• 5:14 pm
Go Back

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਲੁਧਿਆਣਾਂ ਤੋਂ ਪੀਡੀਏ ਦੇ ਸਾਂਝੇ ਉਮੀਦਵਾਰ ਸਿਮਰਜੀਤ ਸਿੰਘ ਬੈਸ ਨੇ ਕਿਹਾ ਹੈ, ਕਿ ਕੈਪਟਨ ਤੇ ਬਾਦਲਾਂ ਦੀ ਸੰਧੀ ਪੰਜਾਬ ਬਾਸੀਆਂ ਲਈ ਬੇਹੱਦ ਘਾਤਕ ਹੈ ਇਸ ਲਈ ਕਾਂਗਰਸ ਹਾਈ ਕਮਾਂਡ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹ ਕੇ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੀ ਥਾਂ ਪੰਜਾਬ ਦਾ ਸੀਐਮ ਬਣਾਉਣ, ਤਾਂ ਕਿ ਪੰਜਾਬ ਦੀ ਡੁੱਬਦੀ ਆਰਥਿਕਤਾ ਨੂੰ ਬਚਾਇਆ ਜਾ ਸਕੇ। ਇੱਥੇ ਬੈਂਸ ਨੇ ਉਨ੍ਹਾਂ ਲੋਕਾਂ ਨੂੰ ਵੀ ਠੋਕ ਕੇ ਜਵਾਬ ਦਿੱਤਾ ਜਿਹੜੇ ਉਨ੍ਹਾਂ ‘ਤੇ ਇਹ ਦੋਸ਼ ਲਾ ਰਹੇ ਹਨ ਕਿ ਜਿੱਤਣ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਜਾਵੇਗਾ। ਬੈਂਸ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਕਾਰਨ ਉਨ੍ਹਾਂ ਨੂੰ ਥਾਣੇ ਵਿੱਚ ਰਹਿ ਕੇ ਕੁੱਟ ਖਾਣੀ ਪਈ, ਉਨ੍ਹਾਂ ਵਿੱਚ ਸ਼ਾਮਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਦੇ ਜ਼ਖਮ ਅਜੇ ਭਰੇ ਨਹੀਂ ਹਨ।

ਸਾਡੇ ਪੱਤਰਕਾਰ ਰਜਿੰਦਰ ਅਰੋੜਾ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ, ਕਿ ਕੈਪਟਨ ਅਮਰਿੰਦਰ ਸਿੰਘ ਦੀ ਬਾਦਲਾਂ ਨਾਲ ਸੰਧੀ ਜੱਗ ਜਾਹਰ ਹੈ, ਤੇ ਨਵਜੋਤ ਸਿੰਘ ਸਿੱਧੂ ਨੇ ਕੋਈ ਝੂਠ ਨਹੀਂ ਬੋਲਿਆ, ਬਿਲਕੁਲ ਸੱਚੀ ਗੱਲ ਕੀਤੀ ਹੈ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਸਾਥ ਵਿੱਚ ਉਹ ਲੋਕ ਆਣ ਖੜ੍ਹੇ ਹੋਏ ਹਨ ਜਿਹੜੇ ਬਾਦਲਾਂ ਵਾਲੇ ਲੂਟ ਮਾਫੀਏ ਨੂੰ ਚਲਾ ਰਹੇ ਹਨ। ਬੈਂਸ ਨੇ ਅੱਗੇ ਦੋਸ਼ ਲਾਇਆ ਕਿ ਇਹ ਇਕੱਲਾ ਕਾਂਰਗਸ ਪਾਰਟੀ ਦਾ ਨੁਕਸਾਨ ਨਹੀਂ, ਬਲਕਿ ਪੰਜਾਬ ਦੀ ਆਰਥਿਕਤਾ ਨੂੰ ਡੋਬਾ ਦੇਣ ਵਾਸਤੇ ਕੈਪਟਨ ਤੇ ਬਾਦਲ ਦੀ ਸੰਧੀ ਬੜੀ ਘਾਤਕ ਸਿੱਧ ਹੋ ਰਹੀ ਹੈ। ਲਿਹਾਜਾ ਕਾਂਗਰਸ ਪਾਰਟੀ ਦੀ ਕੇਂਦਰੀ ਹਾਈ ਕਮਾਂਡ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਤਬਦੀਲ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਾਵੇ, ਤਾਂ ਕਿ ਸੂਬੇ ਅੰਦਰ ਜਿਹੜਾ ਲੂਟ ਤੰਤਰ, ਲੂਟ ਮਾਫੀਆ, ਤੇ ਜਿਹੜੀ ਕੈਪਟਨ ਐਂਡ ਕੰਪਨੀ ਲੂਟ ਮਾਫੀਏ ‘ਤੇ ਕਾਬਜ਼ ਹੈ, ਜਿਸ ਕਾਰਨ ਪੰਜਾਬ ਦੀ ਆਰਥਿਕਤਾ ਦਿਨੋਂ ਦਿਨ ਡੁੱਬਦੀ ਜਾ ਰਹੀ ਹੈ ਉਸ ਨੂੰ ਬਚਾਇਆ ਜਾ ਸਕੇ।

ਸਿਮਰਜੀਤ ਸਿੰਘ ਬੈਂਸ ਨੇ ਇਸ ਗੱਲ ਦਾ ਜੋਰਦਾਰ ਢੰਗ ਨਾਲ ਖੰਡਣ ਕੀਤਾ, ਕਿ ਉਹ ਜਿੱਤਣ ਤੋਂ ਬਾਅਦ ਬੀਜੇਪੀ ‘ਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਬੀਜੇਪੀ ਉਹ ਪਾਰਟੀ ਹੈ ਜਿਸ ਨੇ ਦੇਸ਼ ਅੰਦਰ ਫਿਰਕੂਵਾਦ ਪੈਦਾ ਕੀਤਾ ਹੈ। ਬੈਂਸ ਨੇ ਦੋਸ਼ ਲਾਇਆ ਕਿ ਸਾਡੇ ਆਪਸੀ ਭਾਈਚਾਰੇ ਵਿੱਚ ਤੇੜਾਂ ਪਾਉਣ ਵਾਲੀ ਬੀਜੇਪੀ ਹੈ, ਤੇ ਇਸ ਪਾਰਟੀ ਨੇ ਗੁਰਬਾਣੀ ਦੇ ਸਿਧਾਂਤਾ ਦੇ ਉਲਟ ਧਰਮ ਅਤੇ ਜਾਤ ਅਧਾਰਿਤ ਰਾਜਨੀਤੀ ਕੀਤੀ ਹੈ। ਉਨ੍ਹਾਂ ਕਿਹਾ ਕਿ “ਮੈਂ ਉਹ ਹੀ ਬੈਂਸ ਹਾਂ ਜਿਸ ਨੇ ਅਕਾਲੀ ਭਾਜਪਾ ਸਰਕਾਰ ਵੇਲੇ 13 ਮੁਕੱਦਮੇਂ ਆਪਣੇ ਪਿੰਡੇ ‘ਤੇ ਹਢਾਏ ਸਨ ਤੇ ਪੁਲਿਸ ਦੀ ਕੁੱਟ ਪਿੰਡੇ ‘ਤੇ ਖਾਂਦਿਆਂ ਰਾਤਾਂ ਥਾਣਿਆਂ ਦੀਆਂ ਹਵਾਲਾਤਾਂ ਵਿੱਚ ਕੱਟੀਆਂ ਸਨ।” ਉਨ੍ਹਾਂ ਕਿਹਾ ਕਿ ਇਹ ਉਹ ਹੀ ਬੀਜੇਪੀ ਹੈ ਜਿਸ ਬਾਰੇ ਲੋਕ ਮੇਰੇ ਤੋਂ ਸਵਾਲ ਕਰਦੇ ਹਨ, ਪਰ ਉਹ (ਬੈਂਸ) ਦੱਸ ਦੇਣਾ ਚਾਹੁੰਦੇ ਹਨ ਕਿ ਬੈਂਸ ਦੇ ਜਖਮ ਅਜੇ ਭਰੇ ਨਹੀਂ ਹਨ, ਇਸ ਲਈ ਬੀਜੇਪੀ  ‘ਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ।

Facebook Comments
Facebook Comment