• 1:10 pm
Go Back

ਪਟਿਆਲਾ ਅਤੇ ਰਾਜਸਥਾਨ ਪੁਲਿਸ ਨੇ ਇੱਕ ਗੁਰਦੁਆਰੇ ਚੋਂ ਗ੍ਰਿਫਤਾਰ ਕਰਨ ਦਾ ਕੀਤਾ ਦਾਅਵਾ

ਪਟਿਆਲਾ : ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਾਰਨ ਦੀ ਸਾਜਿਸ਼ ਰਚਣ ਦਾ ਦੋਸ਼ ਸਹਿ ਰਹੇ ਜਰਮਨ ਸਿੰਘ ਨੂੰ ਪਟਿਆਲਾ ਅਤੇ ਰਾਜਸਥਾਨ ਪੁਲਿਸ ਨੇ ਇੱਕ ਸਾਂਝੇ ਉਪਰੇਸ਼ਨ ਦੌਰਾਨ ਗ੍ਰਿਫਤਾਰ ਕਰ ਲਿਆ ਹੈ। ਯੂ.ਪੀ. ਦੇ ਰਹਿਣ ਵਾਲੇ ਜਰਮਨ ਸਿੰਘ ਦਾ ਸਬੰਧ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਦੱਸਿਆ ਜਾਂਦਾ ਹੈ ਜਿਸ ਦੇ ਕੁਝ ਸਾਥੀਆਂ ਨੂੰ ਐਤਵਾਰ ਅਤੇ ਸੋਮਵਾਰ ਦੀ ਰਾਤ ਨੂੰ ਯੂ.ਪੀ. ਪੁਲਿਸ ਨੇ ਇੱਕ ਮੁਕਾਬਲੇ ਦੌਰਾਨ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰੀ ਤੋਂ ਬਾਅਦ ਹੀ ਇਹ ਖੁਲਾਸਾ ਹੋਇਆ ਸੀ ਕਿ ਜਰਮਨ ਸਿੰਘ ਹੀ ਉਹ ਸਖਸ਼ ਸੀ ਜੋ ਕਿ ਵੱਡੇ ਬਾਦਲ ਨੂੰ ਮਾਰਨਾ ਚਾਹੁੰਦਾ ਸੀ ਤੇ ਫੜੇ ਗਏ ਸਖਸ਼ ਉਸਦੀ ਮਦਦ ਕਰ ਰਹੇ ਸਨ।

ਮਿਲੀ ਜਾਣਕਾਰੀ ਅਨੁਸਾਰ ਜਰਮਨ ਸਿੰਘ ਨੂੰ ਗ੍ਰਿਫਤਾਰ ਕਰਨ ਵਿੱਚ ਪੰਜਾਬ ਪੁਲਿਸ ਦੀਆਂ ਸੂਹੀਆਂ ਏਜੰਸੀਆਂ ਨੇ ਪੂਰਾ ਜ਼ੋਰ ਲਾ ਰੱਖਿਆ ਸੀ ਤੇ ਜਿਉਂ ਹੀ ਉਨ੍ਹਾਂ ਨੂੰ ਮਿਲੀ ਜਾਣਕਾਰੀ ਤੇ ਯਕੀਨ ਹੋ ਗਿਆ ਤਾਂ ਸੂਹੀਆ ਵਿੰਗ ਨੇ ਇਹ ਜਾਣਕਾਰੀ ਅੱਗੇ ਪਟਿਆਲਾ ਪੁਲਿਸ ਨਾਲ ਸਾਂਝੀ ਕੀਤੀ ਜਿਸ ਨੇ ਰਾਜਸਥਾਨ ਪੁਲਿਸ ਨਾਲ ਮਿਲ ਕੇ ਜਰਮਨ ਸਿੰਘ ਨੂੰ ਰਾਜਸਥਾਨ ਸਥਿਤ ਬੀਕਾਨੇਰ ਸ਼ਹਿਰ ਦੇ ਇੱਕ ਕੋਲਾਇਤ ਇਲਾਕੇ ਵਿੱਚ ਸਥਿਤ ਗੁਰਦੁਆਰੇ ਵਿਚੋਂ ਗ੍ਰਿਫਤਾਰ ਕਰ ਲਿਆ। ਪੁਲਿਸ ਅਧਿਕਾਰੀਆਂ ਅਨੁਸਾਰ ਉਹ ਹੁਣ ਜਰਮਨ ਸਿੰਘ ਤੋਂ ਇਹ ਪੁੱਛ ਪੜਤਾਲ ਕਰੇਗੀ ਕਿ ਉਹ ਬਾਦਲਾਂ ਨੂੰ ਕਿਉਂ ਮਾਰਨਾ ਚਾਹੁੰਦਾ ਸੀ? ਉਸਦੇ ਪੰਜਾਬ ਵਿੱਚ ਹੋਰ ਕਿਹੜੇ ਕਿਹੜੇ ਸੰਪਰਕ ਹਨ? ਉਹ ਜ਼ੁਰਮ ਦੀ ਦੁਨੀਆਂ ਵਿੱਚ ਕਿਵੇਂ ਆ ਗਿਆ? ਜਿਹੜੇ ਲੋਕ ਪੁਲਿਸ ਨੇ ਮੁਕਾਬਲੇ ਦੌਰਾਨ ਫੜੇ ਹਨ ਉਹ ਲੋਕ ਉਸ ਦੇ ਸੰਪਰਕ ਵਿੱਚ ਕਿਵੇਂ ਆਏ? ਕੀ ਜਰਮਨ ਸਿੰਘ ਨੂੰ ਵੱਡੇ ਬਾਦਲ ਦੀ ਹੱਤਿਆ ਲਈ ਕੁਝ ਵਿਦੇਸ਼ੀ ਤਾਕਤਾਂ ਨੇ ਉਕਸਾਇਆ ਸੀ? ਕੀ ਉਹ ਵਿਦੇਸ਼ੀ ਤਾਕਤਾਂ ਤੋਂ ਕੁਝ ਧਨ ਵੀ ਲੈ ਚੁੱਕਿਆ ਹੈ? ਜੇ ਲਿਆ ਹੈ ਤਾਂ ਉਹ ਧਨ ਕਿਹੜੇ ਮਾਧਿਅਮ ਰਾਹੀਂ ਆਇਆ ਸੀ?

ਭਾਵੇਂ ਕਿ ਇਸ ਸਬੰਧ ਵਿੱਚ ਕੋਈ ਵੀ ਪੁਲਿਸ ਅਧਿਕਾਰੀ ਕੁਝ ਬੋਲਣ ਨੂੰ ਤਿਆਰ ਨਹੀਂ ਹੈ ਪਰ ਇਸਦੇ ਬਾਵਜੂਦ ਮੀਡੀਆ ਇਸ ਗੱਲ ਨੂੰ ਜਾਣਨ ਲਈ ਉਤਸੁਕ ਹੈ ਕਿ ਪੰਜਾਬ ਏਟੀਐਸ ਦੀ ਸੂਚਨਾ ਤੇ ਬੀਕਾਨੇਰ ਦੇ ਥਾਣਾ ਬੀਛਵਾਲ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਜਰਮਨ ਸਿੰਘ ਕੋਲੋਂ ਕੀ ਕੀ ਬਰਾਮਦਗੀਆਂ ਹੋਈਆਂ ਹਨ ਤੇ ਜਿਸ ਵੇਲੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਵੇਲੇ ਜਰਮਨ ਸਿੰਘ ਦੇ ਨਾਲ ਹੋਰ ਕੌਣ ਸੀ ਤੇ ਉਹ ਕੀ ਕਰ ਰਿਹਾ ਸੀ?

ਉਧਰ ਦੂਜੇ ਪਾਸੇ ਬੀਕਾਨੇਰ ਦੇ ਬੀਛਵਾਲ ਥਾਣੇ ਤੋਂ ਹਾਸਲ ਹੋਈਆਂ ਜਾਣਕਾਰੀਆਂ ਅਨੁਸਾਰ ਪੁਲਿਸ ਨੇ ਜਰਮਨ ਸਿੰਘ ਦੇ ਨਾਲ 6-7 ਹੋਰ ਲੋਕਾਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿਛ ਕਰਨ ਲਈ ਇਸ ਥਾਣੇ ਵਿੱਚ ਵੱਡੇ ਵੱਡੇ ਪੁਲਿਸ ਅਧਿਕਾਰੀ ਪਹੁੰਚ ਰਹੇ ਹਨ। ਖਬਰ ਹੈ ਕਿ ਜਰਮਨ ਸਿੰਘ ਨੂੰ ਗ੍ਰਿਫਤਾਰ ਕਰਨ ਗਈ ਪੰਜਾਬ ਪੁਲਿਸ ਦੀ ਇੱਕ ਟੁਕੜੀ ਵੀ ਅਜੇ ਉਸ ਬੀਛਵਾਲ ਥਾਣੇ ਵਿੱਚ ਮੌਜੂਦ ਹੈ ਜਿੱਥੇ ਜਰਮਨ ਸਿੰਘ ਅਤੇ ਉਸ ਨਾਲ ਹਿਰਾਸਤ ਵਿਚ ਲਏ ਗਏ ਲੋਕਾਂ ਨੂੰ ਰੱਖਿਆ ਗਿਆ ਹੈ। ਇੱਥੇ ਵੀ ਅਜੇ ਤੱਕ ਕਿਸੇ ਪੁਲਿਸ ਅਧਿਕਾਰੀ ਨੇ ਜਰਮਨ ਸਿੰਘ ਬਾਰੇ ਕੁਝ ਵੀ ਖੁਲਾਸਾ ਨਹੀਂ ਕੀਤਾ ਹੈ।

ਦੱਸ ਦੇਈਏ ਕਿ ਬੀਤੇ ਦਿਨੀਂ ਯੂ.ਪੀ. ਦੇ ਸ਼ਾਮਲੀ ਇਲਾਕੇ ਵਿਚੋਂ ਕੁਝ ਲੋਕਾਂ ਨੇ ਪੁਲਿਸ ਦੀ ਇੱਕ ਟੁਕੜੀ ਤੋਂ ਇੰਨਸਾਸ ਰਾਈਫਲ ਲੁੱਟ ਲਈ ਸੀ ਤੇ ਦੋਸ਼ ਹੈ ਕਿ ਇਸੇ ਰਾਈਫਲ ਨਾਲ ਪ੍ਰਕਾਸ਼ ਸਿੰਘ ਬਾਦਲ ਨੂੰ 7 ਅਕਤੂਬਰ ਨੂੰ ਪਟਿਆਲਾ ਵਿਖੇ ਹੋਣ ਵਾਲੀ ਰੈਲੀ ਦੌਰਾਨ ਮਾਰ ਦੇਣ ਦੀ ਸਾਜਿਸ਼ ਸੀ। ਪੁਲਿਸ ਸੂਤਰਾਂ ਅਨੁਸਾਰ ਇਨ੍ਹਾਂ ਲੋਕਾਂ ਨੇ ਇੰਨਸਾਸ ਰਾਈਫਲ ਇਸ ਲਈ ਲੁੱਟੀ ਸੀ ਕਿਉਂਕਿ ਇਸ ਰਾਈਫਲ ਦੀ ਮਾਰ ਪੌਣਾ ਕਿਲੋਮੀਟਰ ਦੂਰ ਤੱਕ ਹੁੰਦੀ ਹੈ ਤੇ ਇਹ ਸਿਰਫ਼ ਸੁਰੱਖਿਆ ਅਮਲੇ ਨੂੰ ਹੀ ਮੁਹੱਈਆ ਕਰਵਾਈ ਜਾਂਦੀ ਹੈ। ਪੁਲਿਸ ਅਨੁਸਾਰ ਇਸ ਰਾਈਫਲ ਨੂੰ ਲੁੱਟੇ ਜਾਣ ਦਾ ਮਕਸਦ ਇਹ ਸੀ ਕਿ ਰੈਲੀ ਵਾਲੇ ਦਿਨ ਪ੍ਰਕਾਸ਼ ਸਿੰਘ ਬਾਦਲ ਨੂੰ ਪੌਣਾ ਕਿਲੋਮੀਟਰ ਦੂਰ ਤੋਂ ਨਿਸ਼ਾਨਾ ਬਣਾਇਆ ਜਾ ਸਕੇ। ਦੋਸ਼ ਹੈ ਕਿ ਇਹ ਰਾਈਫਲ ਕਿਸੇ ਟਰੱਕ ਰਾਹੀਂ ਜਰਮਨ ਸਿੰਘ ਤੱਕ ਪਹੁੰਚਾਈ ਜਾਣੀ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਸੂਚਨਾ ਯੂ.ਪੀ. ਪੁਲਿਸ ਦੇ ਹੱਥ ਲੱਗ ਗਈ ਜਿਨ੍ਹਾਂ ਨੇ ਇੱਕ ਸੰਖੇਪ ਜਿਹੇ ਮੁਕਾਬਲੇ ਤੋਂ ਬਾਅਦ ਕੁਝ ਉਨ੍ਹਾਂ ਬਦਮਾਸ਼ਾਂ ਨੂੰ ਫੜ ਲਿਆ ਜਿਨ੍ਹਾਂ ਦਾ ਸਬੰਧ ਜਰਮਨ ਸਿੰਘ ਨਾਲ ਦੱਸੇ ਜਾਂਦੇ ਹਨ।

Facebook Comments
Facebook Comment