• 5:36 pm
Go Back

ਦੁਬਈ: ਦੁਬਈ ‘ਚ ਰਹਿਣ ਵਾਲੇ ਭਾਰਤੀ ਪਤੀ-ਪਤਨੀ ਵੱਲੋਂ ਆਪਣੀ ਮਾਂ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਮਾਰ ਕਰ ਮੌਤ ਦੇ ਮੂੰਹ ‘ਚ ਸੁਟੱਣ ਦਾ ਮਾਮਲਾ ਸਾਹਮਣੇ ਆਇਆ ਹੈ। 29 ਸਾਲਾ ਭਾਰਤੀ ਵਿਅਕਤੀ ਤੇ ਉਸਦੀ ਪਤਨੀ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਮਿਲ ਕੇ ਆਪਣੀ ਮਾਂ ਨੂੰ ਇੰਨਾ ਕੁ ਕੁੱਟਿਆ ਕਿ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਫੌਰੈਂਸਿਕ ਰਿਪੋਰਟ ‘ਚ ਦੱਸਿਆ ਗਿਆ ਕਿ ਮੌਤ ਵੇਲੇ ਬਜ਼ੁਰਗ ਔਰਤ ਦਾ ਭਾਰ ਸਿਰਫ 29 ਕਿਲੋ ਸੀ। ਨੂੰਹ-ਪੁੱਤ ਨੇ ਬਜ਼ੁਰਗ ਔਰਤ ਦੀ ਸੱਜੀ ਅੱਖ ਦੀ ਪੁਤਲੀ ਤਕ ਕੱਢ ਦਿੱਤੀ ਸੀ। ਫਿਲਹਾਲ ਪੁਲਿਸ ਨੇ ਦੋਹਾਂ ਨੂੰ ਹਿਰਾਸਤ ‘ਚ ਲੈ ਲਿਆ ਹੈ ਤੇ ਉਹ ਜੇਲ੍ਹ ‘ਚ ਹਨ। ਅਦਾਲਤ ਦੀ ਸੁਣਵਾਈ 3 ਜੁਲਾਈ ਤੱਕ ਟਲ ਗਈ ਹੈ ਤੇ ਉਦੋਂ ਤਕ ਦੋਹਾਂ ਦੋਸ਼ੀਆਂ ਨੂੰ ਜੇਲ ‘ਚ ਰਹਿਣਾ ਪਵੇਗਾ।

ਪੁਲਿਸ ਨੂੰ ਬਜ਼ੁਰਗ ‘ਤੇ ਤਸ਼ੱਦਦ ਕਰਨ ਦੀ ਸੂਚਨਾ ਜੋੜੇ ਦੇ ਫਲੈਟ ਕੋਲ ਰਹਿਣ ਵਾਲੀ 54 ਸਾਲਾ ਔਰਤ ਨੇ ਦਿੱਤੀ। ਜੋੜੇ ਖਿਲਾਫ ਅਲ ਕੁਸਾਇਸ ਪੁਲਿਸ ਸਟੇਸ਼ਨ ‘ਚ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ 29 ਸਾਲਾ ਭਾਰਤੀ ਵਿਅਕਤੀ ਨੇ ਦੋਸ਼ਾਂ ਨੂੰ ਖਾਰਜ ਕੀਤਾ ਹੈ। ਗੁਆਂਢਣ ਦਾ ਕਹਿਣਾ ਹੈ ਕਿ ਭਾਰਤੀ ਵਿਅਕਤੀ ਦੀ ਨੌਕਰੀਪੇਸ਼ਾ ਪਤਨੀ ਉਨ੍ਹਾਂ ਦੇ ਫਲੈਟ ‘ਚ ਆਪਣੀ ਧੀ ਨੂੰ ਛੱਡ ਕੇ ਜਾਂਦੀ ਸੀ । ਉਹ ਉਨ੍ਹਾਂ ਨੂੰ ਕਹਿੰਦੀ ਸੀ ਕਿ ਉਸ ਦੀ ਸੱਸ ਭਾਰਤ ਤੋਂ ਆਈ ਹੈ ਪਰ ਉਹ ਉਸ ਦੀ ਧੀ ਦਾ ਖਿਆਲ ਨਹੀਂ ਰੱਖਦੀ।

ਗੁਆਂਢਣ ਨੇ ਦੱਸਿਆ ਕਿ ਇਕ ਦਿਨ ਉਸ ਨੇ ਬਜ਼ੁਰਗ ਔਰਤ ਨੂੰ ਫਲੈਟ ਦੀ ਬਾਲਕਨੀ ‘ਚ ਪਿਆ ਦੇਖਿਆ। ਉਸ ਦੇ ਸਰੀਰ ‘ਤੇ ਕੱਪੜੇ ਤਕ ਨਹੀਂ ਸਨ ਅਤੇ ਉਸ ਦੇ ਸਰੀਰ ‘ਤੇ ਸਾੜੇ ਜਾਣ ਦੇ ਕਈ ਨਿਸ਼ਾਨ ਸਨ ਅਤੇ ਉਹ ਦਰਦ ਨਾਲ ਤੜਫ ਰਹੀ ਸੀ। ਇਸ ਦੀ ਖਬਰ ਉਸ ਨੇ ਸੁਰੱਖਿਆ ਗਾਰਡਾਂ ਨੂੰ ਦਿੱਤੀ। ਇਸ ਦੇ ਬਾਅਦ ਐਂਬੂਲੈਂਸ ਨੂੰ ਸੱਦਿਆ ਗਿਆ। ਪੁੱਤ ਤੇ ਨੂੰਹ ਐਂਬੂਲੈਂਸ ‘ਚ ਨਹੀਂ ਗਏ ਅਤੇ ਡਾਕਟਰ ਦੇ ਸੱਦਣ ‘ਤੇ ਪੁੱਤ ਹਸਪਤਾਲ ‘ਚ ਗਿਆ। ਬਜ਼ੁਰਗ ਔਰਤ ਦੀ ਇੱਥੇ ਹੀ ਮੌਤ ਹੋ ਗਈ।

ਰਿਪੋਰਟ ‘ਚ ਪਤਾ ਲੱਗਿਆ ਹੈ ਕਿ ਵੱਖ-ਵੱਖ ਚੀਜ਼ਾਂ ਨਾਲ ਉਸ ਨੂੰ ਕੁੱਟਿਆ ਗਿਆ। ਉਸ ਦੇ ਸਰੀਰ ਦੇ ਅੰਦਰੂਨੀ ਹਿੱਸਿਆਂ ‘ਚ ਖੂਨ ਵਗਣ ਦੀ ਗੱਲ ਵੀ ਰਿਪੋਰਟ ‘ਚ ਕਹੀ ਗਈ। ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਲਗਾਤਾਰ ਭੁੱਖੀ ਵੀ ਰੱਖਿਆ ਗਿਆ, ਇਸੇ ਕਾਰਨ ਉਸ ਦਾ ਭਾਰ ਇੰਨਾ ਘੱਟ ਰਹਿ ਗਿਆ ਸੀ। ਪੁੱਤ ਦਾ ਦਾਅਵਾ ਹੈ ਕਿ ਉਸ ਦੀ ਮਾਂ ਉੱਪਰ ਗਰਮ ਪਾਣੀ ਰੁੜ ਗਿਆ ਸੀ। ਫਿਲਹਾਲ 3 ਜੁਲਾਈ ਨੂੰ ਅਦਾਲਤ ਇਸ ਕੇਸ ‘ਤੇ ਮੁੜ ਸੁਣਵਾਈ ਹੋਵੇਗੀ।

Facebook Comments
Facebook Comment