• 10:46 am
Go Back

ਬਠਿੰਡਾ : ਇੱਕ ਪਾਸੇ ਜਿੱਥੇ ਪੰਜਾਬ ਲੋਕ ਸਭਾ ਚੋਣਾਂ ਲਈ ਹਰ ਪਾਰਟੀ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ, ਉੱਥੇ ਹੀ ਬਠਿੰਡਾ ਸੀਟ ‘ਤੇ ਕਈ ਵੱਡੇ ਲੀਡਰਾਂ ਦਾ ਭਵਿੱਖ ਵੀ ਦਾਅ ‘ਤੇ ਲੱਗਿਆ ਹੋਇਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਟੱਕਰ ਦੇਣ ਲਈ ਕਾਂਗਰਸ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਰਾਜਾ ਵੜਿੰਗ ਦੇ ਚੋਣ ਪ੍ਰਚਾਰ ਲਈ ਜਿੱਥੇ ਪਾਰਟੀ ਦੇ ਲਗਭਗ ਸਾਰੇ ਹੀ ਆਗੂ ਬਠਿੰਡਾ ਪਹੁੰਚ ਰਹੇ ਹਨ, ਉੱਥੇ ਹੀ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਮੰਨੇ ਜਾਂਦੇ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਬੀਤੇ ਦਿਨੀਂ ਚੋਣ ਪ੍ਰਚਾਰ ਲਈ ਪਹੁੰਚ ਗਏ ਹਨ। ਬੀਤੇ ਦਿਨੀਂ ਬਠਿੰਡਾ ਵਿਖੇ ਕਾਂਗਰਸ ਪਾਰਟੀ ਦੀ ਚੋਣ ਰੈਲੀ ਹੋਈ ਜਿੱਥੇ ਕਿ ਹੋਰਨਾਂ ਪਾਰਟੀ ਆਗੂਆਂ ਤੋਂ ਇਲਾਵਾ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵੀ ਪਹੁੰਚੇ ਸਨ ਅਤੇ ਉਨ੍ਹਾਂ ਦੇ ਨਾਲ ਹੀ ਸਿੱਧੂ ਵੀ ਪ੍ਰਚਾਰ ਲਈ ਬਠਿੰਡਾ ਪਹੁੰਚੇ। ਰੈਲੀ ‘ਚ ਬੋਲਦਿਆਂ ਸਿੱਧੂ ਨੇ ਜਿੱਥੇ ਬਾਦਲ ਪਰਿਵਾਰ ਵੰਗਾਰਿਆ, ਉੱਥੇ ਹੀ ਉਨ੍ਹਾਂ ਕਿਹਾ, ਕਿ ਜਦੋਂ ਤੱਕ ਉਹ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਵਾ ਦਿੰਦੇ, ਉਸ ਸਮੇਂ ਤੱਕ ਉਹ ਚੈਨ ਨਾਲ ਨਹੀਂ ਬੈਠਣਗੇ। ਨਵਜੋਤ ਨੇ ਪ੍ਰਣ ਲੈਂਦੇ ਹੋਏ ਕਿਹਾ ਕਿ ਜੇਕਰ ਉਹ ਦੋਸ਼ੀਆ ਸਜ਼ਾਵਾਂ ਨਾ ਦਵਾ ਸਕੇ ਤਾਂ ਉਹ ਸਦਾ ਲਈ ਸਿਆਸਤ ਛੱਡ ਦੇਣਗੇ। ਉਨ੍ਹਾਂ ਕਿਹਾ ਕਿ ਚੋਣਾਂ  ਜਿੱਤਣ ਲਈ ਨਹੀਂ ਬਲਕਿ ਪੀੜ੍ਹੀਆਂ ਨੂੰ ਬਚਾਉਣ ਲਈ ਲੜੀਆਂ ਜਾਂਦੀਆਂ ਹਨ।

ਨਵਜੋਤ ਸਿੰਘ ਸਿੱਧੂ ਨੇ ਆਪਣਾ ਭਾਸ਼ਣ ਦਿੰਦਿਆਂ ਇਹ ਵੀ ਐਲਾਨ ਕੀਤਾ ਕਿ ਉਹ 17 ਮਈ ਨੂੰ ਬਠਿੰਡਾ ‘ਚ ਹੀ ਰਾਜਾ ਵੜਿੰਗ ਲਈ ਰੈਲੀਆਂ ਕਰਨਗੇ ਅਤੇ ਜੇਕਰ ਰਾਜਾ ਵੜਿੰਗ ਉਨ੍ਹਾਂ (ਸਿੱਧੂ) ਨੂੰ 10 ਰੈਲੀਆਂ ਵੀ ਕਰਨ ਲਈ ਕਹਿਣਗੇ ਤਾਂ ਉਹ ਕਰਨਗੇ। ਦੱਸ ਦਈਏ ਕਿ ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਉਸੇ ਤਰ੍ਹਾਂ ਲੀਡਰਾਂ ਦੇ ਬੋਲ ਵੀ ਤਿੱਖੇ ਹੁੰਦੇ ਦਿਖਾਈ ਦੇ ਰਹੇ ਨੇ, ਸਿੱਧੂ ਤਾਂ ਹਮੇਸ਼ਾ ਹੀ ਬਾਦਲ ਪਰਿਵਾਰ ‘ਤੇ ਤਿੱਖੇ ਹਮਲੇ ਕਰਨ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਿੱਧੂ ਹੁਣ ਹੋਰਨਾਂ ਸੂਬਿਆਂ ਤੋਂ ਪ੍ਰਚਾਰ ਕਰਕੇ ਪੰਜਾਬ ਪਹੁੰਚੇ ਹਨ।

Facebook Comments
Facebook Comment