• 11:40 am
Go Back

ਚੰਡੀਗੜ੍ਹ : ਸੂਬੇ ‘ਚ ਅਵਾਰਾ ਪਸ਼ੂਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ ਨਾਲ ਹੀ ਵਧ ਰਹੇ ਹਨ ਇਨ੍ਹਾਂ ਅਵਾਰਾ ਪਸ਼ੂਆਂ ਕਾਰਨ ਹੋ ਰਹੇ ਸੜਕ ਹਾਦਸਿਆਂ ਦੇ ਮਾਮਲੇ। ਇਨ੍ਹਾਂ ਗਾਵਾਂ ਅਤੇ ਅਵਾਰਾ ਸਾਂਡਾਂ ਦੀ ਦਹਿਸ਼ਤ ਅੱਜ ਇਸ ਕਦਰ ਫੈਲ ਚੁਕੀ ਹੈ ਕਿ ਅੱਜ ਜਦੋਂ ਕਦੀ ਵੀ ਕਿਸੇ ਮਾਂ ਦਾ ਬੱਚਾ ਘਰੋਂ ਕੋਈ ਵਾਹਨ ਲੈ ਕੇ ਨਿੱਕਲਦਾ ਹੈ ਤਾਂ ਉਸ ਮਾਂ ਦੇ ਦਿਲ ਦੀ ਧੜਕਣ ਉਦੋਂ ਤੱਕ ਤੇਜ ਹੋਈ ਰਹਿੰਦੀ ਹੈ, ਉਹ ਮਾਂ ਉਦੋਂ ਤੱਕ ਆਪਣੇ ਬੱਚੇ ਦੀ ਸਲਾਮਤੀ ਦੀਆਂ ਦੁਆਵਾਂ ਮੰਗਦੀ ਰਹਿੰਦੀ ਹੈ ਜਦੋਂ ਤੱਕ ਉਸ ਦਾ ਘਰੋਂ ਨਿੱਕਲਿਆ ਬੱਚਾ ਆਪਣੀ ਮੰਜ਼ਿਲ ‘ਤੇ ਨਹੀਂ ਪਹੁੰਚ ਜਾਂਦਾ। ਪਰ ਭਵਿੱਖ ਵਿੱਚ ਹਕੂਮਤ ਇਸ ਦਾ ਤਕੜਾ ਹੱਲ ਕੱਢਣ ਜਾ ਰਹੀ ਹੈ। ਸੂਬਾ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ ਇਨ੍ਹਾਂ ਦਹਿਸ਼ਤਗਰਦ ਅਵਾਰਾ ਪਸ਼ੂਆਂ ਨੂੰ ਫੜ ਕੇ ਜੇਲ੍ਹਾਂ ‘ਚ ਡੱਕਿਆ ਜਾਵੇਗਾ। ਜੀ ਹਾਂ ਇਹ ਸੱਚ ਹੈ ਕਿਉਂਕਿ ਸਰਕਾਰ ਜੇਲ੍ਹਾਂ ਦੇ ਅੰਦਰ ਗਊਸ਼ਲਾਵਾਂ ਬਣਾ ਕੇ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਉੱਥੇ ਰੱਖੇਗੀ। ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਸਬੰਧ ਵਿੱਚ ਐਲਾਨ ਵੀ ਕਰ ਦਿੱਤਾ ਹੈ ਕਿ ਸਰਕਾਰ ਜੇਲ੍ਹਾਂ ‘ਚ ਪਈਆਂ ਖਾਲੀ ਥਾਵਾਂ ‘ਤੇ ਗਊਸ਼ਲਾਵਾਂ ਬਣਾਉਣ ਜਾ ਰਹੀ ਹੈ। ਜਿੱਥੇ ਕੈਦੀ ਇਨ੍ਹਾਂ ਪਸ਼ੂਆਂ ਦੀ ਦੇਖ ਰੇਖ ਕਰਨਗੇ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਤਿਆਰ ਕੀਤੀ ਗਈ ਇਹ ਯੋਜਨਾ ਜੇਕਰ ਕਾਮਯਾਬ ਹੁੰਦੀ ਹੈ ਤਾਂ ਨਾ ਸਿਰਫ ਸੂਬੇ ਅੰਦਰ ਜਾਨ ਦਾ ਖੌਫ ਬਣ ਰਹੇ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ, ਬਲਕਿ ਜੇਲ੍ਹਾਂ ਅੰਦਰ ਗੋਬਰ ਗੈਸ ਪਲਾਂਟ ਲਾ ਕੇ ਪੈਦਾ ਕੀਤੀ ਜਾਣ ਵਾਲੀ ਰਸੋਈ ਗੈਸ ਤੋਂ ਜੇਲ੍ਹ ਦੀ ਰਸੋਈ ਲਈ ਗੈਸ ਅਤੇ ਉਸ ਤੋਂ ਬਿਜਲੀ ਵੀ ਬਣਾਈ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਗਾਵਾਂ ਦੇ ਦੁੱਧ ਨੂੰ ਵੀ ਜੇਲ੍ਹ ਦੇ ਕੈਦੀਆਂ ਲਈ ਇਸਤਿਮਾਲ ਕੀਤਾ ਜਾ ਸਕੇਗਾ। ਰੰਧਾਵਾ ਅਨੁਸਾਰ ਕੈਦੀ ਇਨ੍ਹਾਂ ਗਾਵਾਂ ਦੀ ਸੇਵਾ ਸੰਭਾਲ ਦਾ ਜਿੰਮਾ ਖੁਸ਼ੀ ਖੁਸ਼ੀ ਲੈ ਲੈਣਗੇ।

ਦੱਸ ਦਈਏ ਕਿ ਇਸੇ ਤਰ੍ਹਾਂ ਦਾ ਇੱਕ ਲਿਖਤੀ ਪ੍ਰਸਤਾਵ 17 ਨਵੰਬਰ 2015 ਨੂੰ ਪੰਜਾਬ ਗਊ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਕੀਮਤੀ ਲਾਲ ਭਗਤ ਨੇ ਵੀ ਸੂਬਾ ਸਰਕਾਰ ਨੂੰ ਭੇਜਿਆ ਸੀ, ਪਰ ਉਸ ਵੇਲੇ ਜੇਲ੍ਹ ਵਿਭਾਗ ਨੇ ਇਹ ਕਹਿ ਕੇ  ਇਸ ਪ੍ਰਸਤਾਵ ਵਿੱਚ ਦਿਲਚਸਪੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਜੇਲ੍ਹ ਵਿਭਾਗ ਕੋਲ ਗਊਸ਼ਲਾਵਾਂ ਬਣਾਉਣ ਲਈ ਖਾਲੀ ਜ਼ਮੀਨਾਂ ਮੌਜੂਦ ਨਹੀਂ ਹਨ। ਜੇਲ੍ਹ ਵਿਭਾਗ ਦੇ ਵਧੀਕ ਮਹਾਂ ਨਿਦੇਸ਼ਕ ਨੂੰ ਭੇਜੇ ਗਏ ਇਸ ਪ੍ਰਸਤਾਵ ਵਿੱਚ ਭਗਤ ਨੇ ਇਹ ਤਰਕ ਦਿੱਤਾ ਸੀ ਕਿ ਜੇਕਰ ਜੇਲ੍ਹ ਵਿਭਾਗ ਅੰਦਰ ਗਊਸ਼ਲਾਵਾਂ ਬਣਾਈਆਂ ਜਾਂਦੀਆਂ ਹਨ ਤਾਂ ਨਾ ਸਿਰਫ ਉੱਥੇ ਕੈਦੀਆਂ ਤੋਂ ਇਨ੍ਹਾਂ ਗਾਵਾਂ ਆਦਿ ਦੀ ਸੇਵਾ ਲਈ ਜਾ ਸਕਦੀ ਹੈ ਬਲਕਿ ਜੇਲ੍ਹ ਦੀ ਜ਼ਮੀਨ ‘ਤੇ ਹਰਾ ਚਾਰਾ ਪੈਦਾ ਕਰਨ ਵਿੱਚ ਵੀ ਕੋਈ ਸਮੱਸਿਆ ਨਹੀਂ ਹੋਵੇਗੀ। ਭਗਤ ਨੇ ਇਹ ਵੀ ਤਰਕ ਦਿੱਤਾ ਸੀ ਕਿ ਜੇਲ੍ਹਾਂ ਅੰਦਰ ਹੀ ਇਹੋ ਜਿਹੀਆਂ ਗਊਸ਼ਲਾਵਾਂ ਮੱਧ ਪ੍ਰਦੇਸ, ਗੁਜਰਾਤ ਤੇ ਛੱਤੀਸਗੜ੍ਹ ਵਿੱਚ ਪਹਿਲਾਂ ਚਲਾਈਆਂ ਜਾ ਰਹੀਆਂ ਹਨ। ਜਿਨ੍ਹਾਂ ਦੇ ਕਿ ਵਧੀਆ ਨਤੀਜੇ ਨਿੱਕਲ ਰਹੇ ਹਨ। ਉਸ ਵੇਲੇ ਜੇਲ੍ਹ ਦੇ ਡੀਆਈਜੀ ਐਲ ਐਸ ਜਾਖੜ ਨੇ ਇਹ ਮੰਨਿਆ ਸੀ ਕਿ ਉਨ੍ਹਾਂ ਨੂੰ ਕੀਮਤੀ ਲਾਲ ਭਗਤ ਵੱਲੋਂ ਭੇਜਿਆ ਗਿਆ ਇਹ ਪ੍ਰਸਤਾਵ ਮਿਲਿਆ ਹੈ, ਪਰ ਉਨ੍ਹਾਂ ਅਨੁਸਾਰ ਵਿਭਾਗ ਕੋਲ ਅਜਿਹੀਆਂ ਗਊਸ਼ਲਾਵਾਂ ਬਣਾਉਣ ਲਈ ਕਾਫੀ ਜਗ੍ਹਾ ਨਹੀਂ ਹੈ। ਉਸ ਵੇਲੇ ਜਾਖੜ ਨੇ ਦਾਅਵਾ ਕੀਤਾ ਸੀ ਕਿ ਅਕਤੂਬਰ 2015 ਤੱਕ ਜੇਲ੍ਹਾਂ ਵਿੱਚ ਰੱਖੇ ਜਾਣ ਵਾਲੇ ਕੈਦੀਆਂ ਅਤੇ ਹਵਾਲਾਤੀਆਂ ਦੀ ਪ੍ਰਸਤਾਵਿਤ ਸਮਰੱਥਾ 19 ਹਜ਼ਾਰ ਸੀ, ਪਰ ਸੂਬੇ ਦੀਆਂ 26 ਜੇਲ੍ਹਾਂ ‘ਚ 26 ਹਜ਼ਾਰ ਦੇ ਕਰੀਬ ਕੈਦੀ ਬੰਦ ਹਨ। ਇੰਝ ਜੇਲ੍ਹ ਵਿਭਾਗ ਕੋਲ ਤਾਂ 7 ਹਜ਼ਾਰ ਵਾਧੂ ਕੈਦੀ ਰੱਖਣ ਲਈ ਵੀ ਜਗ੍ਹਾ ਨਹੀਂ ਹੈ, ਫਿਰ ਉੱਥੇ ਗਾਵਾਂ ਅਤੇ ਸਾਂਡ ਕਿਵੇ ਰੱਖੇ ਜਾਣਗੇ?

ਕੁੱਲ ਮਿਲਾ ਕੇ ਗੱਲ ਇੱਥੇ ਮੁੱਕਦੀ ਹੈ ਕਿ ਉਹ ਪ੍ਰਸਤਾਵ ਕੀਮਤੀ ਲਾਲ ਭਗਤ ਦਾ ਸੀ ਤੇ ਇਹ ਐਲਾਨ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ। ਹੁਣ ਵੇਖਣਾ ਇਹ ਹੋਵੇਗਾ ਕਿ ਰੰਧਾਵਾ ਦੇ ਇਸ ਐਲਾਨ ਤੋਂ ਬਾਅਦ ਕੀ ਜੇਲ੍ਹ ਵਿਭਾਗ ਸਾਡੇ ਕੋਲ ਜ਼ਮੀਨ ਨਹੀਂ ਹੈ ਵਾਲਾ ਉਹ ਬਿਆਨ ਦੁਹਰਾਉਂਦਾ ਹੈ ਜਾਂ ਇਸ ਵਾਰ ਖੱਲਾਂ ਖੂੰਜੇ ਖੁਰਚ ਕੇ ਕਿਤੋਂ ਨਾ ਕਿਤੋਂ ਜ਼ਮੀਨ ਕੱਢ ਹੀ ਲਈ ਜਾਂਦੀ ਹੈ? ਵੈਸੇ ਕੱਢ ਲੈਣ ਤਾਂ ਚੰਗੀ ਗੱਲ ਹੈ, ਘੱਟੋ ਘੱਟ ਕਾਓਸੈੱਸ ਦੇ ਨਾਂ ‘ਤੇ ਲੋਕਾਂ ਤੋਂ ਪੈਸੇ ਲੈ ਕੇ ਡਕਾਰ ਰਹੀਆਂ ਸਰਕਾਰਾਂ ਜਨਤਾ ਨੂੰ ਇਨ੍ਹਾਂ ਗਊਸ਼ਲਾਵਾਂ ਵਿੱਚ ਭੇਜ ਕੇ ਕੁਝ ਰਾਹਤ ਤਾਂ ਦੇਣਗੀਆਂ।

Facebook Comments
Facebook Comment