ਅਕਾਲੀ ਸਰਕਾਰ ਵੇਲੇ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਸਿੱਖਾਂ ਬਾਰੇ ਵੱਡੇ ਬਾਦਲ ਦਾ ਬਿਆਨ, ਇਹੋ ਜਿਹੇ ਕਾਂਡ ਤਾਂ ਹੁੰਦੇ ਰਹਿੰਦੇ ਨੇ

TeamGlobalPunjab
8 Min Read

ਜਲੰਧਰ : ਸੰਨ 1984 ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਜਦੋਂ ਕਦੀ ਵੀ ਕਿਸੇ ਸਿਆਸੀ ਸਟੇਜ਼ ‘ਤੇ ਚੜ੍ਹੇ ਹੋਣਗੇ, ਤਾਂ ਸ਼ਾਇਦ ਹੀ ਕੋਈ ਅਜਿਹਾ ਮੌਕਾ ਹੋਵੇਗਾ, ਜਦੋਂ ਉਨ੍ਹਾਂ ਨੇ 84 ਸਿੱਖ ਕਤਲੇਆਮ, ਕਾਂਗਰਸ ਸਰਕਾਰ ਵੱਲੋਂ ਹਰਿਮੰਦਰ ਸਾਹਿਬ ‘ਤੇ ਕਰਵਾਏ ਗਏ ਹਮਲੇ, ਤੇ ਇਸੇ ਸਰਕਾਰ ਵੱਲੋਂ ਭੇਜੀ ਗਈ ਫੌਜ ਦੁਆਰਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦੇਣ ਦਾ ਬਿਆਨ ਨਾ ਦਿੱਤਾ ਹੋਵੇ। ਇਨ੍ਹਾਂ ਬਿਆਨਾਂ ਨੂੰ ਦਿੱਤੇ ਬਿਨਾਂ ਪ੍ਰਕਾਸ਼ ਸਿੰਘ ਬਾਦਲ ਦਾ ਭਾਸ਼ਣ ਹੀ ਖਤਮ ਨਹੀਂ ਹੁੰਦਾ, ਜੇਕਰ ਅਜਿਹਾ ਕਹਿ ਲਿਆ ਜਾਵੇ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਪਰ ਪੰਜਾਬ ਦੇ ਉਸੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬੀਤੀ ਕੱਲ੍ਹ, ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਅਗਨ ਭੇਂਟ ਕਰਨ ਦੇ ਵਿਰੋਧ ਵਿੱਚ, ਸੰਨ 1986 ਦੌਰਾਨ ਅਕਾਲੀ ਸਰਕਾਰ ਵੇਲੇ ਨਕੋਦਰ ‘ਚ ਪੁਲਿਸ ਦੀ ਗੋਲੀ ਨਾਲ ਮਾਰੇ ਗਏ 4 ਗੁਰ ਸਿੱਖ ਨੌਜਵਾਨਾਂ ਸਬੰਧੀ, ਇਹ ਕਹਿ ਕੇ ਸਿੱਖ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ, ਕਿ ਇਹੋ ਜਿਹੇ ਕਾਂਡ ਤਾਂ ਹੁੰਦੇ ਹੀ ਰਹਿੰਦੇ ਨੇ। ਇਸ ਬਿਆਨ ਨੂੰ ਸੁਣਨ ਤੋਂ ਬਾਅਦ ਜਿੱਥੇ ਮ੍ਰਿਤਕ ਸਿੱਖ ਪਰਿਵਾਰਾਂ ਦੇ ਲੋਕਾਂ ਨੇ ਬਾਦਲਾਂ ਦੀ ਰੱਜ ਕੇ ਨਿੰਦਾ ਕੀਤੀ ਹੈ, ਉੱਥੇ ਸਿਆਸੀ ਅਤੇ ਸਮਾਜਿਕ ਮਾਮਲਿਆਂ ਦੇ ਮਾਹਰ ਲੋਕਾਂ ਅਨੁਸਾਰ ਅਜਿਹੇ ਬਿਆਨ ਰਾਜਨੀਤਕ ਲੋਕਾਂ ਦੇ ਦੁਹਰੇ ਚਿਹਰੇ ਸਾਹਮਣੇ ਲਿਆਉਂਦੇ ਹਨ।

ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਜਲੰਧਰ ਵਿਖੇ ਪੱਤਰਕਾਰਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸਰਕਾਰਾਂ ਵੱਲੋਂ ਧੱਕਾ ਕੀਤੇ ਜਾਣ ਸਬੰਧੀ ਸਵਾਲ ਕੀਤਾ ਤਾਂ ਉਨ੍ਹਾਂ ਉਲਟਾ ਪੱਤਰਕਾਰਾਂ ਨੂੰ ਪੁੱਛਿਆ ਕਿ ਇਹ ਦੱਸੋ ਕਿ ਅਕਾਲੀ ਦਲ ਨੇ ਕਦੇ ਕੋਈ ਧੱਕਾ ਕੀਤਾ ਹੈ? ਉਨ੍ਹਾਂ ਕਿਹਾ ਕਿ ਅਸੀਂ ਕੋਈ ਧੱਕਾ ਨਹੀਂ ਕੀਤਾ ਤੇ ਨਾ ਕੋਈ ਧੱਕਾ ਕਰਨੈ। ਇੱਥੇ ਹੀ ਇੱਕ ਪੱਤਰਕਾਰ ਨੇ ਉਨ੍ਹਾਂ ਨੂੰ ਇਹ ਸਵਾਲ ਪੁੱਛ ਰਿਹਾ ਕਿ 1986 ਵਿੱਚ ਨਕੋਦਰ ਕਾਂਡ ਵਾਪਰਿਆ, ਉਸ ਬਾਰੇ ਤੁਸੀਂ ਕੀ ਕਹੋਗੇ? ਇਸ ਦੇ ਜਵਾਬ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਤੁਰੰਤ ਅੱਖਾਂ ਬੰਦ ਕਰਕੇ ਅਜਿਹਾ ਮੂੰਹ ਬਣਾਇਆ ਜਿਵੇਂ ਉਨ੍ਹਾਂ ਨੂੰ ਇਸ ਸਵਾਲ ਨਾਲ ਤਕਲੀਫ ਹੋਈ ਹੋਵੇ, ਤੇ ਤੁਰੰਤ ਕਹਿ ਦਿੱਤਾ ਕਿ, “ਓ ਯਾਰ! ਇਹੋ ਜਿਹੇ ਕਾਂਡ ਦੇਖੋ ਮਾੜੇ ਹਨ, ਮੈਂ ਇਹ ਨਹੀਂ ਕਹਿੰਦਾ ਕਿ ਮੈਂ ਕਿਸੇ ਕਾਂਡ ਨੂੰ ਗਲਤ ਨਹੀਂ ਕਹਿੰਦਾ, ਪਰ ਕਾਂਡ ਹੁੰਦੇ ਰਹਿੰਦੇ ਨੇ। ਵੱਡੀ ਗੱਲ ਐ ਤੁਸੀਂ ਛੋਟੀਆਂ ਗੱਲਾਂ ‘ਚ ਪਏ ਹੋਏ ਓ।” ਇੰਨੇ ਨੂੰ ਇੱਕ ਪੱਤਰਕਾਰ ਨੇ ਉਨ੍ਹਾਂ ਨੂੰ ਅਗਲਾ ਸਵਾਲ ਪੁੱਛ ਲਿਆ, ਕਿ ਉਦੋਂ ਵੀ ਤੁਸੀਂ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ‘ਤੇ ਪੀੜਤਾਂ ਨੂੰ ਇੰਨਸਾਫ ਨਹੀਂ ਦਿੱਤਾ, ਤਾਂ ਵੱਡੇ ਬਾਦਲ ਨੇ ਸਾਫ ਇੰਨਕਾਰ ਕਰਦਿਆਂ ਪੱਤਰਕਾਰ ਨੂੰ ਪੁੱਛ ਲਿਆ ਕਿ, “ਕਿਉਂ ਨਹੀਂ ਦਿੱਤਾ”, ਤੇ ਫਿਰ ਇਸ ਤੋਂ ਪਹਿਲਾਂ ਕਿ ਪੱਤਰਕਾਰ ਉਨ੍ਹਾਂ ਨੂੰ ਇਸ ਮਸਲੇ ‘ਤੇ ਬੁਰੀ ਤਰ੍ਹਾਂ ਘੇਰ ਲੈਂਦੇ, ਵੱਡੇ ਬਾਦਲ ਨੇ ਇਹ ਕਹਿ ਦਿੱਤਾ ਕਿ ਯਾਰ! ਮੈਂ ਅੱਗੇ ਹੁਸ਼ਿਆਰਪੁਰ ਜਾਣ ਹੈ, ਇੰਨਾ ਸੁਣਦਿਆਂ ਹੀ ਬਾਦਲ ਦੇ ਸੁਰੱਖਿਆ ਅਮਲੇ ਨੇ ਪੱਤਰਕਾਰਾਂ ਦੇ ਮਾਇਕ ਪਰਾਂ ਕਰਨੇ ਸ਼ੁਰੂ ਕਰ ਦਿੱਤੇ ਤੇ ਪਿੱਛੋਂ ਕਿਸੇ ਨੂੰ ਬੋਲੋ ਸੋ ਨਿਹਾਲ! ਦਾ ਜੈਕਾਰ ਛੱਡ ਦਿੱਤਾ, ਤੇ ਸਾਰੇ ਸਵਾਲ ਗੁੜ-ਗੋਬਰ ਹੋ ਗਏ।

ਦੱਸ ਦਈਏ ਕਿ 2 ਫਰਵਰੀ 1986 ਨੂੰ ਨਕੋਦਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪਾਂ ਨੂੰ ਜਦੋਂ ਅਗਨ ਭੇਂਟ ਕਰ ਦਿੱਤਾ ਗਿਆ ਸੀ ਤਾਂ ਉਸ ਤੋਂ ਬਾਅਦ ਸਿੱਖ ਸੰਗਠਨਾਂ ਨੇ ਨਕੋਦਰ ਵਿਖੇ ਧਰਨਾ ਦਿੱਤਾ ਸੀ। ਜਿੱਥੇ ਕਿ ਹਾਲਾਤ ਵਿਗੜਦੇ ਦੇਖ ਸਮੇਂ ਦੀ ਸੱਤਾਧਾਰੀ ਅਕਾਲੀ ਸਰਕਾਰ ਵੱਲੋਂ ਨਕੋਦਰ ‘ਚ ਕਰਫਿਉ ਲਾ ਦਿੱਤਾ ਗਿਆ। ਇਸ ਦੇ ਬਾਵਜੂਦ ਸਿੱਖ ਜਥੇਬੰਦੀਆਂ ਵੱਲੋਂ ਨਕੋਦਰ ਦੇ ਸ਼ੇਰਪੁਰ ਚੌਂਕ ਵਿੱਚ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪਤਾ ਲੱਗਾ ਕਿ ਪੁਲਿਸ ਨੇ ਸ਼ਹਿਰ ਅੰਦਰ ਕੁਝ ਲੋਕਾਂ ਨੂੰ ਖੁੱਲ੍ਹੇ ਆਮ ਘੁੰਮਣ ਦੀ ਇਜਾਜ਼ਤ ਦਿੱਤੀ ਹੋਈ ਹੈ, ਪਰ ਸਿੱਖ ਜਥੇਬੰਦੀਆਂ ਦੇ ਲੋਕਾਂ ਨੂੰ ਕਰਫਿਉ ਲਾ ਕੇ ਇੱਥੇ ਘੇਰ ਲਿਆ ਗਿਆ ਹੈ। ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਦਬਾਅ ਪਾਉਣ ਤੇ ਪੁਲਿਸ ਨੇ ਉਨ੍ਹਾਂ ਨੂੰ ਸ਼ਹਿਰ ਅੰਦਰ ਉਸ ਜਗ੍ਹਾ ‘ਤੇ ਜਾਣ ਦੀ ਇਜਾਜ਼ਤ ਤਾਂ ਦੇ ਦਿੱਤੀ, ਜਿਸ ਜਗ੍ਹਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਰਾਖ ਅਤੇ ਅਧਜਲੇ ਅੰਗ ਮੌਜੂਦ ਸਨ, ਪਰ ਸ਼ਹਿਰ ਦੇ ਅੰਦਰ ਵੜਦਿਆਂ ਹੀ ਕੁਝ ਦੂਰ ਜਾਣ ‘ਤੇ ਪਤਾ ਨਹੀਂ ਕੀ ਭਾਣਾ ਵਾਪਰਿਆ, ਕਿ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀ ਚਲਾ ਦਿੱਤੀ। ਇਸ ਗੋਲੀਬਾਰੀ ਦੌਰਾਨ ਝਰਮਲ ਸਿੰਘ, ਬਲਧੀਰ ਸਿੰਘ ਰਾਮਗੜ੍ਹ ਅਤੇ ਰਵਿੰਦਰ ਸਿੰਘ ਲਿਤਰਾਂ ਨਾਮ ਦੇ 3 ਗੁਰਸਿੱਖ ਨੌਜਵਾਨਾਂ ਦੀ ਤਾਂ ਮੌਕੇ ‘ਤੇ ਮੌਤ ਹੋ ਗਈ, ਤੇ ਦੋਸ਼ ਹੈ ਕਿ ਚੌਥੇ ਸਿੱਖ ਨੌਜਵਾਨ ਹਰਮਿੰਦਰ ਸਿੰਘ ਨੂੰ ਪੁਲਿਸ ਵੱਲੋਂ ਜਲੰਧਰ ਸਿਵਲ ਹਸਪਤਾਲ ਵਿੱਚੋਂ ਵਧੀਆ ਇਲਾਜ ਕਰਵਾਉਣ ਦੇ ਬਹਾਨੇ ਚੁੱਕ ਲਿਆ ਤੇ ਰਸਤੇ ‘ਚ ਲਿਜਾਂਦਿਆਂ ਉਸ ਨੌਜਵਾਨ ਨੂੰ ਵੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ।

ਇਸ ਤੋਂ ਬਾਅਦ ਮੌਕੇ ਦੀ ਸੁਰਜੀਤ ਸਿੰਘ ਬਰਨਾਲਾ ਸਰਕਾਰ ਨੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦਾ ਗਠਨ ਕੀਤਾ। ਜਿਸ ਨੇ ਆਪਣੀ ਰਿਪੋਰਟ ਵੀ ਕੁਝ ਮਹੀਨਿਆਂ ਬਾਅਦ ਅਕਤੂਬਰ 1986 ਵਿੱਚ ਹੀ ਸਰਕਾਰ ਨੂੰ ਪੇਸ਼ ਕਰ ਦਿੱਤੀ, ਪਰ ਉਸ ਰਿਪੋਰਟ ਨੂੰ 1986 ਤੋਂ ਲੈ ਕੇ ਸੰਨ 2001 ਤੱਕ ਅਣਦੱਸੇ ਕਾਰਨਾਂ ਕਰਕੇ ਦੱਬੀ ਰੱਖਿਆ ਗਿਆ। ਦੋਸ਼ ਹੈ ਕਿ ਇਸ ਤੋਂ ਬਾਅਦ ਸੰਨ 2001 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਇਸ ਰਿਪੋਰਟ ਨੂੰ ਚੁੱਪ ਚਾਪ ਵਿਧਾਨ ਸਭਾ ਵਿੱਚ ਪੇਸ਼ ਕਰਕੇ ਮੁੜ ਦੱਬ ਲਿਆ ਗਿਆ। ਜਿਸ ਬਾਰੇ ਪੀੜਤਾਂ ਦੇ ਪਰਿਵਾਰਾਂ ਸਮੇਤ ਕਿਸੇ ਨੂੰ ਕੋਈ ਇਲਮ ਨਹੀਂ ਹੋਣ ਦਿੱਤਾ ਗਿਆ। ਤੇ ਹੁਣ ਜਦੋਂ ਉਨ੍ਹਾਂ 4 ਸ਼ਹੀਦ ਹੋਏ ਸਿੱਖ ਨੌਜਵਾਨਾਂ ਵਿੱਚੋਂ ਇੱਕ ਦੇ ਪਰਿਵਾਰ ਵਾਲਿਆਂ ਨੇ ਇਹ ਰਿਪੋਰਟ ਲੈਣ ਲਈ ਮੁਹਿੰਮ ਛੇੜੀ ਤਾਂ ਸਰਕਾਰ ਨੇ ਕਹਿ ਦਿੱਤਾ ਕਿ ਇਹ ਰਿਪੋਰਟ ਤਾਂ ਸੰਨ 2001 ਵਿੱਚ ਹੀ ਵਿਧਾਨ ਸਭਾ ਅੰਦਰ ਪੇਸ਼ ਹੋ ਚੁੱਕੀ ਹੈ।

- Advertisement -

ਹੁਣ ਹਾਲਾਤ ਇਹ ਹਨ, ਕਿ ਜਿੱਥੇ ਨਕੋਦਰ ਕਾਂਡ ਵਿੱਚ ਮਾਰੇ ਗਏ ਚਾਰ ਗੁਰਸਿੱਖ ਨੌਜਵਾਨਾਂ ਦੇ ਪਰਿਵਾਰ 33 ਸਾਲ ਬਾਅਦ ਅੱਜ ਵੀ ਇੰਨਸਾਫ ਲਈ ਦਰ-ਦਰ ਭਟਕ ਰਹੇ ਹਨ, ਉੱਥੇ ਪੀੜਤ ਪਰਿਵਾਰਾਂ ਦੇ ਜਖਮਾਂ ‘ਤੇ ਮੱਲਮ ਲਾਉਣ ਦੀ ਬਜਾਏ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤਾ ਗਿਆ ਇਹ ਬਿਆਨ ਉਨ੍ਹਾਂ ਸੁਣਨ ਵਾਲਿਆਂ ਦੇ ਮਨਾਂ ਅੰਦਰ ਹੋਰ ਗੁੱਸਾ ਭਰ ਗਿਆ, ਜੋ ਇਹ ਕਹਿੰਦੇ ਆਏ ਹਨ, ਕਿ ਸਿੱਖਾਂ ਨਾਲ ਨਾ ਪੰਜਾਬ ਦੀਆਂ ਸਰਕਾਰਾਂ ਨੇ ਇਨਸਾਫ ਕੀਤਾ ਹੈ, ਤੇ ਨਾ ਕੇਂਦਰ ਦੀਆਂ ਸਰਕਾਰਾਂ ਨੇ। ਚੋਣਾਂ ਮੌਕੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਇਆ ਅਜਿਹਾ ਬਿਆਨ ਸੁਖਬੀਰ ਬਾਦਲ ਦੇ ਉਨ੍ਹਾਂ ਸਮਰਥਕਾਂ ਦੇ ਉਸ ਭਰੋਸੇ ਨੂੰ ਵੀ ਚਕਨਾਚੂਰ ਕਰ ਸਕਦਾ ਹੈ, ਜੋ ਹਮੇਸ਼ਾ ਇਹ ਸੋਚਦੇ ਆਏ ਹਨ, ਕਿ ਜੇਕਰ ਕਿਤੇ ਗੜਬੜ ਵੀ ਹੋਈ ਤਾਂ ਉਨ੍ਹਾਂ ਕੋਲ ਪ੍ਰਕਾਸ਼ ਸਿੰਘ ਬਾਦਲ ਵਰਗਾ ਇੱਕ ਅਜਿਹਾ ਆਗੂ ਹੈ ਜੋ ਸਾਰੀਆਂ ਗੜਬੜਾਂ ਨੂੰ ਹੀ ਪਲਕ ਝਪਕਦੇ ਠੀਕ ਕਰ ਲੈਂਦਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਇਸ ਬਿਆਨ ਨਾਲ ਪੈਦਾ ਹੋਈ ਗੜਬੜ ਨੂੰ ਕੌਣ ਠੀਕ ਕਰਦਾ ਹੈ? ਕਿਉਂਕਿ ਵਿਰੋਧੀ ਹਮੇਸ਼ਾ ਮੌਕੇ ਦੀ ਤਾਕ ‘ਚ ਰਹਿੰਦੇ ਹਨ ਤੇ ਬੇਅਦਬੀ ਤੇ ਗੋਲੀ ਕਾਂਡ ਦੀਆਂ ਘਟਨਾਵਾਂ ਵਰਗੇ ਮੌਕੇ ਜਿਨ੍ਹਾਂ ਵਿਰੋਧੀਆਂ ਦੇ ਹੱਥਾਂ ਵਿੱਚ ਪਹਿਲਾਂ ਹੀ ਹੋਣ, ਉਨ੍ਹਾਂ ਵਿਰੋਧੀਆਂ ਦੇ ਪੈਰਾਂ ਹੇਠ ਵੱਡੇ ਬਾਦਲ ਦਾ ਇਹ ਬਿਆਨ, ਇੱਕ ਬਟੇਰ ਆਈ ਹੀ ਮੰਨਿਆ ਜਾਵੇਗਾ।

Share this Article
Leave a comment