸ ਮਤੇ ਦਾ ਸਮਰਥਨ ਕਰਨ ਲਈ ਹੁਕਮ ਦਿੱਤੇ ਗਏ ਸਨ ਪਰ ਉਨ੍ਹਾਂ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ।

ਲਾਂਬਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ‘ਆਪ’ ਦੀਆਂ ਨੀਤੀਆਂ ਤੋਂ ਨਾਖੁਸ਼ ਹੋ ਕੇ ਲਗਾਤਾਰ ਕਾਂਗਰਸ ਪਾਰਟੀ ਨਾਲ ਰਾਬਤਾ ਕਾਇਮ ਕਰੀ ਬੈਠੇ ਹਨ। ਅਜਿਹੇ ਵਿੱਚ ਕਾਂਗਰਸ ਪਾਰਟੀ ਨੂੰ ਜਿੰਨੀ ਜਲਦੀ ਹੋ ਸਕੇ ਆਪਣੀ ਤਾਕਤ ਦਾ ਅਹਿਸਾਸ ਕਰ ਲੈਣਾ ਚਾਹੀਦਾ ਹੈ।

- Advertisement -

Share this Article
Leave a comment