ਅਦਾਲਤ ‘ਚ ਔਰਤਾਂ ਦੀ ਗੁੰਡਾਗਰਦੀ, ਜੁੰਡਮ ਜੁੰਡੀ, ਜੁੱਤਮ ਜੁੱਤੀ ਹੋ ਕੇ ਕੀਤਾ ਆਪਣਾ ਫੈਸਲਾ ਆਪ, ਦੇਖੋ LIVE ਤਸਵੀਰਾਂ

TeamGlobalPunjab
4 Min Read

ਚੰਡੀਗੜ੍ਹ : ਤੁਸੀਂ ਹਿੰਦੀ ਫਿਲਮ ਕ੍ਰਾਂਤੀ ‘ਚ ਬਾਲੀਵੁੱਡ ਅਦਾਕਾਰ ਬੌਬੀ ਦਿਓਲ ਵੱਲੋਂ ਬੋਲਿਆ ਗਿਆ ਉਹ ਡਾਇਲਾਗ ਤਾਂ ਸੁਣਿਆ ਹੀ ਹੋਣੈ, “ਨੋ ਐਫ ਆਈ ਆਰ, (ਕੋਈ ਪਰਚਾ ਨਹੀਂ) ਨੋ ਅਰੈਸਟ, (ਕੋਈ ਗ੍ਰਿਫਤਾਰੀ ਨਹੀਂ) ਨੋ ਟਾੱਕ (ਕੋਈ ਗੱਲਬਾਤ ਨਹੀਂ) ਫੈਸਲਾ ਆਨ ਦਾ ਸਪੌਟ (ਮੌਕੇ ‘ਤੇ ਹੀ ਫੈਸਲਾ), ਸ਼ਾਇਦ ਇਹ ਡਾਇਲਾਗ ਇੱਥੋਂ ਦੇ ਸੈਕਟਰ 43 ਦੀ ਅਦਾਲਤ ਵਿੱਚ ਕਿਸੇ ਕੇਸ ਦਾ ਫੈਸਲਾ ਕਰਾਉਣ ਆਈਆਂ ਕੁਝ ਔਰਤਾਂ ‘ਤੇ ਕੁਝ ਜਿਆਦਾ ਹੀ ਅਸਰ ਕਰ ਗਿਆ। ਜਿਨ੍ਹਾਂ ਨੇ ਅਦਾਲਤ ਵਿੱਚ ਅਹਿਲਮਦ ਦੇ ਕਮਰੇ ਦੇ ਅੰਦਰ ਹੀ ਜੁੱਤ ਪਤੈਣ ਅਤੇ ਜੁੰਡਮ ਜੁੰਡੀ ਹੋ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹ ਵੀ ਬੌਬੀ ਦਿਓਲ ਤੋਂ ਘੱਟ ਨਹੀਂ ਹਨ ਡਾਇਲਾਗ ਭਾਵੇਂ ਨਹੀਂ ਬੋਲ ਰਹੀਆਂ ਪਰ ਕੰਮ ਉਹੋ ਬੌਬੀ ਦਿਓਲ ਦੀ ਸਿੱਖਿਆ ਅਨੁਸਾਰ ਹੀ ਕਰਨਗੀਆਂ। ਫਿਰ ਜਿਵੇਂ ਕਿ ਆਮ ਹੁੰਦਾ ਆਇਆ ਹੈ ਮੌਕੇ ‘ਤੇ ਮੌਜੂਦ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਛੁਡਾਉਣ ਦੀ ਬਜਾਏ ਫਟਾ ਫਟ ਵੀਡੀਓ ਬਣਾਉਣ ਦੀ ਕੀਤੀ,? ਤੇ ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਕੇ ਲੋਕਾਂ ਨੂੰ ਖੱਟੇ ਮਿੱਠੇ ਅਹਿਸਾਸ ਕਰਵਾ ਰਹੀ ਹੈ।

ਕੁੱਲ 22 ਸਕਿੰਟ ਦੀ ਇਸ ਵੀਡੀਓ ਨੂੰ ਚਲਾ ਕੇ ਦੇਖਣ ‘ਤੇ ਪਤਾ ਲਗਦਾ ਹੈ ਕਿ ਇਹ ਲੜਾਈ ਅਦਾਲਤ ਵਿੱਚ ਜੱਜ ਦੇ ਅਹਿਲਮਦ ਦੇ ਕਮਰੇ ਅੰਦਰੋਂ ਸ਼ੁਰੂ ਹੁੰਦੀ ਹੈ ਤੇ ਸਾਫ ਦਿਖਾਈ ਦਿੰਦਾ ਹੈ ਕਿ ਕੁਝ ਔਰਤਾਂ ਆਪਸ ਵਿੱਚ ਲੜਦੀਆਂ ਲੜਦੀਆਂ ਇੱਕ ਦੂਜ਼ੇ ਨੂੰ ਵਾਲਾਂ ਤੋਂ ਧੂਹ ਕੇ ਬਾਹਰ ਲਿਆਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਵੀਡੀਓ ਵਿੱਚ ਇਸ ਦੌਰਾਨ ਪੰਜਾਬ ਪੁਲਿਸ ਦੀ ਵਰਦੀ ਵਿੱਚ ਇੱਕ ਹਵਲਦਾਰ ਇਨ੍ਹਾਂ ਔਰਤਾਂ ਨੂੰ ਆਪਸ ਵਿੱਚ ਲੜਨੋਂ ਹਟਾਉਂਦਾ ਦਿਖਾਈ ਦਿੰਦਾ ਹੈ, ਜਿਸ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਸ਼ੁਰੂ ਵਿੱਚ ਉਸ ਨੂੰ ਸਮਝ ਹੀ ਨਹੀਂ ਆਉਂਦੀ ਕਿ ਉਹ ਇੰਨੀਆਂ ਸਾਰੀਆਂ ਲੜ ਰਹੀਆਂ ਔਰਤਾਂ ਵਿੱਚੋਂ ਕਿਸੇ ਨੂੰ ਹਟਾਵੇ? ਇਸ ਦੌਰਾਨ ਦਿਖਾਈ ਦਿੰਦਾ ਹੈ ਕਿ ਦੋ ਔਰਤਾਂ ਆਪਸ ਵਿੱਚ ਇੱਕ ਦੂਜ਼ੇ ਦੇ ਵਾਲ ਫੜੀ ਇੰਝ ਸਿਰ ਜੋੜੀ ਦਿਖਾਈ ਦਿੰਦੀਆਂ ਹਨ ਜਿਵੇਂ ਭੇਡੂ ਟੱਕਰ ਮਾਰਦੇ ਹਨ। ਇੱਥੇ ਹੀ ਇੱਕ ਔਰਤ ਹੱਥ ਵਿੱਚ ਜੁੱਤੀ ਫੜੀ ਹਵਾ ਵਿੱਚ ਲਹਿਰਾਉਂਦੀ ਇੱਧਰ ਉੱਧਰ ਹਰਲ ਹਰਲ ਕਰਦੀ ਫਿਰਦੀ ਦਿਖਾਈ ਦਿੰਦੀ ਹੈ ਜਿਸ ਨੂੰ ਮੌਕੇ ‘ਤੇ ਮੌਜੂਦ ਪੁਲਿਸ ਵਾਲਾ ਕਿਸੇ ਨੂੰ ਜੁੱਤੀ ਮਾਰਨ ਹੀ ਨਹੀਂ ਦੇ ਰਿਹਾ। ਫਿਰ ਆਖਰਕਾਰ ਉਸ ਜੁੱਤੀਧਾਰੀ ਔਰਤ ਨੂੰ ਜਦੋਂ ਮੌਕਾ ਮਿਲਦਾ ਹੈ ਤਾਂ ਉਹ ਦੂਰੋਂ ਹੀ ਆਪਣੀ ਦੁਸ਼ਮਣ ਨੂੰ ਜੁੱਤੀ ਮਾਰ ਕੇ ਖੁੰਦਕ ਕੱਢ ਲੈਂਦੀ ਹੈ। ਇਸ ਦੌਰਾਨ ਪੁਲਿਸ ਵਾਲਾ ਇਨ੍ਹਾਂ ਔਰਤਾਂ ‘ਤੇ ਹਾਵੀ ਹੋ ਜਾਂਦਾ ਹੈ ਤੇ ਦੇਖਦਿਆਂ ਹੀ ਦੇਖਦਿਆਂ ਦੋਹਾਂ ਔਰਤਾਂ ਵੱਲੋਂ ਇੱਕ ਦੂਜੇ ਦੇ ਵਾਲਾਂ ਵਿੱਚ ਪਿਆ ਹੱਥਾਂ ਦਾ ਲੌਕ ਉਹ ਖੁੱਲ੍ਹਵਾ ਕੇ ਵੱਖੋ ਵੱਖ ਕਰ ਦਿੰਦਾ ਹੈ।

ਪਤਾ ਲੱਗਾ ਹੈ ਕਿ ਇਨ੍ਹਾਂ ਔਰਤਾਂ ਦਾ ਚੰਡੀਗੜ੍ਹ ਦੇ ਸੈਕਟਰ 44 ਵਿੱਚ ਵਿਆਹ ਸਬੰਧੀ ਪਏ ਕਲੇਸ਼ ਦਾ ਕੋਈ ਕੇਸ ਚੱਲ ਰਿਹਾ ਸੀ ਤੇ ਉੱਥੇ ਹੀ ਕਿਸੇ ਗੱਲ ਨੂੰ ਲੈ ਕੇ ਪਹਿਲਾਂ ਇਨ੍ਹਾਂ ਦੀ ਤੂੰ-ਤੂੰ, ਮੈਂ-ਮੈਂ ਹੋਈ ਜਿਸ ਤੋਂ ਬਾਅਦ ਇਹ ਲੜਾਈ ਜੁੰਡਮ ਜੁੰਡੀ ਹੋਣ ਤੱਕ ਪੁੱਜ ਗਈ। ਭਾਵੇਂ ਕਿ ਇਸ ਤੋਂ ਜਿਆਦਾ ਇਸ ਵੀਡੀਓ ਸਬੰਧੀ ਹੋਰ ਕੋਈ ਵੇਰਵੇ ਅਜੇ ਤੱਕ ਹਾਸਲ ਨਹੀਂ ਹੋ ਪਾਏ ਪਰ ਇਸ ਵੀਡੀਓ ਨੂੰ ਦੇਖ ਕੇ ਇੰਨਾਂ ਜਰੂਰ ਕਿਹਾ ਜਾ ਸਕਦਾ ਹੈ ਕਿ ਸੋਸ਼ਲ ਮੀਡੀਆ ਅਤੇ ਕੈਮਰਿਆਂ ਵਾਲੇ ਮੋਬਾਇਲ ਦੇ ਇਸ ਜਮਾਨੇ ਵਿੱਚ ਤਾਂ ਲੋਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾਉਣ ਦਾ ਛੋਟੇ ਤੋਂ ਛੋਟਾ ਮੌਕਾ ਵੀ ਹੱਥੋਂ ਨਹੀਂ ਜਾਣ ਦਿੰਦੇ। ਫਿਰ ਇਹੋ ਜਿਹੀ ਲੜਾਈ ਵਿੱਚ ਅਜਿਹੇ ਲੋਕ ਕਿਸੇ ਨੂੰ ਬਖਸ ਦੇਣਗੇ? ਇਹ ਗੱਲ ਹਜ਼ਮ ਹੋਣ ਲਾਇਕ ਨਹੀਂ ਹੈ। ਲਿਹਾਜਾ ਤਾਂ ਹੀ ਕਿਹਾ ਜਾਂਦਾ ਹੈ ਕਿ ਸਵਾਰੀ ਆਪਣੇ ਸਮਾਨ ਦੀ ਆਪ ਜਿੰਮੇਵਾਰ ਹੈ।

 

- Advertisement -

Share this Article
Leave a comment