• 2:07 pm
Go Back

ਪਟਿਆਲਾ : ਬਹਿਬਲ ਕਲਾਂ ਅਤੇ ਕੋਟਕਪੁਰਾ ਵਿਖੇ ਸਿੱਖ ਸੰਗਤਾਂ ‘ਤੇ ਪੁਲਿਸ ਵੱਲੋਂ ਕੀਤੀ ਗਈ ਲਾਠੀਚਾਰਜ ਤੇ ਗੋਲੀ ਕਾਂਡ ਦਾ ਮਸਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਪਟਿਆਲਾ ਪੁਲਿਸ ਨੇ ਕੌਲੀ ਨੇੜੇ ਪੈਂਦੇ ਰਾਸ਼ਟਰੀ ਮਾਰਗ ਨੰਬਰ-1 ‘ਤੇ ਉਸੇ ਕਹਾਣੀ ਨੂੰ ਇੱਕ ਵਾਰ ਫਿਰ ਦੁਹਰਾ ਦਿੱਤਾ। ਇਹ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਇੱਥੋਂ ਦੇ ਪਿੰਡ ਨਰੜੂ ਦੇ ਇੱਕ ਗੁਰਦੁਆਰਾ ਸਾਹਿਬ ਦੀ ਸੰਗਤ ਦੇ ਦੋ ਧੜੇ ਆਪਸ ਵਿੱਚ ਗ੍ਰੰਥੀ ਸਿੰਘ ਬਦਲਾਉਣ ਨੂੰ ਲੈ ਕੇ ਆਪਸ ਵਿੱਚ ਉਲਝ ਗਈਆਂ ਤੇ ਉਨ੍ਹਾਂ ਵਿੱਚੋਂ ਇੱਕ ਧਿਰ ਨੇ ਪਟਿਆਲਾ ਰਾਜਪੁਰਾ ਮੁੱਖ ਮਾਰਗ ਜਾਮ ਕਰ ਦਿੱਤਾ। ਪ੍ਰਤੱਖ ਦਰਸ਼ੀਆਂ ਅਨੁਸਾਰ ਸ਼ਾਂਤਮਈ ਧਰਨਾ ਲਾਈ ਬੈਠੀਆਂ ਸੰਗਤਾਂ ਨੂੰ ਉੱਥੋਂ ਉਠਾਉਣ ਵਿੱਚ ਜਦੋਂ ਮੌਕੇ ਤੇ ਪਹੁੰਚੀ ਪੁਲਿਸ ਨਾਕਾਮ ਰਹੀ ਤਾਂ ਫਿਰ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਲਾਠੀਚਾਰਜ ਕਰਨ ਦੇ ਹੁਕਮ ਦੇ ਦਿੱਤੇ। ਇਸ ਤੋਂ ਬਾਅਦ ਹਾਲਾਤ ਇਹ ਬਣ ਗਏ ਕਿ ਚਾਰੇ ਪਾਸੇ ਕਿਤੇ ਕੋਈ ਸਿੰਘ ਖੁੱਲ੍ਹੇ ਵਾਲ ਲਈ ਸੜਕ ‘ਤੇ ਦੌੜ ਰਿਹਾ ਸੀ ਤੇ ਕਿਤੇ ਪੁਲਿਸ ਵੱਲੋਂ ਸਿੰਘਾਂ ਨੂੰ ਧੂਹ ਧੂਹ ਕੇ ਗੱਡੀਆਂ ਵਿੱਚ ਸੁੱਟਿਆ ਜਾ ਰਿਹਾ ਸੀ। ਮੌਕੇ ਤੋਂ ਸਾਡੇ ਪੱਤਰਕਾਰ ਵੱਲੋਂ ਭੇਜੀਆਂ ਗਈਆਂ ਤਸਵੀਰਾਂ ਨੂੰ ਦੇਖ ਕੇ ਪਤਾ ਲਗਦਾ ਹੈ, ਕਿ ਕਿਸ ਤਰ੍ਹਾਂ ਪੁਲਿਸ ਵਾਲਿਆਂ ਨੇ ਲੋਕਾਂ ਨੂੰ ਉੱਥੋਂ ਹਟਾਉਣ ਲਈ ਗੱਡੀਆਂ ਵਿੱਚ ਡੰਗਰਾਂ ਵਾਂਗ ਤੁੰਨ੍ਹ ਲਿਆ, ਤੇ ਹਰਲ ਹਰਲ ਕਰਦੀ ਫਿਰਦੀ ਪੁਲਿਸ ਦੇਖ ਕੇ ਕੋਲੋਂ ਲੰਘਦੇ ਵਾਹਨਾਂ ‘ਚ ਬੈਠੇ ਕਮਜੋਰ ਦਿਲ ਵਾਲੇ ਲੋਕ ਇਹ ਨਜ਼ਾਰਾ ਦੇਖ ਕੇ ਬੁਰੀ ਤਰ੍ਹਾਂ ਦਹਿਲ ਗਏ। ਪਤਾ ਲੱਗਾ ਹੈ ਕਿ ਇਸ ਘਟਨਾ ਵਿੱਚ ਕੁਝ ਸਿੱਖ ਜਥੇਬੰਦੀਆਂ ਦੇ ਲੋਕਾਂ ਤੋਂ ਇਲਾਵਾ 2 ਪੁਲਿਸ ਵਾਲੇ ਵੀ ਜ਼ਖਮੀ ਹੋਏ ਹਨ।

ਇਸ ਸਬੰਧ ਵਿੱਚ ਪਟਿਆਲਾ ਪੁਲਿਸ ਦੇ ਐਸਪੀ ਹਰਮੀਤ ਸਿੰਘ ਹੁੰਦਲ ਨੂੰ ਗਲੋਬਲ ਪੰਜਾਬ ਟੀਵੀ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਨਰੜੂ ਪਿੰਡ ਦੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਦਾ ਆਪਸੀ ਝਗੜਾ ਸੀ, ਜਿਸ ਵਿੱਚ ਇੱਕ ਧੜ੍ਹੇ ਨੇ ਗੁਰਦੁਆਰਾ ਸਾਹਿਬ ਦੇ ਪਹਿਲਾਂ ਵਾਲੇ ਗ੍ਰੰਥੀ ਸਿੰਘ ਨੂੰ ਹਟੇ ਕੇ ਨਵੇਂ ਗ੍ਰੰਥੀ ਸਿੰਘ ਨੂੰ ਜਿੰਮੇਵਾਰੀ ਸੌਂਪ ਦਿੱਤੀ ਸੀ, ਜਿਸ ਤੋਂ ਬਾਅਦ ਇੱਕ ਧੜ੍ਹਾ ਨਰਾਜ ਹੋ ਕੇ ਇੱਥੇ ਸੜਕ ਜਾਮ ਕਰਕੇ ਬੈਠ ਗਿਆ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਦੋ ਪੁਲਿਸ ਮੁਲਾਜ਼ਮ ਜਖਮੀ ਹਨ, ਜਦਕਿ ਹੁਣ ਦੋਵਾਂ ਧਿਰਾਂ ਨੂੰ ਬਠਾ ਕੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਖ਼ਬਰ ਲਿਖੇ ਜਾਣ ਤੱਕ ਘਟਨਾ ਵਾਲੀ ਥਾਂ ‘ਤੇ ਇਹੋ ਨਜ਼ਾਰਾ ਅਜੇ ਵੀ ਜਾਰੀ ਸੀ।ਸਿੱਖ ਸੰਗਤਾਂ ਡਾਂਗਾਂ ਖਾਣ ਤੋਂ ਬਾਅਦ ਇੱਕ ਵਾਰ ਫਿਰ ਧਰਨੇ ‘ਤੇ ਆਣ ਬੈਠੀਆਂ ਸਨ। ਵੱਡੀ ਅਣਸੁਖਾਵੀਂ ਘਟਨਾ ਨੂੰ ਦੇਖਦਿਆਂ ਮੌਕੇ ‘ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।

 

 

Facebook Comments
Facebook Comment