• 11:09 am
Go Back

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੰਗਰ ‘ਤੇ ਕੇਂਦਰ ਸਰਕਾਰ ਵੱਲੋਂ ਲਗਾਏ ਗਏ ਜੀਐਸਟੀ ਹਟਾਉਣ ਲਈ ਰੋਸਾ ਕਰਨ ਦੀ ਵਜਾਏ ਤਰਲਾ ਕਰਕੇ ਹੀ ਸਾਰਿਆ। ਦਰਅਸਲ ਮੁਲਕ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਹਿਮ ਸਿੱਖ ਮੁੱਦੇ ਚੁੱਕੇ ਗਏ। ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਲੰਗਰ ਤੋਂ ਜੀਐਸਟੀ ਹਟਾਉਣ ਦੀ ਮੰਗ ਕੀਤੀ ਗਈ ਅਤੇ ਜੰਮੂ-ਕਸ਼ਮੀਰ ‘ਚ ਸਿੱਖ ਭਾਈਚਾਰੇ ਨੂੰ ਘੱਟ ਗਿਣਤੀ ਦਾ ਦਰਜਾ ਦੇਣ ਦੀ ਮੰਗ ਵੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਗੇ ਰੱਖੀ ਗਈ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ‘ਚ ਜੇਲ੍ਹ ‘ਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਮੁਆਫ਼ ਕਰਨ ਦੀ ਮੰਗ ਵੀ ਕੀਤੀ ਗਈ ਹੈ। ਰਾਜਨਾਥ ਸਿੰਘ ਵੱਲੋਂ ਵਿਚਾਰ ਕਰਨ ਤੋਂ ਬਾਅਦ ਇਹ ਮਾਮਲੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਜੀਐਸਟੀ ਸਮੇਤ ਸਿੱਖਾਂ ਅਤੇ ਘੱਟ ਗਿਣਤੀਆਂ ਨਾਲ ਹੁੰਦੇ ਕਈ ਮਾਮਲਿਆਂ ਨੂੰ ਲੈ ਕੇ ਵੱਖੋ-ਵੱਖ ਕੁੱਝ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਜਰੂਰ ਕੀਤਾ ਜਿਨ੍ਹਾਂ ਨੂੰ ਪੁਲਿਸ ਤੰਤਰ ਨੇ ਦਰਬਾਰ ਸਾਹਿਬ ਅਤੇ ਜਲਿਆਵਾਲੇ ਬਾਗ ਦੇ ਗਲਿਆਰੇ ਤੋਂ ਬਹੁਤ ਦੂਰ ਰੱਖਿਆ। ਦਰਬਾਰ ਸਾਹਿਬ ਆਏ ਸ਼ਰਧਾਲੂਆਂ ‘ਚ ਵੀ ਇਹ ਚਰਚਾ ਆਮ ਸੁਣੀ ਗਈ ਕਿ ਦਿੱਲੀ ‘ਚ ਅਕਾਲੀ ਦਲ ਮੋਦੀ ਸਰਕਾਰ ‘ਚ ਭਾਈਵਾਲ ਹੈ, ਨਾ ਉਹ ਲੰਗਰ ‘ਤੇ ਜੀਐਸਟੀ ਦਾ ਮੁੱਦਾ ਚੁੱਕਦੇ ਹਨ, ਨਾ ਸੱਤਾ ਚੋਂ ਬਾਹਰ ਆ ਕੇ ਰੋਸਾ ਪ੍ਰਗਟਾਉਦੇ ਹਨ, ਨਾ ਸ਼੍ਰੋਮਣੀ ਕਮੇਟੀ ਕੇਂਦਰ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦੀ ਹੈ, ਕਈ ਸ਼ਰਧਾਲੂਆਂ ਨੇ ਤਾਂ ਸਿੱਧੇ ਤੰਜ ਵੀ ਕੱਸੇ ਵੀ ਇਹ ਤਾਂ ਕੁਰਸੀਆਂ ਦੇ ਭੁੱਖੇ ਹਨ। ਇਸ ਸਭ ਦੇ ਦਰਮਿਆਨ ਸ਼੍ਰੋਮਣੀ ਕਮੇਟੀ ਵੱਲੋਂ ਸਿਰੋਪਾ ਪਾ ਕੇ ਰਾਜਨਾਥ ਸਿੰਘ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ, ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ, ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਤਰੁਣ ਚੁੱਘ, ਸਾਬਕਾ ਮੰਤਰੀ ਅਨਿਲ ਜੋਸ਼ੀ ਅਤੇ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਵੀ ਮੌਜੂਦ ਸਨ।

Facebook Comments
Facebook Comment