ਅਕਾਲੀਆਂ ਦੀ ਕੋਰ ਕਮੇਟੀ ‘ਚ ਪੈ ਗਿਆ ਰੌਲਾ, ਵੋਟਾਂ ਮੋਦੀ ਦੇ ਨਾਂ ਨੂੰ ਪਈਆਂ, ਮਨਪ੍ਰੀਤ ਨੇ ਵੀ ਲਾ ਤੀ ਮੋਹਰ

TeamGlobalPunjab
6 Min Read

ਚੰਡੀਗੜ੍ਹ : 23 ਮਈ ਵਾਲੇ ਦਿਨ ਜਦੋਂ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆਏ ਤਾਂ ਬੇਅਦਬੀ ਅਤੇ ਗੋਲੀ ਕਾਂਡ ਮਸਲਿਆਂ ‘ਤੇ ਅਕਾਲੀਆਂ ਦਾ ਵਿਰੋਧ ਕਰਨ ਅਤੇ ਇਨ੍ਹਾਂ ਮਸਲਿਆਂ ‘ਤੇ ਰਾਜਨੀਤੀ ਕਰਨ ਵਾਲੇ ਲੋਕਾਂ ਦੀ ਇਹ ਦੇਖ ਕੇ ਮੱਤ ਮਾਰੀ ਗਈ ਕਿ ਇੰਨੇ ਵਿਰੋਧ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਡੇਢ ਪ੍ਰਤੀਸ਼ਤ ਤੱਕ ਕਿਸ ਤਰ੍ਹਾਂ ਵਧ ਗਿਆ, ਤੇ ਉਹ ਕਿਸ ਤਰ੍ਹਾਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਮਿਲੀਆਂ 15 ਸੀਟਾਂ ਦੇ ਮੁਕਾਬਲੇ ਇਸ ਵਾਰ 21 ਵਿਧਾਨ ਸਭਾ ਖੇਤਰਾਂ ਵਿੱਚੋਂ ਅਕਾਲੀ ਜਿੱਤ ਹਾਸਲ ਕਰਨ ਲਈ ਕਾਮਯਾਬ ਹੋ ਗਈ ਹੈ, ਪਰ ਪਤਾ ਲੱਗੈ ਕਿ ਅਕਾਲੀ ਦਲ ਦੀ ਕੋਰ ਕਮੇਟੀ ਦੀ ਹੋਈ ਮੀਟਿੰਗ ਵਿੱਚ ਜਦੋਂ ਸੀਟਾਂ ਦੀ ਜਿੱਤ ਹਾਰ ਦਾ ਵਿਸ਼ਲੇਸ਼ਣ ਕੀਤਾ ਗਿਆ ਤਾਂ ਉੱਥੇ ਕੁਝ ਹਾਰਨ ਵਾਲੇ ਅਕਾਲੀ ਆਗੂਆਂ ਨੇ ਆਪ ਮੰਨਿਆ ਕਿ ਇਸ ਵਾਰ ਪਾਰਟੀ ਨੂੰ ਵੋਟਾਂ ਪਿੰਡਾਂ ਦੇ ਮੁਕਾਬਲੇ ਸ਼ਹਿਰਾਂ ਵਿੱਚ ਵਧ ਪਈਆਂ ਹਨ, ਤੇ ਇਹ ਵੋਟਾਂ ਇਨ੍ਹਾਂ ਇਲਾਕਿਆਂ ਦੇ ਹਿੰਦੂ ਵੋਟਰਾਂ ਨੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਪਾਈਆਂ ਹਨ। ਜਦਕਿ ਪਿੰਡਾਂ  ਵਿੱਚ ਵੋਟਾਂ ਘਟਣ ਦਾ ਕਾਰਨ ਕਿਸਾਨਾਂ ਦੀ ਨਰਾਜ਼ਗੀ ਅਤੇ ਬੇਅਦਬੀ ਤੇ ਗੋਲੀ ਕਾਂਡ ਦੀਆਂ ਘਟਨਾਵਾਂ ਨੂੰ ਮੰਨਿਆ ਗਿਆ ਹੈ। ਇੱਥੇ ਹੀ ਬੱਸ ਨਹੀਂ ਇਸ ਗੱਲ ਦੀ ਪੁਸ਼ਟੀ ਇੱਕ ਪੱਤਰਕਾਰ ਸੰਮੇਲਨ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਵੀ ਕੀਤੀ ਹੈ ਕਿ ਸ਼ਹਿਰੀ ਖੇਤਰਾਂ ਵਿੱਚ ਕਾਂਗਰਸ ਦੀ ਹਾਰ ਦਾ ਕਾਰਨ ਮੋਦੀ ਲਹਿਰ ਸੀ। ਇਨ੍ਹਾਂ ਤੱਥਾਂ ਦੇ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਡੂੰਘੀਆਂ ਚਿੰਤਾਵਾਂ ‘ਚ ਡੁੱਬਦੇ ਹੋਏ ਇਹ ਸੋਚਣ ਲੱਗ ਪਏ ਹਨ ਕਿ ਜੇ ਆਉਣ ਵਾਲੇ ਸਮੇਂ ਵਿੱਚ ਬੀਜੇਪੀ ਦਾ ਪੰਜਾਬ ਵਿੱਚ ਅਧਾਰ ਵਧਿਆ ਤਾਂ ਨਾ ਸਿਰਫ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ ‘ਤੇ ਚਲੀ ਜਾਏਗੀ, ਬਲਕਿ ਇਸ ਦਾ ਅਸਰ ਸੀਟਾਂ ਦੀ ਵੰਡ ਵੇਲੇ ਅਕਾਲੀ ਭਾਜਪਾ ਗੱਠਜੋੜ ‘ਤੇ ਵੀ ਪਏਗਾ ਜਿਸ ਨਾਲ ਅਕਾਲੀ ਦਲ ਰਾਸ਼ਟਰੀ ਪੱਧਰ ‘ਤੇ ਬੀਜੇਪੀ ਦੀ ਭਾਈਵਾਲੀ ਗਵਾ ਕੇ ਕਮਜੋਰ ਹੋ ਸਕਦੀ ਹੈ।

ਸੂਤਰਾਂ ਅਨੁਸਾਰ ਇਸ ਮੀਟਿੰਗ ਵਿੱਚ ਲੁਧਿਆਣਾ, ਫ਼ਰੀਦਕੋਟ, ਫਤਹਿਗੜ੍ਹ ਸਾਹਿਬ ਅਤੇ ਖਡੂਰ ਸਾਹਿਬ ਹਲਕੇ ਤੋਂ ਦਰਬਾਰਾ ਸਿੰਘ ਗੁਰੂ, ਗੁਲਜ਼ਾਰ ਸਿੰਘ ਰਣੀਕੇ, ਮਹੇਸ਼ ਇੰਦਰ ਸਿੰਘ ਗਰੇਵਾਲ ਅਤੇ ਬੀਬੀ ਜਗੀਰ ਕੌਰ ਵਰਗੇ ਆਗੂਆਂ ਨੇ ਵੀ ਆਪਣੀ ਹਾਰ ਦਾ ਕਾਰਨ ਪਿੰਡਾਂ ਵਿੱਚ ਅਕਾਲੀ ਦਲ ਦੇ ਵੋਟ ਬੈਂਕ ਦਾ ਘਟਨਾ ਮੰਨਿਆ ਹੈ ਤੇ ਇਸ ਦੇ ਨਾਲ ਹੀ ਇਨ੍ਹਾਂ ਆਗੂਆਂ ਨੇ ਵੀ ਆਪਣੇ ਹਲਕੇ ਵਿੱਚ ਪੈਂਦੇ ਸ਼ਹਿਰਾਂ ਵਿੱਚੋਂ ਵਧ ਵੋਟਾਂ ਪੈਣ ਦੀ ਗੱਲ ਆਖੀ ਹੈ। ਜਿੱਥੇ ਅਕਾਲੀ ਆਗੂਆਂ ਨੇ ਪਿੰਡਾਂ ‘ਚ ਵੋਟ ਬੈਂਕ ਘਟਣ ‘ਤੇ ਚਿੰਤਾ ਜਾਹਰ ਕੀਤੀ ਹੈ, ਉੱਥੇ ਦੂਜੇ ਪਾਸੇ ਸ਼ਹਿਰਾਂ ਅੰਦਰ ਬੀਜੇਪੀ ਦੇ ਖਾਤੇ ਵਿੱਚੋਂ ਵੱਧ ਵੋਟਾਂ ਪਾਏ ਜਾਣ ਨੂੰ ਵੀ ਖਤਰੇ ਦੀ ਘੰਟੀ ਮੰਨਿਆ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਅਕਾਲੀ ਆਗੂਆਂ ਦਾ ਇਹ ਮੰਨਣਾ ਹੈ, ਕਿ ਜੇਕਰ ਬੀਜੇਪੀ ਦਾ ਵੋਟ ਬੈਂਕ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਉਹ ਆਉਣ ਵਾਲੀਆਂ ਚੋਣਾਂ ਦੌਰਾਨ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੋਂ ਚੋਣ ਲੜਨ ਲਈ ਵੱਧ ਸੀਟਾਂ ਦੀ ਮੰਗ ਕਰੇਗੀ। ਅਜਿਹੇ ਵਿੱਚ ਜੇਕਰ ਅਕਾਲੀ ਦਲ ਬੀਜੇਪੀ ਨੂੰ ਵੱਧ ਸੀਟਾਂ ਦਿੰਦੀ ਹੈ ਤਾਂ ਪੰਜਾਬ ਵਿੱਚ ਉਸ ਦਾ ਆਪਣਾ ਅਧਾਰ ਘਟਦਾ ਹੈ ਤੇ ਜੇਕਰ ਬੀਜੇਪੀ ਦੀ ਮੰਗ ਪੂਰੀ ਨਹੀਂ ਹੁੰਦੀ ਤਾਂ ਭਾਜਪਾ ਨਾਲ ਗੱਠਜੋੜ ਟੁੱਟ ਸਕਦਾ ਹੈ।

ਬੀਜੇਪੀ ਵੱਲੋਂ ਪੰਜਾਬ ਵਿੱਚ ਵੱਧ ਸੀਟਾਂ ਮੰਗੇ ਜਾਣ ਦਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਵਾਰ ਸੂਬੇ ‘ਚ 10 ਸੀਟਾਂ ‘ਤੇ ਚੋਣ ਲੜੀ ਜਿਸ ਵਿੱਚੋਂ ਪਾਰਟੀ ਦੀ 8 ਸੀਟਾਂ ‘ਤੇ ਹਾਰ ਹੋਈ, ਪਰ ਬੀਜੇਪੀ ਨੇ ਪੰਜਾਬ ‘ਚ 3 ਸੀਟਾਂ ‘ਤੇ ਚੋਣ ਲੜੀ ਜਿਸ ਵਿੱਚੋਂ ਇਹ ਪਾਰਟੀ 2 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੀ। ਲਿਹਾਜਾ ਇੱਥੇ ਭਾਰਤੀ ਜਨਤਾ ਪਾਰਟੀ ਕੋਲ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਤੋਂ ਵੱਧ ਸੀਟਾਂ ਦੀ ਮੰਗ ਰੱਖਣ ਦਾ ਠੋਸ ਅਧਾਰ ਹੈ।

ਉੱਧਰ ਮਨਪ੍ਰੀਤ ਬਾਦਲ ਦੀ ਮੰਨੀਏ ਤਾਂ ਸ਼ਹਿਰਾਂ ਵਿੱਚੋਂ ਕਾਂਗਰਸ ਦੀ ਹਾਰ ਦਾ ਕਾਰਨ ਵੀ ਮੋਦੀ ਲਹਿਰ ਹੈ। ਮਨਪ੍ਰੀਤ ਦਾ ਵੀ ਇਹੋ ਕਹਿਣਾ ਹੈ ਕਿ ਸ਼ਹਿਰਾਂ ਵਿੱਚੋਂ ਕਾਂਗਰਸ ਪਾਰਟੀ ਦੇ ਵੋਟ ਬੈਂਕ ਨੂੰ ਮੋਦੀ ਲਹਿਰ ਨੇ ਖੋਰਾ ਲਾਇਆ ਹੈ, ਜਿਸ ਗੱਲ ‘ਤੇ ਗੰਭੀਰਤਾ ਨਾਲ ਵਿਚਾਰ ਕੀਤੇ ਜਾਣ ਦੀ ਲੋੜ ਹੈ।

- Advertisement -

ਇੱਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿੱਪ ਇਹ ਗੱਲ ਤਾਂ ਮੰਨਣ ਨੂੰ ਤਿਆਰ ਹੈ ਕਿ ਵੋਟਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਨੂੰ ਮੰਗੀਆਂ ਵੀ ਗਈਆਂ ਤੇ ਪਈਆਂ ਵੀ ਹਨ, ਪਰ ਇਹ ਮੰਨਣ ਲਈ ਤਿਆਰ ਨਹੀਂ ਕਿ ਬੀਜੇਪੀ ਭਾਰਤੀ ਜਨਤਾ ਪਾਰਟੀ ਦੇ ਵੋਟ ਬੈਂਕ ਨੂੰ ਖੋਰਾ ਲਾ ਰਹੀ ਹੈ। ਅਕਾਲੀ ਲੀਡਰਸ਼ਿੱਪ ਦਾ ਇਹ ਮੰਨਣਾ ਹੈ ਕਿ ਬੀਜੇਪੀ ਦਾ ਜ਼ਿਆਦਾਤਰ ਵੋਟ ਬੈਂਕ ਹਿੰਦੂ ਭਾਈਚਾਰਾ ਹੈ, ਤੇ ਜੇਕਰ ਧਰਮ ਦੇ ਅਧਾਰ ‘ਤੇ ਵੋਟਾਂ ਦੀ ਵੰਡ ਹੁੰਦੀ ਹੈ ਤਾਂ ਇਹ ਵੰਡੀ ਗਈ ਵੋਟ ਬੀਜੇਪੀ ਦੇ ਨਾਲ ਨਾਲ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੀ ਜਾਏਗੀ। ਇਸ ਲਈ ਇਹ ਕਹਿਣਾ ਠੀਕ ਨਹੀਂ ਹੋਵੇਗਾ ਕਿ ਅਕਾਲੀ ਦਲ ਨਾਲੋਂ ਟੁੱਟਿਆ ਵੋਟ ਬੈਂਕ ਬੀਜੇਪੀ ਦੀ ਝੋਲੀ ਪੈ ਗਿਆ ਹੈ।

ਇਨ੍ਹਾਂ ਹਾਲਾਤਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵਾਲੇ ਜਿੱਥੇ ਇਹ ਦੇਖ ਕੇ ਖੁਸ਼ ਹਨ ਕਿ ਇਸ ਵਾਰ ਦੀਆਂ ਚੋਣਾਂ ਦੌਰਾਂਨ ਉਨ੍ਹਾਂ ਦਾ ਵੋਟ ਬੈਂਕ ਸਾਲ 2017 ਦੇ ਮੁਕਾਬਲੇ 1.5 ਫੀਸਦ ਦੇ ਕਰੀਬ ਵਧਿਆ ਹੈ, ਉੱਥੇ ਦੂਜੇ ਪਾਸੇ ਅਕਾਲੀ ਦਲ ਦੇ ਸਮਰਥਕ ਇਸ ਗੱਲ ‘ਤੇ ਵੀ ਚਿੰਤਤ ਹਨ ਕਿ ਵੋਟ ਬੈਂਕ ਵਧਣ ਦਾ ਕਾਰਨ ਬੀਜੇਪੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਅਜਿਹੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਜਿਹਾ ਕੀ ਕਰਦਾ ਹੈ ਜਿਸ ਨਾਲ ਉਹ ਆਪਣਾ ਖੁਰਦਾ ਹੋਇਆ ਵੋਟ ਬੈਂਕ ਵੀ ਬਚਾ ਸਕੇ ਤੇ ਬੀਜੇਪੀ ਨਾਲ ਭਾਈਵਾਲੀ ਵੀ ਕਿਉਂਕਿ ਜੇਕਰ ਅਜਿਹਾ ਨਾ ਹੋਇਆ ਤਾਂ ਫਿਰ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿੱਚ ਸਿਰਫ ਦੋ ਹੀ ਮੁੱਖ ਪਾਰਟੀਆਂ ਬਚਣਗੀਆਂ ਕਾਂਗਰਸ ਅਤੇ ਬੀਜੇਪੀ।

Share this Article
Leave a comment