• 1:59 pm
Go Back

ਸੰਗਰੂਰ : ਇੰਨੀ ਦਿਨੀਂ ਕੁਝ ਅਜਿਹੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ, ਜਿਸ ਨੂੰ ਲੈ ਕੇ ਜਿੱਥੇ ਸੋਸ਼ਲ ਮੀਡੀਆ ‘ਤੇ ਲੋਕਾਂ ਦੀ ਆਪਸੀ ਸ਼ਬਦੀ ਜੰਗ  ਤੇਜੀ ਨਾਲ ਜਾਰੀ ਹੈ, ਉੱਥੇ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਕਾਨੂੰਨ ਦੇ ਰਖਵਾਲੇ ਵੀ ਤੇਜੀ ਨਾਲ ਹਰਕਤ ਵਿੱਚ ਆ ਗਏ ਹਨ।  ਜੀ ਹਾਂ, ਅਸੀਂ ਇੱਥੇ ਗੱਲ ਕਰ ਰਹੇ ਹਾਂ, ਲੋਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਪਾਈਆਂ ਗਈਆਂ ਉਹ ਤਸਵੀਰਾਂ ਸਬੰਧੀ, ਜਿਸ ਵਿੱਚ ਇਹ ਸਾਫ ਤੌਰ ‘ਤੇ ਦਿਖਾਈ ਦੇ ਰਿਹਾ ਹੈ ਕਿ ਵੋਟ ਪਾਉਣ ਲਈ ਉਂਗਲੀ ਕਿਹੜੀ ਪਾਰਟੀ ਦੇ ਉਮੀਦਵਾਰ ਅਗਲੇ ਬਟਨ ਨੂੰ ਦਬਾ ਰਹੀ ਹੈ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਬਰਨਾਲਾ ਪੁਲਿਸ ਨੇ ਪਹਿਲਾਂ ਹੀ ਕੁਝ ਅਗਿਆਤ ਵਿਅਕਤੀਆਂ ਵਿਰੁੱਧ ਪਰਚਾ ਦਰਜ਼ ਕੀਤਾ ਸੀ, ਪਰ ਇਸ ਦੇ ਬਾਵਜੂਦ ਭਗਵੰਤ ਮਾਨ ਨੇ ਵੀ ਉਹ ਹੀ ਤਸਵੀਰਾਂ ਆਪਣੇ ਫੇਸਬੁੱਕ ਪੇਜ਼ ‘ਤੇ ਸ਼ੇਅਰ ਕਰਕੇ ਵੋਟ ਪਾਉਣ ਵਾਲਿਆਂ ਦਾ ਧੰਨਵਾਦ ਕਰ ਦਿੱਤਾ, ਜਿਨ੍ਹਾਂ ਤਸਵੀਰਾਂ ਕਾਰਨ ਪੁਲਿਸ ਨੇ ਇਹ ਕਾਨੂੰਨੀ ਕਾਰਵਾਈ ਆਰੰਭੀ ਸੀ। ਮਾਨ ਵੱਲੋਂ ਵੋਟ ਪਾਉਣ ਦੀਆਂ ਤਸਵੀਰਾਂ ਆਪਣੇ ਫੇਸਬੁੱਕ ਪੇਜ਼ ‘ਤੇ ਸ਼ੇਅਰ ਕਰਨ ਸਬੰਧੀ ਪਤਾ ਲੱਗਣ ‘ਤੇ ਡੀਸੀ ਤੇਜ ਪ੍ਰਤਾਪ ਸਿੰਘ ਫੂਲਕਾ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਇਸ ਮਾਮਲੇ ‘ਤੇ ਵੀ ਕਾਰਵਾਈ ਕੀਤੀ ਜਾਵੇਗੀ।

ਦੱਸ ਦਈਏ ਕਿ ਭਗਵੰਤ ਮਾਨ ਵੱਲੋਂ ਆਪਣੇ ਫੇਸਬੁੱਕ ਪੇਜ਼ ‘ਤੇ ਜਿਹੜੀਆਂ ਤਸਵੀਰਾਂ ਮੰਗਲਵਾਰ ਸਵੇਰੇ 4 ਵਜ ਕੇ 55 ਮਿੰਟ ‘ਤੇ ਸ਼ੇਅਰ ਕੀਤੀਆਂ ਗਈਆਂ ਸਨ, ਉਨ੍ਹਾਂ ‘ਤੇ ਉੱਗੋਕੇ ਹਲਕਾ ਭਦੌੜ ਲਿਖਿਆ ਹੋਇਆ ਹੈ, ਤੇ ਇਹ ਤਸਵੀਰਾਂ ਮਾਨ ਦੇ ਫੇਸਬੁੱਕ ਪੇਜ ‘ਤੇ ਪੈਂਦਿਆਂ ਹੀ ਸੈਂਕੜੇ ਲੋਕਾਂ ਨੇ ਅੱਗੇ ਇਸ ‘ਤੇ ਕਮੈਂਟ ਕੀਤੇ ਹਨ। ਇੱਥੇ ਹੀ ਬੱਸ ਨਹੀਂ ਮਾਨ ਵੱਲੋਂ ਪਾਈਆਂ ਗਈਆਂ ਤਸਵੀਰਾਂ ਵੇਖ ਕੇ ਬਹੁਤ ਸਾਰੇ ਹੋਰ ਲੋਕਾਂ ਨੇ ਵੀ ਅਜਿਹੀਆਂ ਹੀ ਤਸਵੀਰਾਂ ਮਾਨ ਦੇ ਫੇਸਬੁੱਕ ਪੇਜ ਵਾਲੇ ਕਮੈਂਟ ਬਾਕਸ ਵਿੱਚ ਸ਼ੇਅਰ ਕਰ ਦਿੱਤੀਆਂ, ਜਿਨ੍ਹਾਂ ਨੂੰ ਵੱਖ ਵੱਖ ਲੋਕਾਂ ਵੱਲੋਂ ਆਪੋ ਆਪਣੇ ਹਲਕਿਆਂ ਅੰਦਰ ਈਵੀਐਮ ਮਸ਼ੀਨਾਂ ‘ਤੇ ਵੋਟ ਪਾਉਣ ਲੱਗਿਆਂ ਖਿੱਚਿਆ ਸੀ, ਤੇ ਉਸ ਵਿੱਚ ਉਹ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਵੋਟ ਪਾਉਂਦੇ ਦਿਖਾਈ ਦੇ ਰਹੇ ਹਨ। ਇਨ੍ਹਾਂ ਤਸਵੀਰਾਂ ਦੇ ਪੈਂਦਿਆਂ ਹੀ ਜਿੱਥੇ ਮਾਨ ਦੇ ਸਮਰਥਕ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਵਾਲਿਆਂ ਨੂੰ ਧੰਨਵਾਦ ਅਤੇ ਸ਼ਾਬਾਸ਼ੀ ਦਿੰਦੇ ਕਮੈਂਟ ਕਰ ਰਹੇ ਹਨ, ਉੱਥੇ ਦੂਜੇ ਪਾਸੇ ਉਹ ਅਕਾਲੀ ਵਿਰੁੱਧ ਵੀ ਭੜਾਸ ਕੱਢ ਰਹੇ ਹਨ।

ਇੱਥੇ ਹੀ ਬੱਸ ਨਹੀਂ ਅਕਾਲੀ ਦਲ ਦੇ ਸਮਰਥਕਾਂ ਨੇ ਤਾਂ ਆਪਣਾ ਵੋਟ ਪਾਉਣ ਦੀਆਂ ਫੋਟੋਆਂ ਦੇ ਨਾਲ ਨਾਲ ਵੀਡੀਓ ਵੀ ਬਣਾ ਕੇ ਸ਼ੇਅਰ ਕੀਤੀਆਂ ਹਨ, ਜਿਸ ਵਿੱਚ ਉਹ ਭੱਦਾ ਇਸ਼ਾਰਾ ਕਰਦੇ ਵੀ ਦਿਖਾਈ ਦਿੰਦੇ ਹਨ। ਇਸ ਤੋਂ ਬਾਅਦ ਦੋਵੇਂ ਪਾਰਟੀਆਂ ਦੇ ਸਮਰਥਕ ਮਾਨ ਦੇ ਫੇਸਬੁੱਕ ਕਮੈਂਟ ਬੌਕਸ ਵਿੱਚ ਇੱਕ ਦੂਜੇ ਖਿਲਾਫ ਦੱਬ ਕੇ ਕਮੈਂਟ ਕਰ ਰਹੇ ਹਨ। ਕੁੱਲ ਮਿਲਾ ਕੇ ਨਿਚੋੜ ਇਹ ਹੈ ਕਿ ਨਾ ਤਾਂ ਵੋਟ ਪਾਉਣ ਵਾਲਿਆਂ ਨੇ ਹੀ ਵੋਟ ਦੀ ਨਿੱਜਤਾ ਵਾਲੇ ਕਾਨੂੰਨ ਦੀ ਪ੍ਰਵਾਹ ਕੀਤੀ ਹੈ ਤੇ ਨਾ ਹੀ ਅੱਗੇ ਅਜਿਹੀਆਂ ਤਸਵੀਰਾਂ ਸ਼ੇਅਰ ਕਰਨ ਵਾਲਿਆਂ ਨੇ।

ਇਸ ਸਬੰਧ ਵਿੱਚ ਭਗਵੰਤ ਮਾਨ ਦੇ ਪੀਏ ਅਮਰੀਸ਼ ਦਾ ਕਹਿਣਾ ਹੈ ਕਿ ਮਾਨ ਨੇ ਇਹ ਤਸਵੀਰਾਂ ਵੋਟਰਾਂ ਦੀ ਹੌਂਸਲਾ ਅਫਜਾਈ ਕਰਨ ਲਈ ਆਪਣੇ ਫੇਸਬੁੱਕ ‘ਤੇ ਪਾਈਆਂ ਸਨ। ਉਨ੍ਹਾਂ ਦੀ ਚੋਣ ਕਮਿਸ਼ਨ ਦੇ ਕਾਨੂੰਨਾ ਨੂੰ ਭੰਗ ਕਰਨ ਦੀ ਕੋਈ ਮਨਸ਼ਾ ਨਹੀਂ ਸੀ। ਇੱਧਰ ਦੂਜੇ ਪਾਸੇ ਬਰਨਾਲਾ ਦੇ ਡੀਸੀ ਤੇਜਪ੍ਰਤਾਪ ਸਿੰਘ ਫੂਲਕਾ ਅਤੇ ਐਸਐਸਪੀ ਹਰਜੀਤ ਸਿੰਘ ਨੇ ਇਸ ਮਾਮਲੇ ਨੂੰ ਵੋਟ ਦੀ ਨਿੱਜਤਾ ਕਾਨੂੰਨ ਭੰਗ ਕਰਨ ਦਾ ਮਾਮਲਾ ਕਰਾਰ ਦਿੱਤਾ ਹੈ, ਤੇ ਜਿੱਥੇ ਡੀਸੀ ਫੂਲਕਾ ਦਾ ਕਹਿਣਾ ਹੈ ਕਿ ਪੁਲਿਸ ਪਹਿਲਾਂ ਹੀ ਅਜਿਹੇ ਇੱਕ ਮਾਮਲੇ ‘ਚ ਪਰਚਾ ਦਰਜ ਕਰ ਚੁੱਕੀ ਹੈ ਤੇ ਹੁਣ ਉਹ ਅਧਿਕਾਰੀਆਂ ਨੂੰ ਅੱਗੇ ਹੁਕਮ ਦੇ ਕੇ ਕਾਰਵਾਈ ਕਰਨ ਲਈ ਕਹਿਣਗੇ, ਉੱਥੇ ਦੂਜ਼ੇ ਪਾਸੇ ਐਸਐਸਪੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਕੋਈ ਵੀ ਅਜਿਹੀ ਕਾਰਵਾਈ ਨਾ ਕਰਨ ਜਿਸ ਨਾਲ ਅਜਿਹੇ ਨਿਯਮ ਅਤੇ ਕਾਨੂੰਨ ਭੰਗ ਹੋਣ।

Facebook Comments
Facebook Comment