• 1:56 pm
Go Back

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਛੋਟੀ ਬੇਟੀ ਗੁਰਲੀਨ ਕੌਰ ਨੂੰ ਚੋਣ ਅਧਿਕਾਰੀਆਂ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕੀਤੇ ਜਾਣ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਅਧਿਕਾਰੀਆਂ ਅਨੁਸਾਰ ਨੋਟਿਸ ਦਾ ਜਵਾਬ ਆਉਣ ‘ਤੇ ਹੀ ਅਗਲੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।

ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਇੱਕ ਚੋਣ ਅਧਿਕਾਰੀ ਨੇ ਦੱਸਿਆ, ਕਿ ਇਹ ਨੋਟਿਸ ਗੁਰਲੀਨ ਕੌਰ ਨੂੰ ਇਸ ਲਈ ਜਾਰੀ ਕੀਤਾ ਗਿਆ ਹੈ, ਕਿਉਂਕਿ ਜਿਸ ਵੇਲੇ ਗੁਰਲੀਨ ਬਠਿੰਡਾ ਲੋਕ ਸਭਾ ਹਲਕਾ ‘ਚ ਪੈਂਦੇ ਮੁਕਤਸਰ ਦੇ ਇੱਕ ਪੋਲਿੰਗ ਬੂਥ ਵਿੱਚ ਆਪਣੀ ਵੋਟ ਪਾਉਣ ਗਈ ਤਾਂ ਉਸ ਵੇਲੇ ਉਸ ਨੇ ਅਕਾਲੀ ਦਲ ਦਾ ਬਿੱਲਾ ਲਾਇਆ ਹੋਇਆ ਸੀ। ਅਧਿਕਾਰੀ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਇਹ ਕਾਰਵਾਈ ਮੌਕੇ ਤੋਂ ਜਾਰੀ ਹੋਈਆਂ ਵੀਡੀਓ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਅਮਲ ਵਿੱਚ ਲਿਆਂਦੀ ਹੈ। ਜਿਸ ਵਿੱਚ ਪਤਾ ਲਗਦਾ ਹੈ ਕਿ ਗੁਰਲੀਨ ਨੇ ਅਕਾਲੀ ਦਲ ਦਾ ਬਿੱਲਾ ਲਾਇਆ ਹੋਇਆ ਹੈ।

ਮੁਕਤਸਰ ਦੇ ਡੀਸੀ ਐਮ ਕੇ ਅਰਵਿੰਦ ਕੁਮਾਰ ਅਨੁਸਾਰ ਉਨ੍ਹਾਂ ਨੇ ਵੀਡੀਓ ਤਸਵੀਰਾਂ ਦੇ ਅਧਾਰ ‘ਤੇ ਗੁਰਲੀਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ, ਤੇ ਇਸ ਦਾ ਜਵਾਬ ਆਉਣ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਜਦਕਿ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਐਸ ਕਰੁਣਾ ਰਾਜੂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਅਜੇ ਤੱਕ ਰਿਪੋਰਟ ਨਹੀਂ ਮਿਲੀ।

Facebook Comments
Facebook Comment